ਵਰਿੰਦਰ ਸਿੰਘ ਵਾਲੀਆ
ਕੋਈ ਹੋਰ ਰੁੱਖ ਮਿਲ ਜਾਵੇ ਤਾਂ ਇਕ ਹੋਰ ਅਮਰਵੇਲ ਦਾ ਜਨਮ ਹੋ ਜਾਂਦਾ ਹੈ। ਜੇ ਰੁੱਖ ਨਾ ਮਿਲੇ ਤਾਂ ਇਹ ਧਰਤੀ ’ਚ ਹੀ ਫ਼ਨਾਹ ਹੋ ਜਾਂਦੇ ਹਨ। ਪਿਛਲਝਾਤ ਮਾਰੀ ਜਾਵੇ ਤਾਂ ਅਜਿਹੀਆਂ ਅਮਰਵੇਲਾਂ ਦੀ ਸ਼ਨਾਖ਼ਤ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਆਪਣੀ ਸ਼ਕਤੀ ਦੇ ਸੋਮਿਆਂ ਨੂੰ ਖ਼ਤਮ ਕਰਨ ਵਾਲਾ ਕਾਰਜ ਕੀਤਾ ਹੈ।
ਗੁਰਮਤਿ ਦੇ ਗਾਡੀ ਰਾਹ ’ਤੇ ਚੱਲ ਕੇ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਫਿਰ ਚੁਰਾਹੇ ’ਤੇ ਆਣ ਖੜ੍ਹਾ ਹੈ। ਨਿੱਤ ਦਿਨ ਗਹਿਰਾ ਹੋ ਰਿਹਾ ਪੰਥਿਕ ਸੰਕਟ, ਲਾਸਾਨੀ ਕੁਰਬਾਨੀਆਂ ਵਾਲੀ ਸਿਆਸੀ ਤੇ ਧਾਰਮਿਕ ਜਮਾਤ ਨੂੰ ਓਝੜੇ ਰਾਹ ਦਾ ਪਾਂਧੀ ਬਣਾ ਰਿਹਾ ਹੈ।
ਮੰਝਦਾਰ ’ਚ ਬੁਰੀ ਤਰ੍ਹਾਂ ਫਸੇ ਹੋਏ ਪਾਰਟੀ ਦੇ ਰਹਿਬਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਤਾਬਦੀ ਮਨਾਉਣੀ ਵੀ ਵਿਸਰੀ ਹੋਈ ਹੈ। ਦੇਸ਼ ਦੀ ਤਕਸੀਮ ਦੇ ਕਈ ਦਹਾਕਿਆਂ ਤੱਕ ਸ਼੍ਰੋਮਣੀ ਗੁਰਦੁਆਰਾ ਕਮੇਟੀ ਪਾਕਿਸਤਾਨ ਸਮੇਤ ਭਾਰਤ ਦੇ ਲਗਪਗ ਸਾਰੇ ਇਿਤਹਾਸਕ ਗੁਰਧਾਮਾਂ ਦੀ ਸੇਵਾ-ਸੰਭਾਲ ਕਰਦੀ ਰਹੀ ਹੈ। ‘ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ’, ‘ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ’ ਤੇ ‘ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ’ ਬਣਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵਸੀਹ ਘੇਰਾ ਸੁੰਗੜ ਕੇ ਪੰਜਾਬ ਤੇ ਦੋ ਕੁ ਹੋਰ ਗੁਰਧਾਮਾਂ ਤੱਕ ਸੀਮਤ ਹੋ ਗਿਆ ਹੈ।
ਅਜਿਹੀ ਸਥਿਤੀ ਲਈ ਪੰਥ-ਵਿਰੋਧੀਆਂ ਤੋਂ ਵੱਧ ਖ਼ੁਦ ਨੂੰ ‘ਪੰਥ-ਹਿਤੈਸ਼ੀ’ ਸਮਝਣ ਦਾ ਭਰਮ ਪਾਲਣ ਵਾਲੇ ‘ਰਹਿਬਰਾਂ’ ਨੂੰ ਸਮਝਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਅਤੀਤ ਦੀਆਂ ਗ਼ਲਤੀਆਂ ਤੋਂ ਕੋਈ ਸਬਕ ਲੈਣ ਦੀ ਬਜਾਏ ਨਿੱਤ ਨਵੀਆਂ ਮੁਸੀਬਤਾਂ ਸਹੇੜੀਆਂ ਜਾ ਰਹੀਆਂ ਹਨ। ਗ਼ਲਤੀ-ਦਰ-ਗ਼ਲਤੀ ਜਿਵੇਂ ਅਕਾਲੀ ਦਲ ਦੀ ਹੋਣੀ ਬਣ ਗਿਆ ਜਾਪਦਾ ਹੈ। ਤਖ਼ਤਾਂ ਦੇ ਜਥੇਦਾਰਾਂ ਨੂੰ ‘ਲਾਉਣਾ ਤੇ ਲਾਹੁਣਾ’ ਜਿਵੇਂ ਸ਼ੁਗਲ ਬਣ ਗਿਆ ਹੈ।
ਅੱਧੀ-ਰਾਤ ਨਵੇਂ ਜਥੇਦਾਰ ਦੀ ਤਾਜਪੋਸ਼ੀ ਨੇ ਤਾਂ ਅਸਲੋਂ ਨਵੀਂ ਤਹਿਰੀਰ ਲਿਖ ਕੇ ਨਵੀਂ ਤਹਿਰੀਕ (ਅੰਦਲੋਨ) ਨੂੰ ਜਨਮ ਦੇ ਦਿੱਤਾ ਹੈ। ਨਿਹੰਗ ਜਥੇਬੰਦੀਆਂ ਦੇ ਵਿਦਰੋਹ ਕਾਰਨ ਮਿੱਥੇ ਸਮੇਂ ਤੋਂ ਕਈ ਘੰਟੇ ਪਹਿਲਾਂ ਅੱਧੀ ਰਾਤ ਵੇਲੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਗਈ ਤਾਜਪੋਸ਼ੀ ਕਾਰਨ ਸ਼੍ਰੋਮਣੀ ਕਮੇਟੀ ਨੂੰ ਵੱਡੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਥਿਕ ਰਿਵਾਇਤਾਂ ਅਨੁਸਾਰ ਸਿੰਘ ਸਾਹਿਬਾਨ ਦੀ ਤਾਜਪੋਸ਼ੀ ਵੇਲੇ ਸਭ ਤੋਂ ਪਹਿਲੀ ਦਸਤਾਰ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੱਲੋਂ ਭੇਟਾ ਕੀਤੀ ਜਾਂਦੀ ਹੈ। ਇਸ ਤੋਂ ਪਿੱਛੋਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮੁਖੀ ਉਨ੍ਹਾਂ ਦੇ ਸਿਰ ’ਤੇ ਦਸਤਾਰਾਂ ਬੰਨ੍ਹਦੇ ਹਨ। ਇਸ ਅਲੌਕਿਕ ਦ੍ਰਿਸ਼ ਨੂੰ ਵੇਖਣ ਲਈ ਦੂਰ-ਦੁਰਾਡਿਉਂ ਵੱਡੀ ਗਿਣਤੀ ’ਚ ਸੰਗਤਾਂ ਪੁੱਜਦੀਆਂ ਰਹੀਆਂ ਹਨ। ਗਿਆਨੀ ਗੜਗੱਜ ਦੀ ਦਸਤਾਰਬੰਦੀ ਦਾ ਸਮਾਂ ਸਵੇਰੇ 10 ਵਜੇ ਦਿੱਤਾ ਗਿਆ ਸੀ।
ਸ਼੍ਰੋਮਣੀ ਕਮੇਟੀ ਨੇ ਬਾਕਾਇਦਾ ਫਲੈਕਸਾਂ ਲਗਾ ਕੇ ਇਸ ਦੀ ਸੂਚਨਾ ਦਿੱਤੀ ਸੀ। ਵਿਰੋਧ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਨੇ ਇਹ ਸਮਾਗਮ ਤੜਕੇ ਤਿੰਨ ਵਜੇ ਤੋਂ ਵੀ ਪਹਿਲਾਂ ਨੇਪਰੇ ਚਾੜ੍ਹ ਲਿਆ। ਪੰਜ ਪਿਆਰਿਆਂ ਨੇ ਉਨ੍ਹਾਂ ਨੂੰ ਦਸਤਾਰ ਭੇਟ ਕੀਤੀ ਤੇ ਸੱਤ ਘੰਟੇ ਪਹਿਲਾਂ ਹੀ ਉਨ੍ਹਾਂ ਨੂੰ ਰਸਮੀ ਤੌਰ ’ਤੇ ਜਥੇਦਾਰ ਥਾਪ ਦਿੱਤਾ ਗਿਆ। ਕਿਰਦਾਰਕੁਸ਼ੀ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਨੇ ਕਟਾਖਸ਼ ਕਰਦਿਆਂ ਕਿਹਾ, ‘ਨਾ ਗ੍ਰੰਥ, ਨਾ ਪੰਥ ਤੇ ਲਉ ਬਣ ਗਏ ਜਥੇਦਾਰ’ ਹਾਸੋਹੀਣੀ ਸਥਿਤੀ ਲਈ ਬਾਹਰਲਿਆਂ ਨਾਲੋਂ ਅੰਦਰਲੇ ਵੱਧ ਜ਼ਿੰਮੇਵਾਰ ਹਨ। ਬਾਰਾਂ ਮਿਸਲਾਂ ਇਕੱਠੀਆਂ ਕਰ ਕੇ ਰਣਜੀਤ ਸਿੰਘ ਮਹਾਰਾਜਾ ਬਣਿਆ ਸੀ।
ਖੱਖੜੀ-ਖੱਖੜੀ ਹੋ ਕੇ ਮੌਜੂਦਾ ਲੀਡਰਸ਼ਿਪ ਨੇ ਰਾਜ ਗਵਾਇਆ ਹੈ। ਇਹੀ ਕਾਰਨ ਹੈ ਕਿ ਪਿਛਲੀ ਇਕ ਚੌਥਾਈ ਸਦੀ ’ਚ ਆਈਆਂ ਤਮਾਮ ਪੰਥਿਕ ਸ਼ਤਾਬਦੀਆਂ ਖ਼ਾਨਾਜੰਗੀ ਦਾ ਸ਼ਿਕਾਰ ਹੋ ਗਈਆਂ। ਸ਼੍ਰੋਮਣੀ ਅਕਾਲੀ ਦਲ ਦੀ 2020 ’ਚ ਆਈ ਸ਼ਤਾਬਦੀ ਰੌਲ਼ੇ-ਗੌਲ਼ੇ ’ਚ ਲੰਘ ਗਈ ਤੇ ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਨੇ ਵੀ ਇੰਜ ਹੀ ਲੰਘ ਜਾਣਾ ਹੈ। ਦੋਨਾਂ ਸਿੱਖ ਜਥੇਬੰਦੀਆਂ ਨੇ ਸ਼ਾਨਾਂਮਤਾ ਇਿਤਹਾਸ ਰਚਿਆ ਸੀ। ਬਰਤਾਨਵੀ ਹਕੂਮਤ ਵੇਲੇ ਅਕਾਲੀ ਬਣਨਾ ਮੌਤ ਨੂੰ ਆਵਾਜ਼ਾਂ ਮਾਰਨ ਬਰਾਬਰ ਸੀ। ‘ਮੈਂ ਉੱਜੜਾਂ ਪੰਥ ਵੱਸੇ, ਮਨ ਚਾਓ ਘਨੇਰਾ’ ਉਨ੍ਹਾਂ ਦੇ ਦਿਲਾਂ ’ਤੇ ਉੱਕਰਿਆ ਹੁੰਦਾ ਸੀ।
ਅਕਾਲੀ ਸਰਕਾਰਾਂ ਵੇਲੇ ਕਈ ਬੱਜਰ ਗ਼ਲਤੀਆਂ ਦੇ ਬਾਵਜੂਦ ਪੰਜਾਬ ਨੇ ਬਹੁਪੱਖੀ ਵਿਕਾਸ ਕੀਤਾ ਸੀ। ਹਰ ਧਰਮ ਦੇ ਸ਼ਰਧਾ ਦੇ ਧਾਮਾਂ ਲਈ ਭਾਰੀ ਭਰਕਮ ਰਕਮ ਮੁਹੱਈਆ ਕੀਤੀ ਗਈ ਸੀ। ਸ੍ਰੀ ਹਰਿਮੰਦਰ ਸਾਿਹਬ ਦੇ ਗਲਿਆਰੇ ਨੂੰ ਖ਼ੂਬਸੂਰਤ ਬਣਾ ਕੇ ਅਕਾਲੀ ਸਰਕਾਰ ਨੇ ਸੰਗਤ ਦੀ ਵਾਹ-ਵਾਹ ਖੱਟੀ ਸੀ। ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਨੂੰ ਸ਼ਤਾਬਦੀ ਵਰ੍ਹਿਆਂ ਦੌਰਾਨ ਦਸਤਾਵੇਜ਼ੀ ਰੂਪ ਦਿੱਤਾ ਜਾ ਸਕਦਾ ਸੀ। ਪਰ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਸੰਭਾਲਣ ਦਾ ਵਕਤ ਕਿਸ ਕੋਲ ਹੈ? ਵਿਰੋਧੀ ਕਹਿ ਰਹੇ ਹਨ ਕਿ ‘ਕਾਕਾ ਅਕਾਲੀ ਦਲ’ ਬਣਨ ਪਿੱਛੋਂ ਪਾਰਟੀ ਰਸਾਤਲ ਵੱਲ ਜਾਣੀ ਸ਼ੁਰੂ ਹੋਈ ਸੀ। ਧੜਿਆਂ ’ਚ ਵੰਡੇ ਜਾਣ ਤੋਂ ਬਾਅਦ ਇਕ-ਦੂਜੇ ਨੂੰ ਠਿੱਬੀਆਂ ਮਾਰਨ ਦਾ ਦੌਰ ਸ਼ੁਰੂ ਹੋ ਗਿਆ।
ਸਰਬੰਸ ਦਾਨੀ ਦੇ ਵਾਰਿਸ ਕਹਾਉਣ ਵਾਲੇ ਪਰਿਵਾਰਵਾਦ ਦਾ ਸ਼ਿਕਾਰ ਹੋਣ ਤੋਂ ਬਾਅਦ ਅਜਿਹੇ ਹਾਲਾਤ ਪੈਦਾ ਹੋਣੇ ਲਾਜ਼ਮੀ ਸਨ। ਪੰਥ ਤੋਂ ਸ਼ਕਤੀ ਲੈਣ ਵਾਲਿਆਂ ਨੇ ਪੁਰਾਣੀਆਂ ਤੇ ਅਮੀਰ ਰਵਾਇਤਾਂ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ। ਵੱਡੇ ਅਹੁਦੇ ਵੱਡੇ ਟੱਬਰਾਂ ਨੇ ਸਾਂਭ ਲਏ। ਇਸ ਰੀਤ ਨੇ ਛੋਟੇ-ਮੋਟੇ ਜਗੀਰਦਾਰ ਪਰਿਵਾਰਾਂ ਨੂੰ ਵੀ ਨਾਲ ਗੰਢ ਲਿਆ। ਟਕਸਾਲੀ ਅਕਾਲੀ ਵਰਕਰ ਦਰੀਆਂ ਵਿਛਾਉਣ ਜੋਗੇ ਰਹਿ ਗਏ। ਸੱਤਾਂ ਦੇ ਨਸ਼ੇ ’ਚ ਚੂਰ ਫ਼ਸਲੀ ਬਟੇਰਿਆਂ ਨੇ ਆਖ਼ਰੀ ਦਾਣਾ ਚੁਗਣ ਤੱਕ ਸਾਥ ਦਿੱਤਾ। ਸੱਤਾ ਖੁੱਸਣ ਨਾਲ ਸਾਏ ਵਾਂਗ ਨਾਲ ਰਹਿਣ ਵਾਲੇ ਸਾਥ ਛੱਡ ਗਏ।
‘ਫ਼ਸਲੀ ਬਟੇਰੇ, ਨਾ ਮੇਰੇ ਨਾ ਤੇਰੇ’ ਵਾਲੀ ਗੱਲ ਸੱਚ ਹੋ ਗਈ। ਸਮੇਂ ਦੀ ਲੀਡਰਸ਼ਿਪ ਨੇ ਕੰਧ ’ਤੇ ਲਿਖਿਆ ਪੜ੍ਹਣ ਦੀ ਬਜਾਏ ਅੱਖਾਂ ਮੁੰਦੀ ਰੱਖੀਆਂ। ਨੇਤਾਵਾਂ ਨੇ ਕੁਝ ਗ਼ਲਤੀਆਂ ਸੱਤਾਂ ਦੀ ਮਦਹੋਸ਼ੀ ’ਚ ਕੀਤੀਆਂ ਤੇ ਕਈ ਉਨ੍ਹਾਂ ਕੋਲੋਂ ਕਰਵਾਈਆਂ ਗਈਆਂ। ਉਹ ਪਰਜੀਵੀਆਂ ਦੀਆਂ ਨੀਤੀਆਂ-ਬਦਨੀਤੀਆਂ ਤੋਂ ਅਣਜਾਣ ਸਨ। ਜਾਣੇ ਅਣਜਾਣੇ ਉਹ ਉਨ੍ਹਾਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ। ਉਨ੍ਹਾਂ ’ਚ ਕਈ ਅਮਰਵੇਲਾਂ ਸਨ। ਜਿਨ੍ਹਾਂ ਨੇ ਅਕਾਲੀ ਦਲ ਰੂਪੀ ਘਣੇ ਰੁੱਖ ਨੂੰ ਜਕੜਿਆ ਹੋਇਆ ਸੀ। ਅਮਰਵੇਲ, ਜਿਸ ਨੂੰ ਅੰਬਰਵੇਲ ਵੀ ਕਿਹਾ ਜਾਂਦਾ ਹੈ, ਦੀ ਆਪਣੀ ਜੜ੍ਹ ਨਹੀਂ ਹੁੰਦੀ।
ਇਹ ਜਿਸ ਰੁੱਖ ’ਤੇ ਚੜ੍ਹ ਜਾਵੇ ਉਸ ਨੂੰ ਖੜਸੁੱਕ ਕਰ ਦਿੰਦੀ ਹੈ। ਭਾਵ, ਜਿਸ ਰੁੱਖ ਤੋਂ ਉਹ ਰਸ ਜਾਂ ਸ਼ਕਤੀ ਲੈ ਕੇ ਵਧਦੀ ਫੁੱਲਦੀ ਹੈ, ਉਸ ਨੂੰ ਹੀ ਫ਼ਨਾਹ ਕਰ ਦਿੰਦੀ ਹੈ। ਇਸ ਦੀਆਂ ਮਹੀਨ ਪਰਜੀਵੀ ਤੰਦਾਂ ਦਾ ਸ਼ੁਰੂ ’ਚ ਪਤਾ ਹੀ ਨਹੀਂ ਲੱਗਦਾ। ਪੀਲੀਆਂ ਤੰਦਾਂ ਦਾ ਜਾਲ ਵਧਦਾ-ਫੁੱਲਦਾ ਹੈ ਤਾਂ ਇਸ ਨੂੰ ਸੁਗੰਧਿਤ ਚਿੱਟੇ ਫੁੱਲਾਂ ਦੇ ਗੁੱਛੇ ਲੱਗਦੇ ਹਨ। ਰੁੱਖ ਨੂੰ ਖੜਸੁੱਕ ਕਰ ਕੇ ਜਦੋਂ ਇਸ ਦੇ ਬੀਜ ਧਰਤੀ ’ਤੇ ਡਿਗਦੇ ਹਨ ਤਾਂ ਇਹ ਬਹਾਰ ’ਚ ਮੁੜ ਪੁੰਗਰਦੇ ਹਨ।
ਕੋਈ ਹੋਰ ਰੁੱਖ ਮਿਲ ਜਾਵੇ ਤਾਂ ਇਕ ਹੋਰ ਅਮਰਵੇਲ ਦਾ ਜਨਮ ਹੋ ਜਾਂਦਾ ਹੈ। ਜੇ ਰੁੱਖ ਨਾ ਮਿਲੇ ਤਾਂ ਇਹ ਧਰਤੀ ’ਚ ਹੀ ਫ਼ਨਾਹ ਹੋ ਜਾਂਦੇ ਹਨ। ਪਿਛਲਝਾਤ ਮਾਰੀ ਜਾਵੇ ਤਾਂ ਅਜਿਹੀਆਂ ਅਮਰਵੇਲਾਂ ਦੀ ਸ਼ਨਾਖ਼ਤ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੇ ਆਪਣੀ ਸ਼ਕਤੀ ਦੇ ਸੋਮਿਆਂ ਨੂੰ ਖ਼ਤਮ ਕਰਨ ਵਾਲਾ ਕਾਰਜ ਕੀਤਾ ਹੈ। ਕਈਆਂ ਨੇ ਪੱਥਰ ਵਾਂਗ ਆਪਣਾ ਹੱਠ ਨਹੀਂ ਛੱਡਿਆ। ਭਾਈ ਗੁਰਦਾਸ ਦੀਆਂ ਵਾਰਾਂ ਦਾ ਪਾਠ ਕੀਤਾ ਹੁੰਦਾ ਤਾਂ ਸਮੇਂ ਦੀ ਅਕਾਲੀ ਲੀਡਰਸ਼ਿਪ ਦੇ ਹੱਥ ‘ਗੁਰਬਾਣੀ ਦੀ ਕੁੰਜੀ’ ਲੱਗ ਜਾਣੀ ਸੀ। ਉਹ ਫਰਮਾਉਂਦੇ ਹਨ, ‘ਪਥਰੁ ਪਾਣੀ ਰਖੀਐ ਮਨਿ ਹਠੁ ਨਾ ਘਟੈ’ (ਭਾਵ, ਪੱਥਰ ਨੂੰ ਪਾਣੀ ’ਚ ਰੱਖਣ ਨਾਲ ਇਸ ਦੀ ਕਠੋਰਤਾ ਨਹੀਂ ਘਟਦੀ)। ਦੂਜੀ ਵਾਰ ’ਚ ‘ਨਿੰਦਕ’ ਦੀ ਵਿਆਖਿਆ ਕਰਦਿਆਂ ਆਪ ਲਿਖਦੇ ਹਨ, ‘ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ’ (ਜੇ ਆਗੂ ਨਾਬੀਨਾ ਹੋਵੇ ਤਾਂ ਸੱਭ ਕੁਝ ਲੁੱਟਿਆ-ਪੁੱਟਿਆ ਜਾਂਦਾ ਹੈ)।
ਖੱਖੜੀ-ਖੱਖੜੀ ਹੋਏ ਪੰਥ ਦਾ ਮਾਰਗ-ਦਰਸ਼ਨ ਕਰਨ ਲਈ ਨਵੀਂ ਲੀਡਰਸ਼ਿਪ ਉੱਭਰਦੀ ਨਜ਼ਰੀਂ ਨਹੀਂ ਪੈ ਰਹੀ। ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਵੇਲੇ ਜੇ ਇਸ ਦਾ ਸਦਰ ਹੀ ਅਸਤੀਫ਼ਾ ਦੇ ਕੇ ਘਰ ਬੈਠ ਜਾਵੇ ਤਾਂ ਹਾਲਾਤ ਵਿਸਫੋਟਕ ਸਮਝਣੇ ਚਾਹੀਦੇ ਹਨ। ਪੰਥ ਨੂੰ ਅਜਿਹੇ ਨਾਜ਼ੁਕ ਹਾਲਾਤ ’ਚੋਂ ਕੱਢਣ ਲਈ ਅਕਾਲ ਤਖ਼ਤ ਮਾਰਗ ਦਰਸ਼ਨ ਕਰਦਾ ਆਇਆ ਹੈ। ਜੇ ਜਥੇਦਾਰਾਂ ਦੀਆਂ ਨਿਯੁਕਤੀਆਂ/ਬਰਾਖ਼ਸਤਗੀਆਂ ’ਤੇ ਹੀ ਸਵਾਲ ਉੱਠ ਪੈਣ ਤਾਂ ਫਿਰ ਪਾਰ ਉਤਾਰਾ ਕੌਣ ਕਰੇਗਾ? ਅਕਾਲ ਤਖ਼ਤ ਸਾਿਹਬ ਦੇ ਨਵੇਂ ਥਾਪੇ ਕਾਰਜਕਾਰੀ ਜਥੇਦਾਰ ਗਿਆਨੀ ਗੜਗੱਜ ਨੇ ਪੰਥ ਨੂੰ ਇਕ ਮੰਚ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਵੱਲ ਇਸ਼ਾਰਾ ਕੀਤਾ ਹੈ, ਪਰ ਟਕਸਾਲੀ ਅਕਾਲੀਆਂ ਵੱਲੋਂ ਲਗਾਈ ਗਈ ਅਸਤੀਫ਼ਿਆਂ ਦੀ ਝੜੀ ਦੇ ਮੱਦੇਨਜ਼ਰ ਕੋਸ਼ਿਸ਼ਾਂ ਨੂੰ ਫ਼ਿਲਹਾਲ ਬੂਰ ਪੈਣ ਦੀ ਬਹੁਤੀ ਆਸ ਨਹੀਂ ਹੈ।
ਲੇਖਕ ਦੈਨਿਕ ਜਾਗਰਣ ਪੰਜਾਬੀ ਦਾ ਸੰਪਾਦਕ ਹੈ ।
ਆਭਾਰ : https://www.punjabijagran.com/editorial/general-boat-stuck-in-manjhdhar-9465930.html
test