ਥਾਣੇ ਅੰਦਰ ਹੀ ਲਾਇਆ ਧਰਨਾ; ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਦਿੱਤਾ ਸਮਰਥਨ
23 ਮਾਰਚ, 2026 – ਫਾਜ਼ਿਲਕਾ : ਮੁੱਖ ਮੰਤਰੀ ਭਗਵੰਤ ਮਾਨ ਦੀ ਜਲਾਲਾਬਾਦ ਫੇਰੀ ਦੌਰਾਨ ਰੋਸ ਪ੍ਰਗਟ ਕਰਨ ਪਹੁੰਚੀਆਂ ਕਰੀਬ 200 ਆਸ਼ਾ ਵਰਕਰਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਥਾਣਾ ਸਦਰ ਜਲਾਲਾਬਾਦ ਵਿੱਚ ਡੱਕ ਦਿੱਤਾ। ਇਨ੍ਹਾਂ ਵਰਕਰਾਂ ਨੇ ਥਾਣੇ ਨੂੰ ਹੀ ਸੰਘਰਸ਼ ਦਾ ਮੈਦਾਨ ਬਣਾ ਲਿਆ ਅਤੇ ਕਈ ਘੰਟਿਆਂ ਤੋਂ ਗੈਲਰੀ ਵਿੱਚ ਬੈਠ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੀਆਂ ਹਨ।
ਆਲ ਇੰਡੀਆ ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰਜ਼ ਯੂਨੀਅਨ (ਏਟਕ) ਦੀ ਜ਼ਿਲ੍ਹਾ ਪ੍ਰਧਾਨ ਦੁਰਗਾ ਦੇਵੀ ਅਤੇ ਸਕੱਤਰ ਨੀਲਮ ਰਾਣੀ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਨੇ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ। ਪਰ ਅੱਜ ਮੀਟਿੰਗ ਕਰਵਾਉਣ ਦੀ ਬਜਾਏ ਪੁਲੀਸ ਨੇ ਵਰਕਰਾਂ ਨੂੰ ਜਬਰੀ ਚੁੱਕ ਕੇ ਥਾਣੇ ਬੰਦ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਰਿੰਦਰ ਢੰਡੀਆਂ, ਐਡਵੋਕੇਟ ਪਰਮਜੀਤ ਢਾਬਾਂ, ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਸਰੋਜ ਰਾਣੀ ਅਤੇ ਹੋਰ ਜਥੇਬੰਦੀਆਂ ਦੇ ਆਗੂ ਸਮਰਥਨ ਲਈ ਥਾਣੇ ਪਹੁੰਚ ਗਏ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਵਿਧਾਇਕ ਜਗਦੀਪ ਕੰਬੋਜ ਗੋਲਡੀ ਖੁਦ ਆ ਕੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤੈਅ ਨਹੀਂ ਕਰਦੇ, ਉਹ ਥਾਣੇ ’ਚੋਂ ਨਹੀਂ ਹਿੱਲਣਗੇ। ਮਾਰਕੀਟ ਕਮੇਟੀ ਚੇਅਰਮੈਨ ਦੇਵ ਰਾਜ ਸ਼ਰਮਾ ਨੇ ਵਿਧਾਇਕ ਨਾਲ ਫੋਨ ’ਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਵਰਕਰਾਂ ਨੇ ਇਨਕਾਰ ਕਰ ਦਿੱਤਾ।
ਪੰਜਾਬੀ ਟ੍ਰਿਬਯੂਨ