17 ਅਪਰੈਲ, 2025 – ਮਾਨਸਾ : ਮਾਲਵਾ ਖੇਤਰ ਦੇ ਜਿਹੜੇ ਕਿਸਾਨਾਂ ਨੇ ਖੇਤੀ ਵਿਭਿੰਨਤਾ ਤਹਿਤ ਇਸ ਵਾਰ ਆਪਣੇ ਖੇਤਾਂ ਵਿੱਚ ਸ਼ਿਮਲਾ ਮਿਰਚ ਬੀਜੀ ਸੀ, ਉਹ ਕਿਸਾਨ ਮੰਡੀਕਰਨ ਦੇ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹਨ ਲੱਗੇ ਹਨ। ਕਿਸਾਨਾਂ ਸ਼ਿਮਲਾ ਮਿਰਚ ਨੂੰ ਰਾਹਾਂ-ਪਹੀਆਂ ਕਿਨਾਰੇ ਸੁੱਟਣ ਲੱਗੇ ਹਨ। ਪੰਜਾਬ ਵਿੱਚ ਭਾਅ ਦੇ ਭੂੰਜੇ ਡਿੱਗਣ ਕਾਰਨ ਸ਼ਿਮਲਾ ਮਿਰਚ ਨੇ ਕਿਸਾਨਾਂ ਦੀਆਂ ਅੱਖਾਂ ’ਚ ਅੱਥਰੂ ਲਿਆ ਦਿੱਤੇ ਹਨ।
ਦਿਲਚਸਪ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਰੇਤਲੇ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਸ਼ਿਮਲਾ ਮਿਰਚ ਲਾਈ ਜਾਂਦੀ ਹੈ ਅਤੇ ਇਸ ਖੇਤਰ ’ਚੋਂ ਉਤਰੀ ਭਾਰਤ ਦੇ ਸਾਰੇ ਰਾਜਾਂ ਵਿੱਚ ਇਸ ਦੀ ਸਪਲਾਈ ਹੁੰਦੀ ਹੈ। ਹਰ ਸਾਲ ਇਸ ਸ਼ਿਮਲਾ ਮਿਰਚ ਨੂੰ ਬਾਹਰਲੇ ਸੂਬਿਆਂ ਨੂੰ ਪਿੰਡ ਭੈਣੀਬਾਘਾ ਤੋਂ ਭੇਜਿਆ ਜਾ ਰਿਹਾ ਹੈ। ਇਸ ਵਾਰ ਪੰਜਾਬ ਵਿੱਚ ਹੋਰਨਾਂ ਰਾਜਾਂ ਦੇ ਵਪਾਰੀ ਇਸ ਨੂੰ ਖਰੀਦਣ ਲਈ ਨਹੀਂ ਆ ਰਹੇ ਹਨ, ਜਿਸ ਕਰਕੇ ਦੂਰ-ਦੁਰਾਡੇ ਨਾ ਜਾਣ ਕਾਰਨ ਅਤੇ ਪੈਦਾਵਾਰ ਵੱਧ ਹੋਣ ਕਾਰਨ ਅਤੇ ਲਾਗਤ ਘੱਟ ਹੋਣ ਕਾਰਨ ਭਾਅ ਭੁੰਜੇ ਡਿੱਗ ਪਿਆ ਹੈ, ਜਿਸ ਕਾਰਨ ਮੰਡੀਕਰਨ ਦੀ ਤਕਲੀਫ਼ ਤੋਂ ਅੱਕੇ ਕਿਸਾਨਾਂ ਨੇ ਅੱਜ-ਕੱਲ੍ਹ ਭੈਣੀਬਾਘਾ ਸਮੇਤ ਹੋਰਨਾਂ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਸਸਤੇ ਭਾਅ ਲੋਕਲ ਵਾਪਰੀਆਂ ਨੂੰ ਵੇਚਣ ਲਈ ਮਜਬੂਰ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਸ਼ਿਮਲਾ ਮਿਰਚ ਦੀ ਤੁੜਾਈ ਜ਼ੋਰਾਂ ਉਤੇ ਹੈ, ਪਰ ਇਸ ਵਾਰ ਰੇਟ ਬਹੁਤ ਘੱਟ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ ਪਿੰਡ ਭੈਣੀਬਾਘਾ ’ਚ ਸ਼ਿਮਲਾ ਮਿਰਚ 500 ਤੋਂ ਲੈ ਕੇ 700 ਏਕੜ ਵਿੱਚ ਬੀਜੀ ਗਈ ਹੈ, ਪਰ ਇਸ ਵਾਰ ਦੂਜੀ ਤੁੜਾਈ ਮੌਕੇ ਹੀ ਰੇਟ ਘੱਟ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਸ਼ਿਮਲਾ ਮਿਰਚ ਦਾ ਭਾਅ 20-25 ਰੁਪਏ ਕਿਲੋ ਮਿਲਦਾ ਹੁੰਦਾ ਸੀ, ਪਰ ਇਸ ਵਾਰ ਕਿਸਾਨਾਂ ਨੂੰ ਭਾਅ 3 ਤੋਂ 7 ਰੁਪਏ ਮਿਲਣ ਕਾਰਨ ਪੱਲੇ ਕੁਝ ਨਹੀਂ ਪੈ ਰਿਹਾ, ਜਿਸ ਤੋਂ ਦੁਖੀ ਹੋਕੇ ਕਿਸਾਨ ਸਥਾਨਕ ਮੰਡੀਆਂ ਮੰਦੇ ਭਾਅ ਇਸ ਸ਼ਿਮਲਾ ਮਿਰਚ ਨੂੰ ਸੁੱਟਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਬਾਹਰਲੇ ਵਪਾਰੀ ਪੰਜਾਬ ’ਚ ਆਉਣ ਤੋਂ ਕੰਨੀ ਕਤਰਾਉਂਦੇ ਹਨ, ਕਿਉਂਕਿ ਜ਼ਿਆਦਾਤਰ ਵਪਾਰੀ ਮੁਸਲਿਮ ਭਾਈਚਾਰੇ ਦੇ ਹਨ, ਜੋ ਪੰਜਾਬ ਦੇ ਹਾਲਾਤ ਤੋਂ ਡਰਦੇ ਹਨ ਅਤੇ ਇੱਥੋਂ ਦੇ ਲੋਕਲ ਵਪਾਰੀ ਸਬਜ਼ੀ ਕਾਸ਼ਤਕਾਰਾਂ ਦੀ ਲੁੱਟ ਕਰ ਰਹੇ ਹਨ।
ਸ਼ਿਮਲਾ ਮਿਰਚ ਦੇ ਕਾਸ਼ਤਕਾਰ ਕਿਸਾਨ ਜਸਪਾਲ ਸਿੰਘ, ਜੀਤ ਸਿੰਘ, ਕਾਲਾ ਸਿੰਘ, ਵਿੰਦਰ ਸਿੰਘ, ਗੁਰਤੇਜ ਸਿੰਘ, ਗੱਗੀ ਸਿੰਘ ਅਤੇ ਹੋਰ ਕਿਸਾਨਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਬਜ਼ੀ ਕਾਸ਼ਤਕਾਰਾਂ ਨੂੰ ਜਿਥੇ ਸਬਜ਼ੀਆਂ ਵੇਚਣ ਲਈ ਮੰਡੀਕਰਨ ਕੀਤਾ ਜਾਵੇ ਅਤੇ ਨਾਲ ਜੋ ਕਿਸਾਨਾਂ ਨੂੰ ਘਾਟਾ ਪਿਆ, ਉਸ ਸਬੰਧੀ ਯੋਗ ਮੁਆਵਜ਼ਾ ਦਿੱਤਾ ਜਾਵੇ।
ਪੰਜਾਬੀ ਟ੍ਰਿਬਯੂਨ
test