26 ਅਪਰੈਲ, 2025 – ਮੁਕੇਰੀਆਂ : ਨਗਰ ਕੌਂਸਲ ਵੱਲੋਂ ਕਥਿਤ ਕਮਿਸ਼ਨ ਖਾਤਿਰ ਕਰੀਬ ਸਾਲ ਪਹਿਲਾਂ ਖਰੀਦੇ ਚਾਰ ਛੋਟੇ ਹਾਥੀ ਕੌਂਸਲ ਵੱਲੋਂ ਡਰਾਈਵਰ ਭਰਤੀ ਨਾ ਕਰਨ ਕਰਕੇ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਸ਼ਹਿਰ ਦੇ ਉੱਘੇ ਸਮਾਜ ਸੇਵੀ ਰਾਜੇਸ਼ ਰੱਤੂ ਨੇ ਇੱਕ ਵੀਡੀਓ ਜਾਰੀ ਕਰਕੇ ਨਗਰ ਕੌਂਸਲ ਪ੍ਰਧਾਨ ਦੋਸ਼ ਲਗਾਏ ਹਨ ਕਿ ਜਨਤਕ ਫੰਡਾਂ ਦੀ ਕਰੀਬ 32 ਲੱਖ ਦੀ ਰਾਸ਼ੀ ਨਾਲ ਬੇਲੋੜੇ ਚਾਰ ਵਾਹਨ (ਛੋਟੇ ਹਾਥੀ) ਖਰੀਦਣ ਲਈ ਖਰਚ ਕਰ ਦਿੱਤੀ ਗਈ। ਉੱਧਰ ਨਗਰ ਕੌਂਸਲ ਪ੍ਰਧਾਨ ਨੇ ਵੀ ਵੀਡੀਓ ਜਾਰੀ ਕਰਕੇ ਦੋਸ਼ ਨਕਾਰੇ ਹਨ।
ਰਾਜੇਸ਼ ਰੱਤੂ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕਰੀਬ ਸਾਲ ਪਹਿਲਾਂ 32 ਲੱਖ ਦੀ ਰਾਸ਼ੀ ਨਾਲ ਚਾਰ ਛੋਟੇ ਹਾਥੀ ਸ਼ਹਿਰ ਦਾ ਕੂੜਾ ਚੁੱਕਣ ਲਈ ਖਰੀਦੇ ਸਨ, ਜਿਨ੍ਹਾਂ ਨੂੰ ਹਾਲੇ ਤੱਕ ਡਰਾਈਵਰ ਨਹੀਂ ਜੁੜੇ। ਇਸ ਕਾਰਨ ਇਹ ਵਾਹਨ ਚਿੱਟਾ ਹਾਥੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਵਲੋਂ ਲੱਖਾਂ ਰੁਪਏ ਖਰਚ ਕੇ ਖਰੀਦੀ ਫਾਇਰ ਬ੍ਰਿਗੇਡ ਲਈ ਡਰਾਈਵਰ ਨਹੀਂ ਤਾਇਨਾਤ ਕੀਤਾ ਜਾ ਸਕਿਆ। ਰਾਜੇਸ਼ ਰੱਤੂ ਨੇ ਕਿਹਾ ਕਿ ਵਾਹਨਾਂ ਦੀ ਖਰੀਦ ਕੇਵਲ ਨਗਰ ਕੌਂਸਲ ਪ੍ਰਧਾਨ ਵਲੋਂ ਆਪਣੇ ਕਮਿਸ਼ਨ ਖਾਤਰ ਕੀਤੀ ਗਈ ਅਤੇ ਇਸੇ ਕਰਕੇ ਹਾਲੇ ਤੱਕ ਡਰਾਈਵਰ ਭਰਤੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਇੱਕ ਪਾਸੇ ਕੂੜਾ ਪ੍ਰਬੰਧਨ ਦਾ ਠੇਕਾ ਨਿੱਜੀ ਠੇਕੇਦਾਰਾਂ ਨੂੰ ਦੇ ਕੇ ਕਥਿਤ ਲੱਖਾਂ ਰੁਪਏ ਖਪਾ ਰਹੇ ਹਨ, ਦੂਜੇ ਪਾਸੇ ਨਗਰ ਕੌਂਸਲ ਦੇ ਖਰੀਦੇ ਵਾਹਨ ਧੂੜ ਫੱਕ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਪ੍ਰਧਾਨ ਸਰਕਾਰੀ ਫੰਡਾਂ ਨੂੰ ਕਥਿਤ ਦੋਹੀਂ ਹੱਥੀ ਲੁੱਟ ਰਹੇ ਹਨ, ਜਿਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਫੌਜੀ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕੌਂਸਲ ਵਲੋਂ ਖਰੀਦੇ ਛੋਟੇ ਹਾਥੀ ਜਨਤਕ ਫੰਡਾਂ ਰਾਹੀਂ ਨਹੀਂ ਸਗੋਂ ਸਵੱਛ ਭਾਰਤ ਸਕੀਮ ਅਧੀਨ ਖਰੀਦੇ ਗਏ ਹਨ ਅਤੇ ਇਨ੍ਹਾਂ ਵਾਹਨਾ ਲਈ ਡਰਾਈਵਰਾਂ ਤੇ ਸਫਾਈ ਸੇਵਕਾਂ ਦੀ ਭਰਤੀ ਲਈ ਮਤਾ ਵੀ ਪਾਸ ਕੀਤਾ ਗਿਆ ਸੀ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਮਤਾ ਰੱਦ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਡਰਾਈਵਰਾਂ ਤੇ ਸਫਾਈ ਸੇਵਕਾਂ ਦੀ ਭਰਤੀ ਲਈ ਮੁੜ ਮਤਾ ਲਿਆਂਦਾ ਜਾਵੇਗਾ ਅਤੇ ਭਰਤੀ ਉਪਰੰਤ ਇਹ ਵਾਹਨ ਚਲਾਏ ਜਾਣਗੇ। ਉਨ੍ਹਾ ਦਾਅਵਾ ਕੀਤਾ ਕਿ ਨਜਾਇਜ਼ ਕਬਜਿਆਂ ਖਿਲਾਫ਼ ਕੌਂਸਲ ਦੀ ਮੁਹਿੰਮ ਜਾਰੀ ਰਹੇਗੀ।
ਨਗਰ ਕੌਂਸਲ ਦੇ ਈਓ ਰਾਮ ਪ੍ਰਕਾਸ਼ ਨੇ ਕਿਹਾ ਕਿ ਵਾਹਨਾਂ ਦੀ ਖਰੀਦ ਉਨ੍ਹਾਂ ਦੀ ਇੱਥੇ ਜੁਆਇੰਨਿਗ ਤੋਂ ਪਹਿਲਾਂ ਦੀ ਹੈ ਅਤੇ ਜਲਦੀ ਵਾਹਨਾਂ ਲਈ ਡਰਾਈਵਰਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਫਾਇਰ ਬ੍ਰਿਗੇਡ ਦੇ ਡਰਾਈਵਰਾਂ ਦੀ ਭਰਤੀ ਸਰਕਾਰ ਪੱਧਰ ’ਤੇ ਕੀਤੀ ਜਾਣੀ ਹੈ, ਪਰ ਛੋਟੇ ਹਾਥੀ ਲਈ ਭਰਤੀ ਨਗਰ ਕੌਂਸਲ ਵੱਲੋਂ ਜਲਈ ਕਰ ਲਈ ਜਾਵੇਗੀ।
ਪੰਜਾਬੀ ਟ੍ਰਿਬਯੂਨ
test