ਦੋ ਬਾਈਕ ਸਵਾਰਾਂ ਨੇ ਵੱਡੇ ਤੜਕੇ ਚਲਾਈਆਂ ਗੋਲੀਆਂ; ਫੇਜ਼ 7 ਪੁਲੀਸ ਥਾਣੇ ਦੇ ਪਿਛਲੇ ਪਾਸੇ ਹੋਈ ਫਾਇਰਿੰਗ
07 ਨਵੰਬਰ, 2025 – ਮੁਹਾਲੀ : ਦੋ ਬਾਈਕ ਸਵਾਰਾਂ ਨੇ ਸ਼ੁੱਕਰਵਾਰ ਵੱਡੇ ਤੜਕੇ ਇਥੇ ਸੱਤ ਫੇਜ਼ ਵਿਚ ਇਕ ਘਰ ਦੇ ਬਾਹਰ 35 ਰੌਂਦ ਫਾਇਰ ਕੀਤੇ। ਫਾਇਰਿੰਗ ਦੌਰਾਨ ਘਰ ਦੇ ਬਾਹਰ ਖੜ੍ਹੀਆਂ ਤਿੰਨ ਕਾਰਾਂ ਨੁਕਸਾਨੀਆਂ ਗਈਆਂ। ਇਹ ਘਟਨਾ ਫੇਜ਼-7 ਪੁਲੀਸ ਥਾਣੇ ਅਤੇ ਫੇਜ਼-7 ਵਿੱਚ ਐਨਆਰਆਈ ਪੁਲੀਸ ਸਟੇਸ਼ਨ ਦੇ ਪਿਛਲੇ ਪਾਸੇ ਵਾਪਰੀ।
ਸ਼ਿਕਾਇਤਕਰਤਾ ਮਨਿੰਦਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਦਿਖਾਈ ਦਿੱਤੇ, ਜੋ ਘਰ ਦੇ ਬਾਹਰ ਲਗਪਗ 40 ਸਕਿੰਟਾਂ ਤੱਕ ਰੁਕ ਕੇ ਗੋਲੀਆਂ ਚਲਾਉਂਦੇ ਰਹੇ ਅਤੇ ਫਿਰ ਮੌਕੇ ਤੋਂ ਭੱਜ ਗਏ। ਫਾਇਰਿੰਗ ਵਿੱਚ ਗੁਆਂਢੀਆਂ ਦੀਆਂ ਤਿੰਨ ਕਾਰਾਂ ਨੂੰ ਨੁਕਸਾਨ ਪਹੁੰਚਿਆ।
ਸੇਵਾਮੁਕਤ ਸਰਕਾਰੀ ਕਰਮਚਾਰੀ ਮਨਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ। ਘਰ ਦੇ ਮਾਲਕ ਨੇ ਪੁਲੀਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹੁਣ ਤੱਕ ਕੋਈ ਧਮਕੀ ਜਾਂ ਫਿਰੌਤੀ ਦਾ ਫੋਨ ਨਹੀਂ ਆਇਆ ਹੈ।
ਪੰਜਾਬੀ ਟ੍ਰਿਬਯੂਨ