ਥਾਲੀਆਂ ਖੜਕਾ ਕੇ ਗਰੇਡ ਪੇਅ ਮੰਗਿਆ; ਸਿਹਤ ਵਿਭਾਗ ਦਾ ਅਮਲਾ ਤੇ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਵੀ ਮਾਰਚ ’ਚ ਸ਼ਾਮਲ ਹੋਏ
01 ਅਪ੍ਰੈਲ 2026 – ਐੱਸਏਐੱਸ ਨਗਰ (ਮੁਹਾਲੀ) ; ਯੂਨਾਈਟਿਡ ਨਰਸਿਜ਼ ਐਸੋਸੀਏਸ਼ਨ ਆਫ਼ ਪੰਜਾਬ ਦੀ ਅਗਵਾਈ ਵਿਚ ਪੰਜਾਬ ਦੇ ਮੈਡੀਕਲ ਕਾਲਜਾਂ ਦੇ ਨਰਸਿੰਗ ਸਟਾਫ਼ ਵਲੋਂ 4600 ਗ੍ਰੇਡ ਪੇਅ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ ਛੇ ਦਿਨਾਂ ਤੋਂ ਚੱਲ ਰਹੀ ਕੰਮ ਛੱਡੋ ਹੜਤਾਲ ਅੱਜ ਛੇਵੇਂ ਦਿਨ ਵੀ ਜਾਰੀ ਰਹੀ। ਮੁਹਾਲੀ ਦੇ ਏਮਜ਼ ਵਿੱਚ ਵੀ ਮੈਡੀਕਲ ਕਾਲਜ ਦੇ ਨਰਸਿੰਗ ਸਟਾਫ਼ ਵੱਲੋਂ ਅੱਜ ਥਾਲੀਆਂ ਖੜਕਾ ਕੇ ਸਮੁੱਚੇ ਅਹਾਤੇ ਵਿਚ ਰੋਸ ਮਾਰਚ ਕੱਢਿਆ ਗਿਆ। ਨਰਸਿੰਗ ਸਟਾਫ਼ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਲਿਖੇ ਪੋਸਟਰ ਹੱਥਾਂ ਵਿਚ ਚੁੱਕੇ ਹੋਏ ਸਨ। ਉਨ੍ਹਾਂ ਆਪਣੀਆਂ ਮੰਗਾਂ ਦੇ ਹੱਕ ਅਤੇ ਸਰਕਾਰ ਦੇ ਅੜੀਅਲ ਵਤੀਰੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਧਰਨਾਕਾਰੀ ਸਟਾਫ਼ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ 5-6 ਸਾਲਾਂ ਤੋਂ 4600 ਗਰੇਡ ਪੇਅ ਸਕੇਲ ਦੇਣ ਦੀ ਮੰਗ ਨੂੰ ਵਾਅਦਾ ਕਰਨ ਦੇ ਬਾਵਜੂਦ ਪੂਰਾ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਨਰਸਿੰਗ ਸਟਾਫ਼ ਦੀ ਇੱਕੋ-ਇੱਕ ਹੱਕੀ ਮੰਗ ਪ੍ਰਵਾਨ ਕਰਨ ਦੀ ਥਾਂ ਉਨ੍ਹਾਂ ਉੱਤੇ ਐਸਮਾ ਵਰਗੇ ਐਕਟ ਲਾ ਕੇ ਉਨ੍ਹਾਂ ਦਾ ਰੁਜ਼ਗਾਰ ਖੋਹਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਮੈਡੀਕਲ ਕਾਲਜਾਂ ਦਾ ਨਰਸਿੰਗ ਸਟਾਫ਼ ਪੂਰੀ ਤਰਾਂ ਇੱਕਜੁੱਟ ਹੈ ਅਤੇ ਆਪਣੀ ਹੱਕੀ ਮੰਗ ਲਈ ਆਰ-ਪਾਰ ਦੀ ਲੜਾਈ ਲੜੇਗਾ। ਧਰਨਾਕਾਰੀ ਨਰਸਿੰਗ ਸਟਾਫ਼ ਨੇ ਦੱਸਿਆ ਕਿ ਮੁਹਾਲੀ ਦੇ ਮੈਡੀਕਲ ਕਾਲਜ ਦੇ ਨਰਸਿੰਗ ਸਟਾਫ਼ ਦੇ ਲਗਪਗ 110 ਮੈਂਬਰ ਪਹਿਲੇ ਦਿਨ ਤੋਂ ਹੀ ਕੰਮ ਛੱਡੋ ਹੜਤਾਲ ’ਤੇ ਹਨ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਵਿਚ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਹੋਈਆਂ ਤਾਂ ਪੰਜਾਬ ਭਰ ਦੇ ਨਰਸਿੰਗ ਸਟਾਫ਼ ਕੰਮ ਦਾ ਮੁਕੰਮਲ ਬਾਈਕਾਟ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।
ਪੰਜਾਬੀ ਟ੍ਰਿਬਯੂਨ