17 ਜਨਵਰੀ, 2026 – ਸ਼੍ਰੀ ਮੁਕਤਸਰ ਸਾਹਿਬ : ਇੱਥੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਕਲਚਰਲ ਅਤੇ ਹੈਰੀਟੇਜ ਸੁਸਾਇਟੀ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਕਰਵਾਏ ਜਾ ਰਹੇ ‘ਮੇਲਾ ਜਾਗਦੇ ਜੁਗਨੂੰਆਂ ਦਾ’ ਦੇ ਤੀਜੇ ਦਿਨ ਦੀ ਸ਼ਾਮ ਮਨਪਾਲ ਟਿਵਾਣਾ ਦੇ ਨਾਟਕ ‘ਮਿੱਤਰ ਪਿਆਰੇ ਨੂੰ’ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
ਇਸ ਦੌਰਾਨ ਫਿਲਮੀ ਅਦਾਕਾਰਾ ਨਿਰਮਲ ਰਿਸ਼ੀ ਅਤੇ ਸਾਥੀ ਕਲਾਕਾਰਾਂ ਨੇ ਨਾਟਕ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ’ਤੇ ਚਾਨਣਾ ਪਾਇਆ। ਮੇਲੇ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਲਾਕਾਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਸਮਾਗਮ ਲੋਕਾਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਜਾਰੀ ਰਹਿਣੇ ਚਾਹੀਦੇ ਹਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਪੁਸਤਕ ਪ੍ਰਦਰਸ਼ਨੀਆਂ ਤੇ ਪੰਜਾਬੀ ਭੋਜਨ ਜਿਨ੍ਹਾਂ ’ਚ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ, ਘੁਲਾੜੇ ਦੇ ਗੁੜ ਅਤੇ ਸ਼ਹਿਦ ਤੋਂ ਤਿਆਰ ਵਸਤਾਂ ਦਾ ਆਨੰਦ ਮਾਣਿਆ। ਉਨ੍ਹਾਂ ਮੇਲਾ ਜਾਗਦੇ ਜੁਗਨੂੰਆਂ ਦਾ ਵੈੱਲਫੇਅਰ ਸੁਸਾਇਟੀ ਦੀ ਸ਼ਲਾਘਾ ਕੀਤੀ। ਇਸ ਮੌਕੇ ਐੱਸ ਐੱਸ ਪੀ ਅਭਿਮੰਨਿਊ ਰਾਣਾ ਵੀ ਹਾਜ਼ਰ ਸਨ।
ਮੇਲੇ ਵਿੱਚ ਕਸ਼ਮੀਰ ਦੇ ਸੁੱਕੇ ਮੇਵੇ ਅਤੇ ਕਸ਼ਮੀਰੀ ਕਾਹਵਾ ਦੀ ਵੀ ਕਾਫ਼ੀ ਮੰਗ ਰਹੀ। ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਵਿਰਾਸਤੀ ਬੂਟਿਆਂ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਬੀਜ ਅਤੇ ਬੂਟੇ ਮੁਫ਼ਤ ਵੰਡੇ ਗਏ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀ ਸਟਾਲ ਲਗਾਏ ਗਏ ਜਿਸ ਵਿੱਚ ਕਾਨੂੰਨੀ ਸਲਾਹ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐੱਸ ਡੀ ਐੱਮ ਬਲਜੀਤ ਕੌਰ, ਜ਼ਿਲ੍ਹਾ ਭਲਾਈ ਅਫਸਰ ਜਗਮੋਹਨ ਸਿੰਘ ਮਾਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ