ਮੀਂਹ ਕਾਰਨ ‘ਸਰਸ ਮੇਲੇ’ ਵਿੱਚ ਪੰਜਾਬੀ ਗਾਇਕ ਹਰਜੀਤ ਹਰਮਨ ਦਾ ਪ੍ਰੋਗਰਾਮ ਮੁਲਤਵੀ
20 ਮਾਰਚ, 2026 – ਮਾਨਸਾ : ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਕਿਸਾਨ ਡਰ ਗਿਆ ਹੈ। ਹਲਕੀ-ਫੁਲਕੀ ਕਿਣਮਿਣ ਕਣੀ ਨਾਲ ਚੱਲਣ ਲੱਗੀ ਤੇਜ਼ ਹਵਾ ਨੇ ਕਿਸਾਨਾਂ ਦੀ ਸਿਰਦਰਦੀ ਵਧਾ ਦਿੱਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਮਹਿਕਮੇ ਵੱਲੋਂ ਰਾਜ ਵਿਚ ਲਗਾਤਾਰ ਅਜਿਹਾ ਮੌਸਮ ਰਹਿਣ ਦੀ ਦਿੱਤੀ ਚਿਤਾਵਨੀ ਨੇ ਪਹਿਲਾਂ ਹੀ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਮਾਨਸਾ ’ਚ ਸਾਰਾ ਦਿਨ ਰੁਕ-ਰੁਕ ਕੇ ਪੈਂਦੇ ਮੀਂਹ ਕਾਰਨ ਸਰਸ ਮੇਲੇ ਵਿੱਚ ਅੱਜ ਪੰਜਾਬੀ ਗਾਇਕ ਹਰਜੀਤ ਹਰਮਨ ਦੇ ਪ੍ਰੋਗਰਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਰੱਦ ਕਰ ਦਿੱਤਾ ਗਿਆ ਹੈ ਅਤੇ ਇਹ ਪ੍ਰੋਗਰਾਮ ਹੁਣ 22 ਮਾਰਚ ਨੂੰ ਸ਼ਾਮ ਸਮੇਂ ਹੋਵੇਗਾ।
ਮੀਂਹ ਕਾਰਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਆਮ ਦੇ ਮੁਕਾਬਲੇ ਲੋਕ ਘਰਾਂ ’ਚੋਂ ਬਾਹਰ ਘੱਟ ਨਿਕਲੇ। ਮੀਂਹ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਮੁਰੰਮਤ ਲਈ ਪੁੱਟੀਆਂ ਸੜਕਾਂ ’ਤੇ ਚਿੱਕੜ ਹੋਣ ’ਤੇ ਰਾਹਗੀਰਾਂ ਪ੍ਰੇਸ਼ਾਨ ਹਨ। ਮੀਂਹ ਅਤੇ ਹਵਾ ਨਾਲ ਪੱਕ ਕੇ ਤਿਆਰ ਹੋਣ ਵਾਲੀ ਕਣਕ ਦੇ ਬੂਟੇ ਖੇਤਾਂ ਵਿਚ ਮੂਧੇ ਹੋਣੇ ਸ਼ੁਰੂ ਹੋ ਗਏ ਹਨ। ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਖੇਤਰ ਵਿੱਚ ਪਿਛਲੇ ਦੋ ਦਿਨਾਂ ਤੋਂ ਹੋ ਰਹੇ ਬੇਮੌਸਮੀ ਮੀਂਹ ਕਾਰਨ ਕਿਸਾਨ ਚਿੰਤਤ ਹਨ। ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੁਖਦੇਵ ਕੰਬੋਜ ਨੇ ਦੱਸਿਆ ਕਿ ਇਸ ਸਮੇਂ ਸਰ੍ਹੋਂ ਦੀ ਕਟਾਈ ਚੱਲ ਰਹੀ ਹੈ। ਇਸ ਲਈ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਸਿੰਜਾਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਸਲਾਹ ਅਨੁਸਾਰ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਕਸਬਾ ਸਹਿਣਾ ਅਤੇ ਇਲਾਕੇ ਦੇ ਪਿੰਡਾਂ ਵਿੱਚ ਅੱਜ ਸਵੇਰ ਤੋਂ ਹੀ ਮੀਂਹ ਪੈਂਦ ਰਿਹਾ। ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਬਾਜ਼ਾਰਾਂ ਵਿੱਚ ਰੌਣਕ ਕਾਫੀ ਘੱਟ ਰਹੀ। ਮੀਂਹ ਕਾਰਨ ਬੱਸ ਸਟੈਂਡ ਰੋਡ ਦੀ ਹਾਲਤ ਕਾਫ਼ੀ ਖਸਤਾ ਹੋ ਗਈ। ਆਉਣ ਜਾਣ ਵਾਲੇ ਲੋਕਾਂ ਨੂੰ ਸੜਕ ਦੀ ਖਸਤਾ ਹਾਲਤ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਤਿੰਨ ਚਾਰ ਦਿਨ ਤੋਂ ਮੌਸਮ ਵਿੱਚ ਖਰਾਬੀ ਕਾਰਨ ਕਾਫੀ ਥਾਈਂ ਕਣਕ ਵਿਛ ਗਈ ਹੈ। ਕਿਸਾਨਾਂ ਅਨੁਸਾਰ ਕਣਕ ਵਿਛਣ ਨਾਲ ਕਣਕ ਦੇ ਝਾੜ ’ਤੇ ਮਾਰੂ ਅਸਰ ਪੈਣ ਦਾ ਖਦਸ਼ਾ ਹੈ।
ਮੌਸਮ ਵਿਭਾਗ ਅਨੁਸਾਰ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
ਮਾਨਸਾ: ਪਹਾੜਾਂ ’ਤੇ ਹੋਈ ਬਰਫ਼ਬਾਰੀ ਅਤੇ ਪੰਜਾਬ ਸਣੇ ਚੰਡੀਗੜ੍ਹ ਵਿੱਚ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਤਾਪਮਾਨ ਵਿੱਚ ਭਾਰੀ ਗਿਰਾਵਟ ਆ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਮਾਲਵਾ ਸਣੇ ਪੰਜਾਬ ਦੇ ਮਾਝਾ-ਦੁਆਬਾ ਵਿੱਚ ਬਿਜਲੀ ਚਮਕਣ ਸਣੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਪੰਜਾਬੀ ਟ੍ਰਿਬਯੂਨ