04 ਅਪਰੈਲ, 2025 – ਬਠਿੰਡਾ : ਸਰਕਾਰੀ ਬੱਸਾਂ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਲਈ ਸਰਕਾਰ ’ਤੇ ਦਬਾਅ ਬਣਾਉਣ ਦੇ ਮਕਸਦ ਨਾਲ ਅੱਜ 10 ਤੋਂ 12 ਵਜੇ ਤੱਕ ਦੋ ਘੰਟੇ ਲਈ ਬੱਸ ਅੱਡੇ ਦੇ ਗੇਟ ’ਤੇ ਧਰਨਾ ਲਾਇਆ। ਧਰਨੇ ਦੌਰਾਨ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਬੱਸ ਨੂੰ ਨਾ ਤਾਂ ਅੱਡੇ ਦੇ ਅੰਦਰ ਅਤੇ ਨਾ ਹੀ ਬਾਹਰ ਜਾਣ ਦਿੱਤਾ ਗਿਆ। ਧਰਨੇ ਕਾਰਨ ਬੱਸ ਅੱਡੇ ਦੇ ਗੇਟ ਨੇੜਲੇ ਚੌਕ ’ਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਅਤੇ ਲੋਕਾਂ ਨੂੰ ਘੰਟਿਆਂਬੱਧੀ ਜਾਮ ’ਚ ਫਸਣ ਲਈ ਮਜਬੂਰ ਹੋਣਾ ਪਿਆ। ਚੌਕ ਵੱਲ ਆਉਂਦੀਆਂ ਸਾਰੀਆਂ ਸੜਕਾਂ ’ਤੇ ਕਈ-ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਨਤੀਜੇ ਵਜੋਂ ਆਪਣੇ ਕੰਮ ਧੰਦੇ ਲਈ ਆਏ ਲੋਕ ਖੁਆਰ ਹੋਏ। ਇਸੇ ਤਰ੍ਹਾਂ ਬੱਸਾਂ ਵੀ ਬੱਸ ਅੱਡੇ ਦੇ ਬਾਹਰੋ-ਬਾਹਰ ਸੜਕਾਂ ’ਤੇ ਖੜ੍ਹੀਆਂ ਕੇ ਹੀ ਸਵਾਰੀਆਂ ਉਤਾਰਦੀਆਂ ਅਤੇ ਚੜ੍ਹਾਉਂਦੀਆਂ ਰਹੀਆਂ, ਨਤੀਜਨ ਸਵਾਰੀਆਂ ਦੀ ਪ੍ਰੇਸ਼ਾਨੀ ਦਾ ਵੀ ਕੋਈ ਅੰਤ ਨਹੀਂ ਸੀ ਅਤੇ ਉਹ ਬੁੜ-ਬੁੜ ਕਰ ਕੇ ਧਰਨਕਾਰੀਆਂ ਨੂੰ ਕੋਸਦੀਆਂ ਰਹੀਆਂ। ਯੂਨੀਅਨ ਦੇ ਆਗੂਆਂ ਕੁਲਵੰਤ ਸਿੰਘ ਮਨੇਸ, ਰਵਿੰਦਰ ਸਿੰਘ ਬਰਾੜ, ਹਰਤਾਰ ਸ਼ਰਮਾ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਮੰਗਾਂ ਦੇ ਹੱਲ ਲਈ ਕਮੇਟੀ ਗਠਿਤ ਕੀਤੀ ਗਈ ਸੀ ਪਰ ਮੈਨੇਜਮੈਂਟ ਦੀ ਨੀਤ ਵਿੱਚ ਫ਼ਰਕ ਹੈ। ਆਗੂਆਂ ਨੇ ਖੁਲਾਸਾ ਕੀਤਾ ਕਿ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋ ਗਈ ਹੈ ਅਤੇ ਇਸ ਲਈ 7, 8 ਤੇ 9 ਅਪਰੈਲ ਦਾ ਬੱਸਾਂ ਦਾ ਚੱਕਾ ਜਾਮ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਬੁਢਲਾਡਾ ’ਚ ਪੀਆਰਟੀਸੀ ਦੇ ਡਿੱਪੂ ਦਾ ਗੇਟ ਬੰਦ ਕਰਕੇ ਲਾਏ ਗਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਯੂਨੀਅਨ ਦੇ ਆਗੂ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਰਪੋਰੇਸ਼ਨ ਪਿਛਲੇ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲਾਗੂ ਨਾ ਕਰਕੇ ਡੰਗ ਟਪਾਊ ਨੀਤੀ ਤਹਿਤ ਕੰਮ ਕਰ ਰਿਹਾ ਹੈ। ਜਥੇਬੰਦੀ ਦੇ ਸੂਬਾ ਆਗੂ ਰਾਜਵੀਰ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਲੋਮੀਟਰ ਸਕੀਮ ਬੱਸਾਂ ਨੇ, ਜੋ ਮਹਿਕਮੇ ਨੂੰ ਚੂਨਾ ਲਾ ਰਹੀਆਂ ਹਨ, ਉਹ ਵੀ ਮਹਿਕਮਾ ਕਿਲੋਮੀਟਰ ਗੱਡੀਆਂ ਪੂਰਨ ਤੌਰ ’ਤੇ ਵੱਡੇ ਪੱਧਰ ਉਪਰ ਪਾ ਰਿਹਾ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਵਿਧਾਨ ਸਭਾ ਵਿੱਚ ਜੋਂ ਬਜਟ ਪੇਸ਼ ਕੀਤਾ ਗਿਆ, ਉਸ ਵਿੱਚ ਟਰਾਂਸਪੋਰਟ ਵਿਭਾਗ ਲਈ ਕੋਈ ਸਪੈਸ਼ਲ ਬਜਟ ਨਹੀਂ ਰੱਖਿਆ, ਨਾ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਕੋਈ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਇਕ ਡੇਢ ਮਹੀਨਾ ਪਹਿਲਾਂ ਮੰਗ ਪੱਤਰ (ਨੋਟਿਸ) ਦੇਕੇ ਸਾਰੇ ਸੰਘਰਸ਼ਾਂ ਪ੍ਰਤੀ ਜਾਣੂ ਕਰਵਾਇਆ ਹੈ ਪਰ ਸਰਕਾਰ ਵੱਲੋਂ ਮੀਟਿੰਗ ਬੁਲਾਕੇ ਕੋਈ ਹੱਲ ਨਹੀਂ ਕੀਤਾ ਜਾਂਦਾ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਰੋਡਵੇਜ਼ ਕਾਮਿਆਂ ਵੱਲੋਂ ਮੁਕਤਸਰ ਦਾ ਬੱਸ ਅੱਡਾ ਦੋ ਘੰਟਿਆਂ ਲਈ ਬੰਦ ਕਰਕੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁਜ਼ਾਹਰਾ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਟਰਾਂਸਪੋਰਟ ਮੰਤਰੀ ਖ਼ਿਲਾਫ਼ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਵੇਲੇ ਅਤੇ ਸਰਕਾਰ ਬਣਨ ਤੋਂ ਬਾਅਦ ਵਾਅਦਾ ਕੀਤਾ ਸੀ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਪਰ ਹੁਣ ਉਹ ਗੱਲ ਕਰਨ ਤੋਂ ਵੀ ਇਨਕਾਰੀ ਹਨ।
ਪੁਲੀਸ ਮੁਲਾਜ਼ਮ ਵੱਲੋਂ ਸ਼ਨਾਖਤੀ ਕਾਰਡ ਨਾ ਦਿਖਾਉਣ ’ਤੇ ਜਾਮ ਲਾਇਆ
ਮਮਦੋਟ (ਜਸਵੰਤ ਸਿੰਘ ਥਿੰਦ): ਖਾਈ ਫੇਮੇ ਕੀ ਨੇੜਲੇ ਟੀ ਪੁਆਇੰਟ ’ਤੇ ਸਵੇਰੇ ਕਰੀਬ ਸਾਢੇ ਸੱਤ ਵਜੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਗਿਆ| ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦਾ ਇੱਕ ਮੁਲਾਜ਼ਮ ਫਿਰੋਜ਼ਪੁਰ ਰੋਡਵੇਜ਼ ਦੀ ਬੱਸ ਵਿੱਚ ਸਫਰ ਕਰ ਰਿਹਾ ਸੀ ਅਤੇ ਕੰਡਕਟਰ ਵੱਲੋਂ ਸ਼ਨਾਖਤੀ ਕਾਰਡ ਪੁੱਛਣ ’ਤੇ ਪੁਲੀਸ ਮੁਲਾਜ਼ਮ ਭੜਕ ਪਿਆ, ਜਿਸ ਕਾਰਨ ਦੋਵਾਂ ਵਿਚਕਾਰ ਤਕਰਾਰ ਹੋ ਗਿਆ। ਇਸ ’ਤੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਨੇ ਸੜਕ ’ਤੇ ਜਾਮ ਲਗਾ ਦਿੱਤਾ। ਮਮਦੋਟ ਦੇ ਥਾਣਾ ਮੁਖੀ ਅਭਿਨਵ ਚੌਹਾਨ ਨੇ ਕਿਹਾ ਕਿ ਮਸਲੇ ਦਾ ਹੱਲ ਕਰਵਾ ਦਿੱਤਾ ਗਿਆ ਹੈ ਅਤੇ ਆਵਾਜਾਈ ਬਹਾਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਡਕਟਰ ਵੱਲੋਂ ਸ਼ਨਾਖਤੀ ਕਾਰਡ ਮੰਗੇ ਜਾਣ ’ਤੇ ਦੋਵਾਂ ’ਚ ਤਕਰਾਰ ਹੋਈ ਸੀ।
ਪੰਜਾਬੀ ਟ੍ਰਿਬਯੂਨ
test