ਵਿਰੋਧ ਕਰਨ ’ਤੇ ਮਹਿਲਾ ਦਾ ਹੱਥ ਵੱਢਿਆ
ਪਲੰਬਰ ਬਣ ਕੇ ਘਰ ’ਚ ਵੜੇ ਸਨ ਬੋਲੈਰੋ ਸਵਾਰ ਲੁਟੇਰੇ; ਮਹਿਲਾ ਦੀ ਹਾਲਤ ਨਾਜ਼ੁਕ
21 ਜਨਵਰੀ, 2026 – ਮੋਗਾ : ਮੋਗਾ ਦੇ ਇੱਕ ਪੌਸ਼ ਇਲਾਕੇ ਵਿੱਚ ਅੱਜ ਸ਼ਾਮ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਘਰ ਵਿੱਚ ਮੌਜੂਦ ਮਹਿਲਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਹੱਥ ਵੱਢ ਦਿੱਤਾ ਅਤੇ ਘਰ ਵਿੱਚੋਂ ਕਰੀਬ 25 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ।
ਪੁਲੀਸ ਸੂਤਰਾਂ ਅਨੁਸਾਰ, ਬੋਲੈਰੋ ਗੱਡੀ ਵਿੱਚ ਆਏ ਲੁਟੇਰਿਆਂ ਨੇ ਖ਼ੁਦ ਨੂੰ ਪਲੰਬਰ ਦੱਸ ਕੇ ਘਰ ਦਾ ਦਰਵਾਜ਼ਾ ਖੁਲ੍ਹਵਾਇਆ। ਉਸ ਸਮੇਂ ਮਹਿਲਾ ਘਰ ਵਿੱਚ ਇਕੱਲੀ ਸੀ। ਘਰ ਵਿੱਚ ਵੜਦਿਆਂ ਹੀ ਮੁਲਜ਼ਮਾਂ ਨੇ ਮਹਿਲਾ ਨੂੰ ਬੰਧਕ ਬਣਾ ਲਿਆ ਅਤੇ ਕੀਮਤੀ ਸਾਮਾਨ ਦੀ ਮੰਗ ਕੀਤੀ। ਜਦੋਂ ਮਹਿਲਾ ਨੇ ਮਦਦ ਲਈ ਰੌਲਾ ਪਾਇਆ, ਤਾਂ ਇੱਕ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਮਹਿਲਾ ਦਾ ਹੱਥ ਕੱਟਿਆ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੀੜਤ ਮਹਿਲਾ ਦੇ ਪਤੀ ਨੇ ਦੱਸਿਆ ਕਿ ਘਰ ਵਿੱਚ ਰੱਖੀ ਨਕਦੀ ਉਸ ਦੇ ਕਾਰੋਬਾਰ ਦੀ ਕਮਾਈ ਸੀ ਅਤੇ ਕੁਝ ਪੈਸੇ ਜ਼ਮੀਨ ਦੇ ਸੌਦੇ ਲਈ ਉਧਾਰ ਲਏ ਗਏ ਸਨ। ਲੁਟੇਰਿਆਂ ਨੇ ਪੂਰੇ ਘਰ ਦੀ ਫਰੋਲਾ-ਫਰਾਲੀ ਕੀਤੀ ਅਤੇ ਨਕਦੀ ਤੇ ਗਹਿਣੇ ਸਮੇਟ ਕੇ ਰਫੂ-ਚੱਕਰ ਹੋ ਗਏ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਮਹਿਲਾ ਦੀ 13 ਸਾਲਾ ਧੀ ਟਿਊਸ਼ਨ ਤੋਂ ਵਾਪਸ ਆਈ ਅਤੇ ਰੌਲਾ ਸੁਣ ਕੇ ਗੁਆਂਢੀਆਂ ਨੂੰ ਇਕੱਠਾ ਕੀਤਾ।
ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਪੰਜਾਬੀ ਟ੍ਰਿਬਯੂਨ