ਆਨਲਾਈਨ ਸੇਵਾਵਾਂ ਬਾਅਦ ਵੀ ਭ੍ਰਿਸ਼ਟਾਚਾਰ ਤੋਂ ਮੁਕਤ ਨਾ ਹੋ ਸਕੇ ਆਰ ਟੀ ਓ ਦਫ਼ਤਰ
22 ਜਨਵਰੀ, 2026 – ਮੋਗਾ : ਪੰਜਾਬ ਸਰਕਾਰ ਨੇ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਅਤੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਲਈ ਆਰ ਟੀ ਓ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਪਰ ਜ਼ਮੀਨੀ ਹਕੀਕਤ ਉਨ੍ਹਾਂ ਲੋਕਾਂ ਨੂੰ ਪਤਾ ਜਿਨ੍ਹਾਂ ਦਾ ਇਨ੍ਹਾਂ ਦਫ਼ਤਰਾਂ ਨਾਲ ਵਾਹ ਪੈ ਚੁੱਕਾ ਹੈ। ਇੱਥੇ ਆਰ ਟੀ ਓ ਦਫ਼ਤਰ ਵਿੱਚ ਲੋਕ ਆਪਣੇ ਕੰਮਾਂ ਲਈ ਮਹੀਨਾਬੱਧੀ ਅਤੇ ਕਈ ਸਾਲ ਤੋਂ ਵੱਧ ਸਮੇਂ ਤੋਂ ਚੱਕਰ ਮਾਰ ਕੇ ਏਜੰਟਾਂ ਰਾਹੀਂ ਕੰਮ ਕਰਵਾਉਣ ਲਈ ਮਜਬੂਰ ਹਨ।
ਇੱਥੇ ਤਾਲਿਬ ਨੇ ਦੱਸਿਆ ਕਿ ਉਸ ਨੇ ਰਜਿਸਟਰੇਸ਼ਨ ਤੋਂ ਕਰਜ਼ੇ ਦੀ ਮੋਹਰ ਕਟਵਾਉਣ ਲਈ 7 ਅਗਸਤ 2025 ਨੂੰ ਕਾਪੀ ਜਮ੍ਹਾਂ ਕਰਵਾਈ ਸੀ। ਇਸ ਤਰ੍ਹਾਂ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਅਕਤੂਬਰ 2025 ਅਤੇ ਹਰਪ੍ਰੀਤ ਸਿੰਘ ਨੇ ਸਤੰਬਰ 2025 ’ਚ ਗੱਡੀ ਖਰੀਦੀ ਸੀ ਤੇ ਰਜਿਸਟਰੇਸ਼ਨ ਆਪਣੇ ਨਾਮ ਕਰਵਾਉਣ ਲਈ ਇੱਥੇ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਉਹ ਕਈ ਮਹੀਨਿਆਂ ਤੋਂ ਕੰਮ ਲਈ ਚੱਕਰ ਮਾਰ ਹਨ ਪਰ ਹਰ ਵਾਰ ਕੋਈ ਬਹਾਨਾ ਬਣਾ ਕੇ ਮੋੜ ਦਿੱਤਾ ਜਾਂਦਾ ਹੈ। ਲੋਕਾਂ ਦਾ ਦਾਅਵਾ ਹੈ ਕਿ ਇੱਥੇ ਆਮ ਲੋਕਾਂ ਦੀ ਬਜਾਏ ਏਜੰਟਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਜੇ ਕੋਈ ਵਿਅਕਤੀ ਸਿੱਧਾ ਕੰਮ ਲਈ ਚਲਾ ਵੀ ਜਾਵੇ ਤਾਂ ਉਸ ਨੂੰ ਏਜੰਟ ਕੋਲ ਕਾਗਜ਼ ਚੈੱਕ ਕਰਵਾਉਣ ਬਹਾਨੇ ਭੇਜ ਦਿੱਤਾ ਜਾਂਦਾ ਹੈ। ਛੋਟੇ ਤੋਂ ਛੋਟਾ ਕੰਮ ਵੀ ਏਜੰਟ ਰਾਹੀਂ ਹੁੰਦਾ ਹੈ। ਸਥਾਨਕ ਆਰ ਟੀ ਓ ਦਫ਼ਤਰ ’ਚ ਇੱਕ ਸਫ਼ਾਈ ਸੇਵਕ ਦੀਆਂ ਪੌਂ ਬਾਰਾਂ ਦੱਸੀਆਂ ਜਾਂਦੀਆਂ ਹਨ। ਉਹ ਦਫ਼ਤਰ ਦੀ ਸਫ਼ਾਈ ਦੀ ਥਾਂ ਲੈਣ ਦੇਣ ਤੇ ਹੋਰ ਦਫ਼ਤਰੀ ਕੰਮ ਤੋਂ ਇਲਾਵਾ ਖੇਤਰੀ ਸੜਕਾਂ ਉੱਤੇ ਵਾਹਨਾਂ ਦੀ ਚੈਕਿੰਗ ਵੇਲੇ ਮੌਜੂਦ ਹੁੰਦਾ ਹੈ ਜਦੋਂਕਿ ਦਫ਼ਤਰ ਦੀ ਸਫ਼ਾਈ ਦਾ ਮੰਦੜਾ ਹਾਲ ਹੈ।
ਇੱਥੇ ਪਿੰਡ ਸਿੰਘਾਂਵਾਲਾ ਸਥਿਤ ਡਰਾਈਵਿੰਗ ਟਰੈਕ ਉੱਤੇ ਕਾਨੂੰਨ ਅਨੁਸਾਰ ਟੈਸਟ ਕਲੀਅਰ ਨਹੀਂ ਕਰਵਾਏ ਜਾਂਦੇ ਬਲਕਿ ਏਜੰਟਾਂ ਰਾਹੀਂ ਦੋਪਹੀਆ ਵਾਹਨ ਲਈ 500 ਰੁਪਏ ਅਤੇ ਚਾਰਪਹੀਆ ਵਾਹਨ ਲਈ 1500 ਰੁਪਏ ਵੱਢੀ ਲੈ ਕੇ ਬਿਨਾਂ ਟੈਸਟ ਡਰਾਈਵਿੰਗ ਟੈਸਟ ਪਾਸ ਕਰਵਾ ਦਿੱਤਾ ਜਾਂਦਾ ਹੈ। ਹਾਲਾਂਕਿ ਪ੍ਰਾਰਥੀ ਕੰਪਿਊਟਰ ਸਾਹਮਣੇ ਕੁਰਸੀ ’ਤੇ ਬੈਠ ਜਾਂਦਾ ਹੈ ਅਤੇ ਉਥੇ ਅਮਲਾ ਖੁਦ ਡਰਾਈਵਿੰਗ ਲਾਇਸੈਂਸ ਨਾਲ ਸਬੰਧਤ ਸੁਆਲਾਂ ਦਾ ਜਵਾਬ ਟਿਕ ਕਰ ਦਿੰਦੇ ਹਨ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਕਿ ਪਹਿਲਾਂ ਡਰਾਈਵਿੰਗ ਟੈਸਟ ’ਚੋਂ ਫੇਲ੍ਹ ਹੋਣ ਉੱਤੇ ਤੀਜੇ ਦਿਨ ਵੱਢੀ ਲੈ ਕੇ ਪਾਸ ਕਰ ਦਿੱਤਾ ਗਿਆ। ਇਨ੍ਹਾਂ ਲਾਇਸੈਂਸਾਂ ਦੇ ਡਰਾਈਵਿੰਗ ਟੈਸਟ ਵੇਲੇ ਰਿਕਾਰਡ ਵਿੱਚ ਕਥਿਤ ਤੌਰ ਉੱਤੇ ਵਹੀਕਲ ਦਾ ਨੰਬਰ ਵੈਸੇ ਹੀ ਦਰਜ ਕਰ ਦਿੱਤਾ ਜਾਂਦਾ ਹੈ ਜੋ ਰਿਕਾਰਡ ਵਿੱਚ ਦਰਜ ਹੈ। ਇਹ ਫ਼ਰਜ਼ੀਵਾੜਾ ਆਮ ਤੌਰ ਉੱਤੇ ਚਾਰ ਪਹੀਆ ਵਾਹਨਾਂ ਦੇ ਟੈਸਟ ਵੇਲੇ ਵਰਤਿਆ ਜਾ ਰਿਹਾ ਹੈ। ਮੌਕੇ ਉੱਤੇ ਫਰਜ਼ੀ ਵਹੀਕਲ ਦਿਖਾ ਕੇ ਬਿਨਾਂ ਟੈਸਟ ਲਏ ਲੋਕਾਂ ਦੇ ਲਾਇਸੈਂਸ ਬਣਾਏ ਜਾ ਰਹੇ ਹਨ। ਪਿੰਡ ਸਿੰਘਾਂਵਾਲਾ ਸਥਿੱਤ ਡਰਾਈਵਿੰਗ ਟਰੈਕ ਕੋਲ ਬਾਹਰ ਏਜੰਟਾਂ ਦੀਆਂ ਕਈ ਦੁਕਾਨਾਂ ਕਈ ਸਾਲਾਂ ਤੋਂ ਚੱਲ ਰਹੀਆਂ ਹਨ।
ਪੰਜਾਬੀ ਟ੍ਰਿਬਯੂਨ