ਸੁਸ਼ੀਲਾ ਸਿੰਘ, ਨਸੀਰੂਦੀਨ
ਆਜ਼ਾਦ ਭਾਰਤ ਕਿਹੋ ਜਿਹਾ ਹੋਵੇਗਾ ਅਤੇ ਉਸ ਦੇ ਨਾਗਰਿਕਾਂ ਦੇ ਹੱਕ ਕੀ-ਕੀ ਹੋਣਗੇ, ਇਸ ਲਈ ਇੱਕ ਸੰਵਿਧਾਨ ਬਣਾਉਣਾ ਪਿਆ ਸੀ। ਇਸ ਨੂੰ ਬਣਾਉਣ ਲਈ ਇੱਕ ਸੰਵਿਧਾਨ ਸਭਾ ਬਣਾਈ ਗਈ ਸੀ ਪਰ ਸਵਾਲ ਇਹ ਸੀ ਕਿ ਇਸ ਨੂੰ ਕੌਣ ਬਣਾਵੇਗਾ? ਕੀ ਸਿਰਫ਼ ਮਰਦ ਹੀ ਇਹ ਕਰ ਸਕਣਗੇ? ਨਾਗਰਿਕ ਤਾਂ ਔਰਤਾਂ ਵੀ ਹਨ। ਸੰਵਿਧਾਨ ਸਭਾ ਵਿੱਚ 299 ਮੈਂਬਰ ਸਨ। ਉਨ੍ਹਾਂ ਵਿੱਚੋਂ ਸਿਰਫ਼ 15 ਔਰਤਾਂ ਸਨ। ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਸਨ। ਉਨ੍ਹਾਂ ਨੇ ਮਰਦ-ਪ੍ਰਧਾਨ ਬੰਧਨਾਂ ਅਤੇ ਔਰਤਾਂ ਨੂੰ ਬੰਨ੍ਹਣ ਵਾਲੇ ਸਮਾਜਿਕ ਰੀਤੀ-ਰਿਵਾਜਾਂ ਨੂੰ ਚੁਣੌਤੀ ਦਿੱਤੀ। ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲਿਆ। ਉਨ੍ਹਾਂ ਸਾਰਿਆਂ ਦਾ ਸਮਾਜਿਕ-ਰਾਜਨੀਤਿਕ ਯੋਗਦਾਨ ਸੀ। ਨਵੇਂ ਆਜ਼ਾਦ ਦੇਸ਼ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ। ਅੱਜ ਅਸੀਂ ਇਨ੍ਹਾਂ 15 ਔਰਤਾਂ ਦੀਆਂ ਛੋਟੀਆਂ ਕਹਾਣੀਆਂ ਪੇਸ਼ ਕਰ ਰਹੇ ਹਾਂ।
ਦਕਸ਼ਯਾਨੀ ਵੇਲਯੁਧਨ (1912-1978)
ਦਕਸ਼ਯਾਨੀ ਵੇਲਯੁਧਨ ਸੰਵਿਧਾਨ ਸਭਾ ਦੀ ਇਕਲੌਤੀ ਮਹਿਲਾ ਦਲਿਤ ਮੈਂਬਰ ਸੀ। ਉਨ੍ਹਾਂ ਦਾ ਜਨਮ ਕੇਰਲਾ ਅਤੇ ਉਸ ਸਮੇਂ ਦੇ ਕੋਚੀਨ ਸੂਬੇ ਵਿੱਚ ਹੋਇਆ ਸੀ।ਉਹ ਦਲਿਤ ਪੁਲੈ ਭਾਈਚਾਰੇ ਨਾਲ ਸਬੰਧਤ ਸਨ। ਉਹ ਜ਼ਬਰਦਸਤ ਵਿਤਕਰੇ ਅਤੇ ਅਸਮਾਨਤਾ ਦਾ ਸਮਾਂ ਸੀ। ਇਸ ਕਰਕੇ, ਪੁਲੈ ਭਾਈਚਾਰੇ ਦੀਆਂ ਔਰਤਾਂ ਨੂੰ ਆਪਣੇ ਸਰੀਰ ਨੂੰ ਕਮਰ ਤੋਂ ਉੱਪਰ ਢੱਕਣ ਦੀ ਇਜਾਜ਼ਤ ਨਹੀਂ ਸੀ। ਦਕਸ਼ਯਾਨੀ ਦੇ ਪਰਿਵਾਰ ਨੇ ਇਸ ਰਿਵਾਜ ਨੂੰ ਚੁਣੌਤੀ ਦਿੱਤੀ। ਅਜਿਹਾ ਮੰਨਿਆ ਜਾਂਦਾ ਹੈ ਕਿ ਉਹ ਨਾ ਸਿਰਫ਼ ਆਪਣੇ ਭਾਈਚਾਰੇ ਵਿੱਚ ਸਗੋਂ ਦਲਿਤਾਂ ਵਿੱਚੋਂ ਵੀ ਪਹਿਲੀ ਔਰਤ ਸੀ ਜਿਨ੍ਹਾਂ ਨੇ ਕਾਲਜ ਦੀ ਸਿੱਖਿਆ ਪ੍ਰਾਪਤ ਕੀਤੀ।ਉਹ ਮਹਾਤਮਾ ਗਾਂਧੀ ਤੋਂ ਬਹੁਤ ਪ੍ਰਭਾਵਿਤ ਸਨ। ਕਸਤੂਰਬਾ ਅਤੇ ਮਹਾਤਮਾ ਗਾਂਧੀ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ 6 ਸਤੰਬਰ 1940 ਨੂੰ ਸਮਾਜ ਸੁਧਾਰਕ ਆਰ ਵੇਲਯੁਧਨ ਨਾਲ ਵਿਆਹ ਕੀਤਾ।
ਉਹ ਮਦਰਾਸ ਪ੍ਰੈਜ਼ੀਡੈਂਸੀ ਤੋਂ ਕਾਂਗਰਸ ਦੀ ਟਿਕਟ ‘ਤੇ ਸੰਵਿਧਾਨ ਸਭਾ ਲਈ ਚੁਣ ਗਏ ਸਨ। ਦਕਸ਼ਯਾਨੀ ਸੰਵਿਧਾਨ ਸਭਾ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਸਨ।ਸੰਵਿਧਾਨ ਸਭਾ ਵਿੱਚ ਬਹਿਸ ਦੌਰਾਨ, ਉਨ੍ਹਾਂ ਨੇ ਛੂਤਛਾਤ, ਰਾਖਵੇਂਕਰਨ ਅਤੇ ਹਿੰਦੂ-ਮੁਸਲਿਮ ਸਮੱਸਿਆ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਇੱਕ ਭਾਸ਼ਣ ਵਿੱਚ ਕਿਹਾ ਸੀ ਕਿ ਭਾਰਤੀ ਗਣਰਾਜ ਵਿੱਚ ਜਾਤ ਜਾਂ ਭਾਈਚਾਰੇ ਦੇ ਆਧਾਰ ‘ਤੇ ਕਿਸੇ ਵੀ ਤਰ੍ਹਾਂ ਦੀਆਂ ਰੁਕਾਵਟਾਂ ਨਹੀਂ ਹੋਣਗੀਆਂ। ਇੰਨਾ ਹੀ ਨਹੀਂ, ਉਹ ਜਾਤ ਅਤੇ ਭਾਈਚਾਰੇ ਦੇ ਆਧਾਰ ‘ਤੇ ਵੱਖਰੇ ਚੋਣ ਖੇਤਰਾਂ ਦੇ ਵਿਰੁੱਧ ਸਨ। ਉਹ ਆਪਣੀ ਸਾਰੀ ਜ਼ਿੰਦਗੀ ਦਲਿਤਾਂ ਅਤੇ ਵਾਂਝੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੇ। ਦਿੱਲੀ ਵਿੱਚ ਰਹਿੰਦਿਆਂ, ਉਨ੍ਹਾਂ ਨੇ ਮਹਿਲਾ ਸਫਾਈ ਕਰਮਚਾਰੀਆਂ ਨਾਲ ਕੰਮ ਕੀਤਾ।
ਸੁਚੇਤਾ ਕ੍ਰਿਪਲਾਨੀ (1908-1974)
ਸਾਲ 1963 ਵਿੱਚ ਪਹਿਲੀ ਔਰਤ ਮੁੱਖ ਮੰਤਰੀ (ਉੱਤਰ ਪ੍ਰਦੇਸ਼ ਦੀ) ਬਣਨ ਵਾਲੀ ਸੁਚੇਤਾ ਕ੍ਰਿਪਲਾਨੀ, ਇੱਕ ਗਾਂਧੀਵਾਦੀ ਸੀ ਅਤੇ ਭਾਰਤ ਛੱਡੋ ਅੰਦੋਲਨ ਦੌਰਾਨ ਭੂਮੀਗਤ ਗਤੀਵਿਧੀਆਂ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਸੀ। ਕਾਂਗਰਸ ਦੇ ਮੈਂਬਰ ਰਹਿੰਦਿਆਂ ਹੋਇਆ ਉਨ੍ਹਾਂ ਨੂੰ ਸੰਵਿਧਾਨ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਹ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦੇ ਹੱਕ ਵਿੱਚ ਸੀ। ਇਸ ਵਿੱਚ ਹਰ ਧਾਰਮਿਕ ਭਾਈਚਾਰੇ ਲਈ ਵਿਆਹ, ਵਿਰਾਸਤ, ਤਲਾਕ ਅਤੇ ਬੱਚੇ ਗੋਦ ਲੈਣ ਦੇ ਮੁੱਦਿਆਂ ‘ਤੇ ਇੱਕ ਕਾਨੂੰਨ ਬਾਰੇ ਗੱਲ ਕੀਤੀ ਗਈ ਸੀ।1946 ਵਿੱਚ ਬੰਗਾਲ ਦੇ ਨੋਆਖਲੀ (ਵੰਡ ਤੋਂ ਬਾਅਦ ਬੰਗਲਾਦੇਸ਼ ਵਿੱਚ) ਵਿੱਚ ਹੋਈ ਹਿੰਸਾ ਤੋਂ ਬਾਅਦ ਕੀਤੇ ਗਏ ਰਾਹਤ ਕਾਰਜਾਂ ਵਿੱਚ ਸੁਚੇਤਾ ਕ੍ਰਿਪਲਾਨੀ ਦੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਮੰਨਿਆ ਜਾਂਦਾ ਹੈ।
ਉੱਥੇ ਹੀ ਉਨ੍ਹਾਂ ਦੇ ਪਤੀ ਜੇਬੀ ਕ੍ਰਿਪਲਾਨੀ ਨੇ ਕਾਂਗਰਸ ਛੱਡ ਕੇ ਸਾਲ 1951 ਵਿੱਚ ਕਿਸਾਨ ਮਜ਼ਦੂਰ ਪ੍ਰਜਾ ਪਾਰਟੀ (ਕੇਐੱਮਪੀਪੀ) ਬਣਾਈ ਅਤੇ ਸੁਚੇਤਾ ਵੀ ਇਸ ਵਿੱਚ ਸ਼ਾਮਲ ਹੋ ਗਏ। ਹਾਲਾਂਕਿ ਬਾਅਦ ਵਿੱਚ ਸੁਚੇਤਾ ਕਾਂਗਰਸ ਵਿੱਚ ਵਾਪਸ ਆ ਗਏ। ਕੇਐੱਮਪੀਪੀ ਵਿੱਚ ਰਹਿੰਦਿਆਂ, ਸੁਚੇਤਾ ਨੇ ਲੋਕ ਸਭਾ ਚੋਣਾਂ ਲੜੀਆਂ ਅਤੇ ਨਵੀਂ ਦਿੱਲੀ ਤੋਂ ਜਿੱਤੇ ਵੀ। ਸੁਚੇਤਾ ਨੇ ਲੋਕ ਸਭਾ ਵਿੱਚ ਪੇਸ਼ ਹੋਏ ਹਿੰਦੂ ਵਿਆਹ ਬਿੱਲ ਦਾ ਸਮਰਥਨ ਕੀਤਾ, ਪਰ ਨਾਲ ਹੀ ਚੇਤਾਵਨੀ ਦਿੱਤੀ ਕਿ ਇਹ ਬਿੱਲ ਔਰਤਾਂ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਲਿਆ ਸਕਦਾ। ਉਹ ਸੰਸਦ ਵਿੱਚ ਪਾਕਿਸਤਾਨ ਤੋਂ ਆਏ ਹਿੰਦੂ ਅਤੇ ਸਿੱਖ ਸ਼ਰਨਾਰਥੀਆਂ ਦੀ ਆਵਾਜ਼ ਬਣ ਗਏ ਅਤੇ 1959 ਵਿੱਚ ਆਏ ਤਿੱਬਤੀ ਸ਼ਰਨਾਰਥੀਆਂ ਲਈ ਰਾਹਤ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਭਾਰਤ ਦੀ ਆਜ਼ਾਦੀ ਦੀ ਪਹਿਲੀ ਸ਼ਾਮ ‘ਤੇ, ਸੁਚੇਤਾ ਕ੍ਰਿਪਲਾਨੀ ਨੇ ਸੰਵਿਧਾਨ ਸਭਾ ਵਿੱਚ ਰਾਸ਼ਟਰੀ ਗੀਤ ਅਤੇ ਗੀਤ ਗਾਇਆ ਸੀ।
ਸਰੋਜਨੀ ਨਾਇਡੂ (1879-1949)
ਸਰੋਜਨੀ ਨਾਇਡੂ ਬੁਲਬੁਲਾਏ ਹਿੰਦ ਜਾਂ ਭਾਰਤ ਕੋਕਿਲਾ ਦੇ ਨਾਮ ਨਾਲ ਮਸ਼ਹੂਰ ਹਨ। ਉਨ੍ਹਾਂ ਦਾ ਜਨਮ ਹੈਦਰਾਬਾਦ ਵਿੱਚ ਹੋਇਆ ਸੀ। ਸਰੋਜਨੀ ਨਾਇਡੂ ਦੀਆਂ ਕਈ ਭੂਮਿਕਾਵਾਂ ਸਨ – ਕਵੀ, ਮਹਿਲਾ ਅਧਿਕਾਰ ਕਾਰਕੁਨ ਅਤੇ ਆਜ਼ਾਦੀ ਘੁਲਾਟੀਏ ਦੀ।ਉਨ੍ਹਾਂ ਨੇ ਆਪਣੀ ਪਸੰਦ ਨਾਲ ਡਾ. ਗੋਵਿੰਦਰਾਜੂਲੂ ਨਾਇਡੂ ਨਾਲ ਵਿਆਹ ਕੀਤਾ ਸੀ। ਇਹ ਉਸ ਸਮੇਂ ਚੋਣਵੇਂ ਅੰਤਰਜਾਤੀ ਅਤੇ ਅੰਤਰ ਖੇਤਰੀ ਵਿਆਹਾਂ ਵਿੱਚੋਂ ਇੱਕ ਸੀ। ਉਹ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਸਨ। ਉਹ ਗਾਂਧੀ ਜੀ ਦੇ ਬਹੁਤ ਨੇੜੇ ਸਨ ਅਤੇ ਸਾਰੀ ਉਮਰ ਉਨ੍ਹਾਂ ਨਾਲ ਕੰਮ ਕੀਤਾ ਸੀ। ਦੋਵਾਂ ਦੇ ਰਿਸ਼ਤੇ ਬਹੁਤ ਦੋਸਤਾਨਾ ਸਨ। ਸਰੋਜਨੀ ਦੇ ਅੰਦਾਜ਼-ਏ-ਬਿਆਂ ਦੀ ਤਾਰੀਫ਼ ਸਾਰੇ ਕਰਦੇ ਸਨ। ਉਹ ਚਾਹੁੰਦੇ ਸਨ ਕਿ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲੇ। ਸਰੋਜਨੀ ਨਾਇਡੂ ਸਵਰਾਜ ਦੀ ਸਮਰਥਕ ਸਨ। ਉਹ ਬਿਹਾਰ ਤੋਂ ਸੰਵਿਧਾਨ ਸਭਾ ਲਈ ਚੁਣੇ ਗਏ ਸਨ। ਸਰੋਜਿਨੀ ਹਿੰਦੂ-ਮੁਸਲਮਾਨ ਏਕਤਾ ਦੀ ਸਮਰਥਕ ਅਤੇ ਵੰਡ ਦੇ ਵਿਰੁੱਧ ਸਨ। ਸੰਵਿਧਾਨ ਸਭਾ ਦੇ ਭਾਸ਼ਣ ਇਸ ਦੇ ਗਵਾਹ ਹਨ। ਬਾਅਦ ਵਿੱਚ ਉਨ੍ਹਾਂ ਨੂੰ ਸੰਯੁਕਤ ਪ੍ਰਾਂਤਾਂ ਦੀ ਰਾਜਪਾਲ ਨਿਯੁਕਤ ਕੀਤਾ ਗਿਆ।
ਵਿਜੇ ਲਕਸ਼ਮੀ ਪੰਡਿਤ (1900-1990)
ਨਹਿਰੂ ਪਰਿਵਾਰ ਵਿੱਚ ਜਨਮੀ ਵਿਜੇ ਲਕਸ਼ਮੀ ਪੰਡਿਤ ਨੂੰ ਪਹਿਲਾਂ ਸਵਰੂਪ ਕੁਮਾਰੀ ਵਜੋਂ ਜਾਣਿਆ ਜਾਂਦਾ ਸੀ। ਆਪਣੇ ਪਿਤਾ ਮੋਤੀ ਲਾਲ ਨਹਿਰੂ ਵਾਂਗ, ਉਹ ਰਾਜਨੀਤਿਕ ਕਾਰਕੁਨ ਅਤੇ ਸਮਾਜ ਸੁਧਾਰਕ ਗੋਪਾਲ ਕ੍ਰਿਸ਼ਨ ਗੋਖਲੇ ਦੀ ਪ੍ਰਸ਼ੰਸਕ ਸਨ। 1930 ਵਿੱਚ ਸਿਵਲ ਨਾਫ਼ਰਮਾਨੀ ਲਹਿਰ ਸ਼ੁਰੂ ਹੋਈ ਸੀ। ਵਿਜੇ ਲਕਸ਼ਮੀ ਪੰਡਿਤ ਨੂੰ ਇਲਾਹਾਬਾਦ ਵਿੱਚ ਕਾਂਗਰਸ ਕਮੇਟੀ ਦੀ ਮੀਟਿੰਗ ਦੌਰਾਨ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਥੋਂ ਹੀ ਉਨ੍ਹਾਂ ਦਾ ਰਾਜਨੀਤਿਕ ਕਰੀਅਰ ਆਕਾਰ ਲੈਣਾ ਸ਼ੁਰੂ ਹੋਇਆ ਸੀ। ਉਹ ਸੂਬਾਈ ਚੋਣਾਂ ਵਿੱਚ ਕਾਨਪੁਰ ਤੋਂ ਜਿੱਤੇ ਸਨ। ਬ੍ਰਿਟਿਸ਼ ਜ਼ੁਲਮ ਬਾਰੇ ਦੱਸਣ ਲਈ ਵਿਜੇ ਲਕਸ਼ਮੀ ਪੰਡਿਤ ਨੂੰ ਅਮਰੀਕਾ ਭੇਜਿਆ ਗਿਆ ਸੀ। ਇਹ ਗਾਂਧੀ ‘ਤੇ ਕਹਿਣ ʼਤੇ ਕੀਤਾ ਗਿਆ ਸੀ।
ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਭਾਰਤ ਦੇ ਪ੍ਰਤੀਨਿਧੀ ਮੰਡਲ ਦਾ ਮੁਖੀ ਬਣਾਇਆ ਗਿਆ ਸੀ। ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਚੁੱਕਿਆ। ਭਾਰਤ ਵਾਪਸ ਆਉਣ ‘ਤੇ, ਉਨ੍ਹਾਂ ਨੂੰ ਸੰਵਿਧਾਨ ਸਭਾ ਦਾ ਮੈਂਬਰ ਬਣਾਇਆ ਗਿਆ। ਉਨ੍ਹਾਂ ਨੇ ਤਤਕਾਲੀ ਸੋਵੀਅਤ ਯੂਨੀਅਨ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤ ਦੀ ਰਾਜਦੂਤ ਵਜੋਂ ਵੀ ਸੇਵਾ ਨਿਭਾਈ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਧਾਨ ਵੀ ਚੁਣੇ ਗਏ ਸਨ। ਸਾਲ 1965 ਵਿੱਚ ਭਾਰਤ ਉੱਤੇ ਪਾਕਿਸਤਾਨ ਦੇ ਹਮਲੇ ਤੋਂ ਬਾਅਦ, ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਉਨ੍ਹਾਂ ਨੂੰ ਹਥਿਆਰਾਂ ਦੀ ਮਦਦ ਲਈ ਫਰਾਂਸ ਭੇਜਿਆ। ਆਪਣੇ ਭਰਾ ਜਵਾਹਰ ਲਾਲ ਨਹਿਰੂ ਦੀ ਮੌਤ ਤੋਂ ਬਾਅਦ, ਉਨ੍ਹਾਂ ਨੇ ਫੂਲਪੁਰ ਸੀਟ ਤੋਂ ਉਪ ਚੋਣ ਲੜੀ ਅਤੇ ਜਿੱਤ ਵੀ ਹਾਸਿਲ ਕੀਤੀ।
ਬੇਗ਼ਮ ਕੁਦਸੀਆ ਐਜ਼ਾਜ਼ ਰਸੂਲ (1908-2001)
ਇਹ ਗੱਲ 1937 ਦੇ ਆਸ-ਪਾਸ ਦੀ ਹੈ। ਉਹ ਯੂਨਾਈਟਿਡ ਪ੍ਰੋਵਿੰਸ ਅਸੈਂਬਲੀ ਚੋਣਾਂ ਲੜ ਰਹੇ ਸਨ। ਮੌਲਾਨਿਆਂ ਨੇ ਉਨ੍ਹਾਂ ਦੇ ਖ਼ਿਲਾਫ਼ ਫਤਵਾ ਜਾਰੀ ਕਰ ਦਿੱਤਾ। ਫਤਵਾ ਸੀ, ਉਨ੍ਹਾਂ ਔਰਤਾਂ ਨੂੰ ਵੋਟ ਪਾਉਣਾ ਗੈਰ-ਇਸਲਾਮੀ ਹੈ ਜੋ ਪਰਦਾ ਨਹੀਂ ਕਰਦੀਆਂ। ਇਹ ਔਰਤ ਕੋਈ ਹੋਰ ਨਹੀਂ ਸਗੋਂ ਬੇਗ਼ਮ ਕੁਦਸੀਆ ਐਜ਼ਾਜ਼ ਰਸੂਲ ਸਨ। ਉਨ੍ਹਾਂ ਨੇ ਪਰਦਾ ਤਿਆਗ ਦਿੱਤਾ ਸੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਇੱਕ ਵਾਰ ਆਪਣੇ ਪਤੀ ਨਵਾਬ ਐਜ਼ਾਜ਼ ਰਸੂਲ ਨੂੰ ਕਿਹਾ, “ਮੈਂ ਉਨ੍ਹਾਂ ਲੋਕਾਂ ਦਾ ਸੱਦਾ ਸਵੀਕਾਰ ਨਹੀਂ ਕਰਾਂਗੀ ਜੋ ਆਪਣੇ ਘਰ ਦੀਆਂ ਔਰਤਾਂ ਨੂੰ ਪਰਦੇ ਵਿੱਚ ਰੱਖਦੇ ਹਨ। ਇਹ ਸ਼ਰਤ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ‘ਤੇ ਲਾਗੂ ਹੋਵੇਗੀ।” ਉਹ ਲੰਬੇ ਸਮੇਂ ਤੋਂ ਮੁਸਲਿਮ ਲੀਗ ਨਾਲ ਜੁੜੇ ਸੀ। ਬਾਅਦ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਆਜ਼ਾਦੀ ਅਤੇ ਵੰਡ ਤੋਂ ਬਾਅਦ, ਉਨ੍ਹਾਂ ਨੇ ਭਾਰਤ ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਉਹ ਔਰਤਾਂ ਦੀ ਸਿੱਖਿਆ ਦੇ ਪੈਰੋਕਾਰ ਸਨ। ਇੰਨਾ ਹੀ ਨਹੀਂ, ਉਨ੍ਹਾਂ ਦਾ ਮੰਨਣਾ ਸੀ ਕਿ ਮੁੰਡਿਆਂ ਅਤੇ ਕੁੜੀਆਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਸਿੱਖਿਆ ਦੇਣੀ ਚਾਹੀਦੀ ਹੈ। ਉਹ ਮੌਲਿਕ ਅਧਿਕਾਰਾਂ ਅਤੇ ਲਿੰਗ ਸਮਾਨਤਾ ਦੀ ਸਮਰਥਕ ਸਨ। ਉਹ ਲੰਬੇ ਸਮੇਂ ਤੱਕ ਆਲ ਇੰਡੀਆ ਮਹਿਲਾ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਅਤੇ ਮਹਿਲਾ ਹਾਕੀ ਨੂੰ ਸਨਮਾਨ ਦਿਵਾਉਣ ਲਈ ਨਿਰੰਤਰ ਕੰਮ ਕਰਦੇ ਰਹੇ ਸਨ।
ਹੰਸਾ ਮਹਿਤਾ (1897–1995)
ਗੁਜਰਾਤ ਵਿੱਚ ਜਨਮੇਂ, ਹੰਸਾ ਮਹਿਤਾ ਇੱਕ ਨਾਰੀਵਾਦੀ, ਸਮਾਜ ਸੁਧਾਰਕ ਅਤੇ ਸਮਾਨਤਾ ਦੇ ਵਕੀਲ ਸਨ। ਇਸ ਦੀ ਇੱਕ ਉਦਾਹਰਣ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (ਯੂਐੱਨਐੱਚਸੀਆਰ) ਵਿੱਚ ਉਨ੍ਹਾਂ ਦੀ ਭੂਮਿਕਾ ਹੈ। ਹੰਸਾ ਨੇ ਭਾਰਤੀ ਪ੍ਰਤੀਨਿਧੀ ਰਹਿੰਦੇ ਹੋਏ ਕਮਿਸ਼ਨ ਦੇ ਢਾਂਚੇ ਨੂੰ ਲਿੰਗ ਬਰਾਬਰ ਬਣਾਉਣ ‘ਤੇ ਜ਼ੋਰ ਦਿੱਤਾ। ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਐਲਾਨਨਾਮੇ (ਯੂਡੀਐੱਚਆਰ) ਦੀ ਧਾਰਾ 1 ਕਹਿੰਦੀ ਹੈ ਕਿ ਸਾਰੇ ਪੁਰਸ਼ ਆਜ਼ਾਦ ਅਤੇ ਬਰਾਬਰ ਪੈਦਾ ਹੁੰਦੇ ਹਨ। ਉਨ੍ਹਾਂ ਨੇ ਇਸ ਭਾਸ਼ਾ ਦਾ ਵਿਰੋਧ ਕੀਤਾ ਅਤੇ ਇਸ ਵਾਕ ਦੀ ਵਰਤੋਂ ʼਤੇ ਜ਼ੋਰ ਦਿੱਤਾ ਕਿ “ਸਾਰੇ ਮਨੁੱਖ ਆਜ਼ਾਦ ਅਤੇ ਬਰਾਬਰ ਪੈਦਾ ਹੁੰਦੇ ਹਨ।” ਲੰਡਨ ਪੜ੍ਹਨ ਗਏ ਹੰਸਾ ਮਹਿਤਾ ਦੀ ਮੁਲਾਕਾਤ ਉੱਥੇ ਸਰੋਜਨੀ ਨਾਇਡੂ ਨਾਲ ਹੋਈ ਅਤੇ ਉਹ ਉਨ੍ਹਾਂ ਦੇ ਮਾਰਗਰਸ਼ਕ ਬਣੇ। ਸਾਬਰਮਤੀ ਜੇਲ੍ਹ ਵਿੱਚ ਉਨ੍ਹਾਂ ਦੀ ਮੁਲਾਕਾਤ ਮਹਾਤਮਾ ਗਾਂਧੀ ਨਾਲ ਹੋਈ ਸੀ। ਸ਼ੁਰੂ ਵਿੱਚ ਉਹ ਔਰਤਾਂ ਦੇ ਅਧਿਕਾਰਾਂ ਅਤੇ ਸਿੱਖਿਆ ਲਈ ਕੰਮ ਕਰ ਰਹੇ ਸਨ ਪਰ ਫਿਰ ਉਹ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸ਼ਰਾਬਬੰਦੀ ਅਤੇ ਅਸਹਿਯੋਗ ਅੰਦੋਲਨਾਂ ਵਿੱਚ ਹਿੱਸਾ ਲਿਆ। ਉਹ ਭਗਿਨੀ ਸਮਾਜ ਦੀ ਨੁਮਾਇੰਦਗੀ ਕਰਦੇ ਸਨ ਅਤੇ ਉਨ੍ਹਾਂ ਨੇ ਬਾਲ ਵਿਆਹ ਨੂੰ ਅਸਵੀਕਾਰ ਐਲਾਨ ਲਈ ਸੋਧ ਦੀ ਮੰਗ ਕੀਤੀ ਸੀ। ਉਹ ਸੰਵਿਧਾਨ ਸਭਾ ਦੇ ਮੌਲਿਕ ਅਧਿਕਾਰਾਂ ਬਾਰੇ ਉਪ-ਕਮੇਟੀ ਦੀ ਮੈਂਬਰ ਵੀ ਸਨ ਅਤੇ ਯੂਸੀਸੀ ਦੀ ਵਕਾਲਤ ਵੀ ਕੀਤੀ। ਉਹ ਯੂਨੈਸਕੋ ਦੇ ਬੋਰਡ ਦੀ ਮੈਂਬਰ ਵੀ ਰਹੇ ਸਨ।
ਕਮਲਾ ਚੌਧਰੀ (1908-1970)
ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਵਿੱਚ, ਕਮਲਾ ਚੌਧਰੀ ਨੇ ਪਿਤਾ ਪੁਰਖੀ ਸੋਚ, ਨਾਰੀਵਾਦ ਅਤੇ ਲਿੰਗ ਸਮਾਨਤਾ ਵਰਗੇ ਮੁੱਦੇ ਉਠਾਏ ਸਨ। ਇਸ ਤੋਂ ਇਲਾਵਾ, 80 ਸਾਲ ਪਹਿਲਾਂ ਉਨ੍ਹਾਂ ਨੇ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਲਿਖਿਆ ਸੀ, ਜਿਸ ਨੂੰ ਹਾਲ ਹੀ ਦੇ ਸਾਲਾਂ ਵਿੱਚ ਸਮਾਜ ਨੇ ਪਛਾਣਿਆ ਅਤੇ ਸਮਝਿਆ ਹੈ। ਉੱਤਰ ਪ੍ਰਦੇਸ਼ ਤੋਂ ਆਉਣ ਵਾਲੀ ਕਮਲਾ ਚੌਧਰੀ ਦਾ ਵਿਆਹ 15 ਸਾਲ ਦੀ ਉਮਰ ਵਿੱਚ ਹੋਇਆ ਗਿਆ ਸੀ। ਉਨ੍ਹਾਂ ਦੇ ਪਤੀ ਬ੍ਰਿਟਿਸ਼ ਸਰਕਾਰ ਲਈ ਕੰਮ ਕਰਦੇ ਸਨ। ਪਰ ਉਨ੍ਹਾਂ ਨੇ ਆਪਣੇ ਪਤੀ ਨੂੰ ਵੀ ਆਜ਼ਾਦੀ ਅੰਦੋਲਨ ਲਈ ਉਤਸ਼ਾਹਿਤ ਕੀਤਾ ਸੀ। ਉਹ ਸਿਵਲ ਨਾਫ਼ਰਮਾਨੀ ਅੰਦੋਲਨ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਮਹਿਲਾ ਚਰਖਾ ਸੰਘ ਦੇ ਸਕੱਤਰ ਬਣੇ ਅਤੇ ਕਈ ਵਾਰ ਜੇਲ੍ਹ ਵੀ ਗਏ।
ਸੰਵਿਧਾਨ ਸਭਾ ਦਾ ਮੈਂਬਰ ਬਣਨ ‘ਤੇ, ਉਨ੍ਹਾਂ ਨੇ ਬਹਿਸ ਦੌਰਾਨ ਹਿੰਦੂ ਕੋਡ ਬਿੱਲ ਦਾ ਸਮਰਥਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਔਰਤਾਂ ਦੇ ਅਧਿਕਾਰਾਂ ਲਈ ਪ੍ਰਭਾਵਸ਼ਾਲੀ ਹੋਵੇਗਾ। ਉਨ੍ਹਾਂ ਨੇ ਬਿੱਲ ਵਿੱਚੋਂ ਬਹੁ-ਵਿਆਹ ਦੀ ਵਿਵਸਥਾ ਨੂੰ ਹਟਾਉਣ ਦਾ ਸਮਰਥਨ ਕੀਤਾ ਸੀ। ਉਹ ਇਸ ਬਿੱਲ ਨੂੰ ਹਿੰਦੂ ਵਿਰੋਧੀ ਕਹੇ ਜਾਣ ਨਾਲ ਸਹਿਮਤ ਨਹੀਂ ਸੀ। ਇਸ ਬਿੱਲ ਦਾ ਵਿਰੋਧ ਇਸ ਲਈ ਵੀ ਹੋਇਆ ਕਿਉਂਕਿ ਇਸ ਵਿੱਚ ਜਾਇਦਾਦ ਵਿੱਚ ਧੀਆਂ ਦੇ ਬਰਾਬਰ ਅਧਿਕਾਰਾਂ ਦੀ ਗੱਲ ਕੀਤੀ ਗਈ ਸੀ। ਸਾਲ 1962 ਵਿੱਚ, ਕਮਲਾ ਚੌਧਰੀ ਨੇ ਹਾਪੁੜ ਸੀਟ ਤੋਂ ਲੋਕ ਸਭਾ ਚੋਣ ਜਿੱਤੀ ਸੀ।
ਪੂਰਨਿਮਾ ਬੈਨਰਜੀ (1911–1951)
ਆਜ਼ਾਦੀ ਦੇ ਅੰਦੋਲਨ ਵਿੱਚ ਸਰਗਰਮ ਭਾਗੀਦਾਰ, ਅਰੁਣਾ ਆਸਫ਼ ਅਲੀ ਦੀ ਭੈਣ ਪੂਰਨਿਮਾ ਬੈਨਰਜੀ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਦੇ ਬਹੁਤ ਨੇੜੇ ਸਨ। ਪੂਰਨਿਮਾ ਦਾ ਜਨਮ ਪੂਰਬੀ ਬੰਗਾਲ ਦੇ ਯਾਨਿ ਅੱਜ ਬੰਗਲਾਦੇਸ਼ ਦੇ ਬਾਰੀਸਾਲ ਵਿੱਚ ਹੋਇਆ ਸੀ। ਆਜ਼ਾਦੀ ਦੀ ਲਹਿਰ ਦੌਰਾਨ ਉਹ ਜੇਲ੍ਹ ਗਏ। ਜੇਲ੍ਹ ਕਾਰਨ ਉਨ੍ਹਾਂ ਦੀ ਸਿਹਤ ‘ਤੇ ਵੀ ਅਸਰ ਪਿਆ। ਸੰਵਿਧਾਨ ਸਭਾ ਦੇ ਮੈਂਬਰ ਹੋਣ ਦੇ ਨਾਤੇ, ਉਨ੍ਹਾਂ ਨੇ ਕਈ ਮੌਕਿਆਂ ‘ਤੇ ਸਰਗਰਮੀ ਨਾਲ ਦਖ਼ਲ ਦਿੱਤਾ। ਪੂਰਨਿਮਾ ਬੈਨਰਜੀ ਨੂੰ ਸਮਾਜਵਾਦੀ ਵਿਚਾਰਾਂ ਦੀ ਧਾਰਨੀ ਮੰਨਿਆ ਜਾਂਦਾ ਸੀ। ਮੌਲਿਕ ਅਧਿਕਾਰਾਂ ਅਤੇ ਸਕੂਲਾਂ ਵਿੱਚ ਧਾਰਮਿਕ ਸਿੱਖਿਆ ਬਾਰੇ ਉਨ੍ਹਾਂ ਦੇ ਵੱਖੋ-ਵੱਖਰੇ ਵਿਚਾਰ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਵਿੱਚ ਸਾਰੇ ਧਰਮਾਂ ਦੀ ਪੜ੍ਹਾਈ ਕਰਵਾਈ ਜਾਣੀ ਚਾਹੀਦੀ ਹੈ। ਕਿਉਂਕਿ ਇਸ ਨਾਲ ਵਿਦਿਆਰਥੀਆਂ ਦੀ ਸੋਚ ਦਾ ਦਾਇਰਾ ਵਧੇਗਾ। ਇੰਨਾ ਹੀ ਨਹੀਂ, ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰੀ ਸਹਾਇਤਾ ਨਾਲ ਚਲਾਏ ਜਾਣ ਵਾਲੇ ਕਿਸੇ ਵੀ ਵਿਦਿਅਕ ਸੰਸਥਾ ਵਿੱਚ ਘੱਟ ਗਿਣਤੀ ਭਾਈਚਾਰਿਆਂ ਨਾਲ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ।
ਮਾਲਤੀ ਚੌਧਰੀ (1904–1998)
ਮਾਲਤੀ ਚੌਧਰੀ ਉੜੀਸਾ (ਓਡੀਸ਼ਾ) ਤੋਂ ਸੰਵਿਧਾਨ ਸਭਾ ਲਈ ਚੁਣੇ ਗਏ ਸਨ। ਉਹ ਮਹਾਤਮਾ ਗਾਂਧੀ ਅਤੇ ਰਬਿੰਦਰਨਾਥ ਟੈਗੋਰ ਤੋਂ ਪ੍ਰਭਾਵਿਤ ਸੀ। ਉਹ ਸ਼ਾਂਤੀ ਨਿਕੇਤਨ ਵਿੱਚ ਪੜ੍ਹਨ ਵਾਲੀਆਂ ਪਹਿਲੀਆਂ ਕੁੜੀਆਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਆਪਣੀ ਪਸੰਦ ਦੇ ਨਵਕ੍ਰਿਸ਼ਨ ਚੌਧਰੀ ਨਾਲ ਵਿਆਹ ਕੀਤਾ। ਉਹ ਕਾਂਗਰਸ ਲਹਿਰ ਵਿੱਚ ਸਰਗਰਮ ਭਾਗੀਦਾਰ ਸੀ। ਉਨ੍ਹਾਂ ਕਾਰਨ ਆਜ਼ਾਦੀ ਦੇ ਅੰਦੋਲਨ ਵਿੱਚ ਓਡੀਸ਼ਾ ਵਿੱਚ ਔਰਤਾਂ ਦੀ ਭਾਗੀਦਾਰੀ ਵਧੀ। ਉਨ੍ਹਾਂ ਦੀ ਅਗਵਾਈ ਹੇਠ ਢੇਨਕਨਾਲ ਵਿੱਚ ਕਿਸਾਨਾਂ ਦਾ ਇੱਕ ਵੱਡਾ ਅੰਦੋਲਨ ਹੋਇਆ। ਉਹ ਭਾਰਤ ਛੱਡੋ ਅੰਦੋਲਨ ਦੌਰਾਨ ਜੇਲ੍ਹ ਗਏ ਸਨ। ਉਹ ਥੋੜ੍ਹੇ ਸਮੇਂ ਲਈ ਸੰਵਿਧਾਨ ਸਭਾ ਵਿੱਚ ਰਹੇ। ਆਜ਼ਾਦੀ ਤੋਂ ਠੀਕ ਪਹਿਲਾਂ ਨੋਆਖਲੀ ਵਿੱਚ ਦੰਗੇ ਹੋਏ ਸਨ।
ਗਾਂਧੀ ਜੀ ਉੱਥੇ ਸ਼ਾਂਤੀ ਲਈ ਪਿੰਡ-ਪਿੰਡ ਘੁੰਮ ਰਹੇ ਸਨ। ਮਾਲਤੀ ਚੌਧਰੀ ਨੇ ਸੰਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਨੋਆਖਲੀ ਦੇ ਦੰਗਾ ਪ੍ਰਭਾਵਿਤ ਇਲਾਕਿਆਂ ਵਿੱਚ ਕੰਮ ਕਰਨ ਲਈ ਗਾਂਧੀ ਜੀ ਨਾਲ ਚਲੇ ਗਏ। ਇਸੇ ਕਾਰਨ ਗਾਂਧੀ ਜੀ ਉਨ੍ਹਾਂ ਨੂੰ ‘ਤੂਫਾਨੀ’ ਕਹਿੰਦੇ ਸਨ। ਉਨ੍ਹਾਂ ਨੇ ਸਾਰੀ ਉਮਰ ਸਮਾਜ ਦੇ ਪਛੜੇ ਵਰਗਾਂ ਲਈ ਕੰਮ ਕਰਦੇ ਰਹੇ। ਪਤੀ-ਪਤਨੀ ਨੇ 1975 ਵਿੱਚ ਲਗਾਈ ਗਈ ਐਮਰਜੈਂਸੀ ਦਾ ਵਿਰੋਧ ਕੀਤਾ। ਦੋਵਾਂ ਨੂੰ ਜੇਲ੍ਹ ਜਾਣਾ ਪਿਆ।
ਲੀਲਾ ਰਾਏ (1900–1970)
ਲੀਲਾ ਰਾਏ ਕ੍ਰਾਂਤੀਕਾਰੀ ਸਮੂਹ ਸ਼੍ਰੀ ਸੰਘ ਦੀ ਕਾਰਜਕਾਰਨੀ ਅਤੇ ਉਸ ਦਾ ਸੰਚਾਲਨ ਵਿੱਚ ਕਰਨ ਵਾਲੀ ਪਹਿਲੀ ਔਰਤ ਸਨ। ਉਹ ਮੂਲ ਰੂਪ ਵਿੱਚ ਸਿਲਹਟ (ਹੁਣ ਬੰਗਲਾਦੇਸ਼ ਵਿੱਚ) ਤੋਂ ਸੀ। ਕਾਲਜ ਵਿੱਚ ਪੜ੍ਹਦਿਆਂ, ਉਨ੍ਹਾਂ ਨੂੰ ਅਸਹਿਯੋਗ ਅੰਦੋਲਨ ਬਾਰੇ ਪਤਾ ਲੱਗਾ। ਉਨ੍ਹਾਂ ਨੇ ਢਾਕਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਉਹ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਦੀ ਲਹਿਰ ਵਿੱਚ ਸ਼ਾਮਲ ਹੋਈ। ਉਨ੍ਹਾਂ ਨੇ ਉੱਤਰੀ ਬੰਗਾਲ ਵਿੱਚ ਸੁਭਾਸ਼ ਚੰਦਰ ਬੋਸ ਦੀ ਪਹਿਲਕਦਮੀ ‘ਤੇ ਬਣਾਈ ਗਈ ਹੜ੍ਹ ਰਾਹਤ ਕਮੇਟੀ ਲਈ ਵੀ ਕੰਮ ਕੀਤਾ। ਉਨ੍ਹਾਂ ਨੇ 12 ਦੋਸਤਾਂ ਨਾਲ ਇੱਕ ਮਹਿਲਾ ਸੰਗਠਨ, ਦੀਪਾਲੀ ਸੰਘ ਵੀ ਬਣਾਇਆ। ਇਸ ਦਾ ਕੰਮ ਕੁੜੀਆਂ ਨੂੰ ਸਿੱਖਿਅਤ ਕਰਨਾ ਸੀ। ਇਸ ਤੋਂ ਬਾਅਦ ਉਹ ਸ਼੍ਰੀ ਸੰਘ ਵਿੱਚ ਸ਼ਾਮਲ ਹੋ ਗਈ। ਇਸ ਸੰਗਠਨ ਵਿੱਚ ਔਰਤਾਂ ਨੂੰ ਬੰਬ ਬਣਾਉਣ, ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ ਅਤੇ ਪੈਂਫਲੇਟ ਵੰਡਣ ਦਾ ਕੰਮ ਦਿੱਤਾ ਗਿਆ ਸੀ।
ਦੀਪਾਲੀ ਸੰਘ ਨੇ ਆਪਣਾ ਮੁਖ ਪੱਤਰ ਜੈਸ਼੍ਰੀ ਪੱਤ੍ਰਿਕਾ ਸ਼ੁਰੂ ਕੀਤਾ, ਜਿਸ ਦਾ ਨਾਮ ਰਬਿੰਦਰਨਾਥ ਟੈਗੋਰ ਨੇ ਰੱਖਿਆ ਸੀ। ਪਰ ਫਿਰ ਸ਼੍ਰੀ ਸੰਘ ਅਤੇ ਦੀਪਾਲੀ ਸੰਘ ‘ਤੇ ਪਾਬੰਦੀ ਲਗਾ ਦਿੱਤੀ ਗਈ। ਲੀਲਾ ਨੂੰ ਜੇਲ੍ਹ ਭੇਜ ਦਿੱਤਾ ਗਿਆ। ਰਿਹਾਈ ਤੋਂ ਬਾਅਦ, ਲੀਲਾ ਦੀ ਮੁਲਾਕਾਤ ਸੁਭਾਸ਼ ਚੰਦਰ ਬੋਸ ਨਾਲ ਹੋਈ ਅਤੇ ਉਨ੍ਹਾਂ ਦੀ ਪਾਰਟੀ ਫਾਰਵਰਡ ਬਲਾਕ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਉਹ ਸੰਵਿਧਾਨ ਸਭਾ ਦੀ ਮੈਂਬਰ ਬਣ ਗਏ। ਪਰ ਉਹ ਵੰਡ ਦੇ ਵਿਚਾਰ ਤੋਂ ਬਹੁਤ ਦੁਖੀ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਵੰਡ ਦਾ ਕੋਈ ਬਦਲ ਨਹੀਂ ਹੈ, ਤਾਂ ਉਨ੍ਹਾਂ ਨੇ ਸੰਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ। ਉਹ ਨੋਆਖਲੀ (ਹੁਣ ਬੰਗਲਾਦੇਸ਼) ਗਏ ਅਤੇ ਦੰਗਿਆਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਕੈਂਪ ਸਥਾਪਿਤ ਕੀਤੇ।
ਦੁਰਗਾਬਾਈ ਦੇਸ਼ਮੁਖ (1909–1981)
ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਵਿੱਚ ਜਨਮੇ, ਦੁਰਗਾ ਦੇ ਮਾਪੇ ਸਮਾਜ ਸੇਵਕ ਸਨ। ਦੁਰਗਾ ਉਨ੍ਹਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਸੀ। ਉਨ੍ਹਾਂ ਨੇ ਦੇਵਦਾਸੀ ਅਤੇ ਮੁਸਲਮਾਨ ਔਰਤਾਂ ਦੇ ਪਰਦੇ ਦੀ ਪ੍ਰਥਾ ਦੇ ਵਿਰੁੱਧ ਮਹਾਤਮਾ ਗਾਂਧੀ ਤੱਕ ਆਪਣੀ ਆਵਾਜ਼ ਪਹੁੰਚਾਈ। ਗਾਂਧੀ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਅਤੇ ਮੁਸਲਮਾਨ ਔਰਤਾਂ ਲਈ ਸੁਧਾਰਾਂ ਬਾਰੇ ਗੱਲ ਕੀਤੀ। ਦੁਰਗਾ ਦੀ ਪ੍ਰਭਾਵਸ਼ਾਲੀ ਹਿੰਦੀ ਦੇਖ ਕੇ, ਗਾਂਧੀ ਨੇ ਪ੍ਰਬੰਧਕਾਂ ਨੂੰ ਆਂਧਰਾ ਪ੍ਰਦੇਸ਼ ਅਤੇ ਮਦਰਾਸ ਵਿੱਚ ਉਨ੍ਹਾਂ ਨੂੰ ਤਰਜਮੇਕਾਰ ਵਜੋਂ ਨਿਯੁਕਤ ਕਰਨ ਲਈ ਕਿਹਾ। ਦੁਰਗਾ ਆਪਣੇ ਸਿਧਾਂਤਾਂ ‘ਤੇ ਇੰਨੀ ਪੱਕੀ ਸੀ ਕਿ ਉਨ੍ਹਾਂ ਨੇ ਇੱਕ ਪ੍ਰਦਰਸ਼ਨੀ ਵਿੱਚ ਜਵਾਹਰ ਲਾਲ ਨਹਿਰੂ ਦੇ ਟਿਕਟ ਨਾ ਹੋਣ ʼਤੇ ਉਨ੍ਹਾਂ ਨੂੰਦਾਖ਼ਲਾ ਦੇਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਉਨ੍ਹਾਂ ਦਾ ਵਿਆਹ ਸਿਰਫ਼ ਅੱਠ ਸਾਲ ਦੀ ਉਮਰ ਵਿੱਚ ਹੋ ਗਿਆ ਸੀ ਅਤੇ ਉਨ੍ਹਾਂ ਨੇ 15 ਸਾਲ ਦੀ ਉਮਰ ਤੱਕ ਆਪਣੀ ਵੱਖਰੀ ਪਛਾਣ ਬਣਾ ਲਈ ਸੀ। ਇਸੇ ਉਮਰ ਵਿੱਚ ਜਦੋਂ ਉਨ੍ਹਾਂ ਦਾ ਗੌਣਾ (ਵਿਦਾਇਗੀ ਦੀ ਰਸਮ) ਹੋਇਆ ਤਾਂ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਉਹ ਆਪਣੀ ਮਾਂ ਦੇ ਨਾਲ ਦੱਖਣ ਵਿੱਚ ਨਮਕ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਏ ਅਤੇ ਜੇਲ੍ਹ ਵੀ ਗਏੇ। ਦੁਰਗਾ ਨੇ ਮਦਰਾਸ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਿਲ ਕੀਤੀ ਅਤੇ ਚਾਰ ਸਾਲਾਂ ਦੇ ਅੰਦਰ-ਅੰਦਰ ਕਾਨੂੰਨੀ ਪੇਸ਼ੇ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਬਣ ਗਈ। ਸੰਵਿਧਾਨ ਸਭਾ ਦੇ ਮੈਂਬਰ ਬਣਨ ਤੋਂ ਬਾਅਦ, ਉਨ੍ਹਾਂ ਨੂੰ ਸਟੀਅਰਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਅਤੇ ਵੱਲਭ ਭਾਈ ਪਟੇਲ ਨੇ ਉਨ੍ਹਾਂ ਨੂੰ ਪ੍ਰਸਤਾਵਿਤ ਸੋਧਾਂ ਦੀ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ। ਇਸ ਤੋਂ ਇਲਾਵਾ, ਸਪੀਕਰ ਦੀ ਗ਼ੈਰ-ਹਾਜ਼ਰੀ ਵਿੱਚ, ਉਹ ਸਦਨ ਦੀ ਕਾਰਵਾਈ ਦੀ ਪ੍ਰਧਾਨਗੀ ਕਰ ਸਕਦੇ ਸਨ। ਉਹ ਹਿੰਦੂ ਕੋਡ ਬਿੱਲ ਲਈ ਚੋਣ ਕਮੇਟੀ ਦੀ ਮੈਂਬਰ ਸਨ। ਦੁਰਗਾਬਾਈ ਦੇਸ਼ਮੁਖ ਨੇ ਹਿੰਦੀ ਦੀ ਬਜਾਇ ਹਿੰਦੁਸਤਾਨੀ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦੀ ਵਕਾਲਤ ਕੀਤੀ। ਸਿੱਖਿਆ ਦੇ ਖੇਤਰ ਅਤੇ ਲੋਕਾਂ ਦੇ ਵਿਕਾਸ ਵਿੱਚ ਯੋਗਦਾਨ ਲਈ ਉਨ੍ਹਾਂ ਨੂੰ ਕਈ ਸਨਮਾਨਾਂ ਦਿੱਤੇ ਗਏ, ਜਿਸ ਵਿੱਚ ਯੂਨੈਸਕੋ ਵਿਸ਼ਵ ਸ਼ਾਂਤੀ ਮੈਡਲ ਅਤੇ ਪਦਮ ਵਿਭੂਸ਼ਣ ਸ਼ਾਮਲ ਹਨ।
ਰੇਣੂਕਾ ਰੇ (1904–1997)
ਪਬਨਾ (ਹੁਣ ਬੰਗਲਾਦੇਸ਼ ਵਿੱਚ) ਵਿੱਚ ਜਨਮੇ ਰੇਣੂਕਾ ਕੋਲਕਾਤਾ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਗਾਂਧੀ ਜੀ ਨੂੰ ਮਿਲੇ। ਇਸ ਮੁਲਾਕਾਤ ਨੇ ਰੇਣੂਕਾ ਦੇ ਜੀਵਨ ਦੀ ਦਿਸ਼ਾ ਬਦਲ ਦਿੱਤੀ। ਉਹ ਅਸਹਿਯੋਗ ਅੰਦੋਲਨ ਦੇ ਸੰਬੰਧ ਵਿੱਚ ਉੱਥੇ ਸਨ। ਉਹ ਆਪਣੀ ਸਹੇਲੀ ਨਾਲ ਕਾਲਜ ਛੱਡ ਕੇ ਆਜ਼ਾਦੀ ਸੰਗਰਾਮ ਵਿੱਚ ਸ਼ਾਮਲ ਹੋ ਗਏ ਅਤੇ ਗਾਂਧੀ ਨੇ ਉਨ੍ਹਾਂ ਨੂੰ ਘਰ-ਘਰ ਜਾ ਕੇ ਦਾਨ ਇਕੱਠਾ ਕਰਨ ਲਈ ਕਿਹਾ। ਰੇਣੂਕਾ ਨੇ ਗਾਂਧੀ ਜੀ ਦੀਆਂ ਕਈ ਮੀਟਿੰਗਾਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹੋਈਆਂ ਪਰ ਫਿਰ ਉਹ ਪੜ੍ਹਾਈ ਲਈ ਲੰਡਨ ਚਲੇ ਗਏ। ਰੇਣੂਕਾ ਵਾਪਸ ਆਏ ਅਤੇ ਬਰਦਵਾਨ ਅਤੇ ਹੁਗਲੀ ਵਿੱਚ ਔਰਤਾਂ ਦੀ ਭਲਾਈ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰਬਿੰਦਰਨਾਥ ਟੈਗੋਰ ਨੇ ਉਨ੍ਹਾਂ ਦੇ ਜੀਵਨ ਵਿੱਚ ਖ਼ਾਸਾ ਅਸਰ ਪਾਇਆ ਅਤੇ ਉਨ੍ਹਾਂ ਨੇ ਰੇਣੂਕਾ ਨੂੰ ਵਿਸ਼ਵ-ਭਾਰਤੀ ਯੂਨੀਵਰਸਿਟੀ ਦੀ ਕਾਰਜਕਾਰੀ ਕੌਂਸਲ ਲਈ ਨਾਮਜ਼ਦ ਕੀਤਾ।
ਉਨ੍ਹਾਂ ਨੇ ਪੇਂਡੂ ਭਾਰਤ ਨੂੰ ਸਮਝਣ ਦਾ ਸਿਹਰਾ ਗਾਂਧੀ ਅਤੇ ਟੈਗੋਰ ਨੂੰ ਦਿੱਤਾ। ਹਿੰਦੂ ਕਾਨੂੰਨ ਕਮੇਟੀ ਦੇ ਪ੍ਰਧਾਨ ਸਰ ਬੀਐੱਨ ਰਾਓ ਨੇ ਸੈਂਟ੍ਰਲ ਲੈਜਿਸਲੈਟਿਵ ਅਸੈਂਬਲੀ ਵਿੱਚ ਮਹਿਲਾ ਸੰਗਠਨ ਦੀ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਰੇਣੂਕਾ ਨੂੰ ਦਿੱਤੀ ਸੀ। ਸੰਵਿਧਾਨ ਸਭਾ ਦੀ ਮੈਂਬਰ ਬਣਨ ਤੋਂ ਬਾਅਦ, ਰੇਣੂਕਾ ਨੇ ਹਿੰਦੂ ਕੋਡ ਬਿੱਲ, ਦੇਵਦਾਸੀ ਪ੍ਰਣਾਲੀ, ਜਾਇਦਾਦ ਦੇ ਅਧਿਕਾਰ ਆਦਿ ‘ਤੇ ਬਹਿਸਾਂ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਵਿਧਾਨ ਸਭਾ ਅਤੇ ਸੰਸਦ ਵਿੱਚ ਔਰਤਾਂ ਲਈ ਰਾਖਵੇਂਕਰਨ ਦਾ ਵਿਰੋਧ ਕੀਤਾ। ਉਨ੍ਹਾਂ ਦਾ ਤਰਕ ਸੀ ਕਿ ਰਾਖਵਾਂਕਰਨ ਔਰਤਾਂ ਦੇ ਵਿਕਾਸ ਵਿੱਚ ਰੁਕਾਵਟ ਪਵੇਗਾ। ਉਹ ਵੰਡ ਤੋਂ ਬਾਅਦ ਸ਼ਰਨਾਰਥੀਆਂ ਲਈ ਵੀ ਕੰਮ ਕਰਦੇ ਹਨ। ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਡਾ. ਬੀਸੀ ਰਾਏ ਨੇ ਉਨ੍ਹਾਂ ਨੂੰ ਮੁੜ ਵਸੇਬਾ ਮੰਤਰੀ ਬਣਨ ਅਤੇ ਕੈਬਨਿਟ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ। ਉਹ ਮਾਲਦਾ ਲੋਕ ਸਭਾ ਸੀਟ ਤੋਂ ਚੁਣੇ ਗਏ ਸਨ।
ਰਾਜਕੁਮਾਰੀ ਅੰਮ੍ਰਿਤ ਕੌਰ (1889-1964)
ਇੱਕ ਸ਼ਾਹੀ ਪਰਿਵਾਰ ਵਿੱਚ ਜਨਮੇ, ਅੰਮ੍ਰਿਤ ਕੌਰ ਨੇ ਆਪਣੇ ਜੀਵਨ ਦੇ ਤਿੰਨ ਦਹਾਕਿਆਂ ਤੱਕ ਮਹਾਤਮਾ ਗਾਂਧੀ ਦੀ ਸਹਿਯੋਗੀ ਵਜੋਂ ਕੰਮ ਕੀਤਾ। ਇਹ ਸਮਾਂ ਔਰਤਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਅੰਦੋਲਨ ਵਿੱਚ ਇੱਕ ਮਹੱਤਵਪੂਰਨ ਪੜਾਅ ਸੀ। ਕਾਂਗਰਸੀ ਆਗੂ ਅੰਮ੍ਰਿਤ ਦੇ ਘਰ ਆਉਂਦੇ ਰਹਿੰਦੇ ਸਨ। ਕਾਂਗਰਸ ਨੇਤਾ ਗੋਪਾਲ ਕ੍ਰਿਸ਼ਨ ਗੋਖਲੇ ਆਪਣੇ ਪਿਤਾ ਹਰਨਾਮ ਸਿੰਘ ਦੇ ਕਰੀਬੀ ਦੋਸਤ ਸਨ। ਗੋਖਲੇ ਦੇ ਕਾਰਨ ਹੀ ਅੰਮ੍ਰਿਤ ਕੌਰ ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦਾ ਜਨੂੰਨ ਪੈਦਾ ਹੋਇਆ ਸੀ। ਉਹ ਬੰਬਈ ਵਿੱਚ ਕਾਂਗਰਸ ਦੀ ਮੀਟਿੰਗ ਦੌਰਾਨ ਗਾਂਧੀ ਨੂੰ ਮਿਲੇ। ਉਹ ਗਾਂਧੀਵਾਦੀ ਵਿਚਾਰਧਾਰਾ ਤੋਂ ਇੰਨੀ ਪ੍ਰਭਾਵਿਤ ਹੋਏ ਕਿ ਉਹ ਸਾਬਰਮਤੀ ਆਸ਼ਰਮ ਵੀ ਗਏ। ਉਹ ਆਲ ਇੰਡੀਆ ਵਰਕਿੰਗ ਕਾਨਫਰੰਸ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਸੀ। ਗਾਂਧੀ ਨੇ ਤ੍ਰਾਵਨਕੋਰ ਦੇ ਦੀਵਾਨ ਨੂੰ ਹਟਾਉਣ ਨੂੰ ਲੈ ਕੇ ਚੱਲ ਰਹੇ ਮਤਭੇਦਾਂ ਨੂੰ ਸੁਲਝਾਉਣ ਲਈ ਅੰਮ੍ਰਿਤ ਨੂੰ ਭੇਜਿਆ ਸੀ।
ਰਾਜਕੁਮਾਰੀ ਅੰਮ੍ਰਿਤ ਕੌਰ ਨੇ ਗੁਜਰਾਤ ਵਿੱਚ ਛੂਆਛੂਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਕੰਮ ਕੀਤਾ। ਅਰੁਣਾ ਆਸਫ਼ ਅਲੀ ਨੇ ਅੰਮ੍ਰਿਤ ‘ਤੇ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕਿਸੇ ਵੀ ਔਰਤ ਨੂੰ ਸ਼ਾਮਲ ਨਾ ਕਰਨ ਦੀ ਆਲੋਚਨਾ ਅੰਮ੍ਰਿਤ ਨੇ ਜਵਾਹਰ ਲਾਲ ਨਹਿਰੂ ਦੀ ਕੀਤੀ ਸੀ, ਜਿਸ ਤੋਂ ਬਾਅਦ ਸਰੋਜਨੀ ਨਾਇਡੂ ਨੂੰ ਮੀਟਿੰਗ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ ਨਮਕ ਸੱਤਿਆਗ੍ਰਹਿ ਲਈ ਜੇਲ੍ਹ ਗਈ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਵੀ ਹਿੱਸਾ ਲਿਆ। ਉਹ ਸੰਵਿਧਾਨ ਸਭਾ ਦੀ ਮੈਂਬਰ ਬਣੀ, ਜਿੱਥੇ ਉਨ੍ਹਾਂ ਨੇ ਯੂਸੀਸੀ ਲੈ ਕੇ ਆਉਣ ਦੀ ਗੱਲ ਕਹੀ। ਅੰਮ੍ਰਿਤ ਕੌਰ ਨੇ ਨਹਿਰੂ ਕੈਬਨਿਟ ਵਿੱਚ ਸਿਹਤ ਮੰਤਰੀ ਬਣੇ। ਸਿਹਤ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਮਲੇਕੀਆ ਅਤੇ ਕੋੜ੍ਹ ਵਰਗੀਆਂ ਹੋਰ ਬਿਮਾਰੀਆਂ ਲਈ ਪਾਇਲਟ ਪ੍ਰੋਗਰਾਮ ਚਲਾਏ। ਇਹ ਅੰਮ੍ਰਿਤ ਕੌਰ ਹੀ ਸਨ ਜਿਨ੍ਹਾਂ ਨੇ ਭਾਰਤ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਸਥਾਪਤ ਕਰਨ ਲਈ ਬਿੱਲ ਲਿਆਂਦਾ ਸੀ।
ਐਨੀ ਮੈਸਕੇਰੀਨ (1902-1963)
ਐਨੀ ਮੈਸਕੇਰੀਨ ਤ੍ਰਾਵਣਕੋਰ ਅਤੇ ਕੋਚੀਨ ਰਿਆਸਤ ਤੋਂ ਸੰਵਿਧਾਨ ਸਭਾ ਦੇ ਮੈਂਬਰ ਬਣੇ ਸਨ। ਉਨ੍ਹਾਂ ਨੇ ਇਤਿਹਾਸ ਅਤੇ ਅਰਥ ਸ਼ਾਸਤਰ ਵਿੱਚ ਦੋ ਐੱਮਏ ਡਿਗਰੀਆਂ ਹਾਸਿਲ ਕੀਤੀਆਂ। ਇਸ ਤੋਂ ਬਾਅਦ ਉਹ ਪੜ੍ਹਾਉਣ ਲਈ ਸੀਲੋਨ (ਸ਼੍ਰੀਲੰਕਾ) ਚਲੇ ਗਏ ਸਨ। ਕੁਝ ਸਮੇਂ ਬਾਅਦ ਉਹ ਤ੍ਰਾਵਣਕੋਰ ਵਾਪਸ ਪਰਤੇ। ਉਨ੍ਹਾਂ ਨੇ ਉੱਥੇ ਸਮਾਜਿਤ-ਸਿਆਸਤ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਉਹ ਆਜ਼ਾਦੀ ਦੇ ਅੰਦੋਲਨ ਦੀ ਭਾਗੀਦਾਰ ਬਣੇ ਅਤੇ ਜੇਲ੍ਹ ਵੀ ਗਏ। ਉਨ੍ਹਾਂ ਨੇ ਸੰਵਿਧਾਨ ਸਭਾ ਦੀ ਬਹਿਸ ਵਿੱਚ ਇੱਕ ਥਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਨਿਯੰਤਰਣ, ਨਿਰਦੇਸ਼ ਅਤੇ ਨਿਗਰਾਨੀ ਦੇ ਆਪਣੇ ਜਨ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਸੀ, ਅਸੀਂ ਲੋਕਤੰਤਰ ਦੇ ਸਿਧਾਂਤ ਬਣਾ ਰਹੇ ਹਾਂ। ਇਹ ਸਿਧਾਂਤ ਸਿਰਫ਼ ਚੋਣਾਂ ਲਈ ਨਹੀਂ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਨ। ਇਹ ਕੌਮ ਲਈ ਹੈ।ਉਹ ਹਿੰਦੂ ਕੋਡ ਬਿੱਲ ਲਈ ਬਣਾਈ ਗਈ ਕਮੇਟੀ ਦੀ ਮੈਂਬਰ ਵੀ ਸਨ। ਸਾਲ 1951 ਵਿੱਚ, ਉਹ ਕੇਰਲ ਦੇ ਤਿਰੂਵਨੰਤਪੁਰਮ ਤੋਂ ਇੱਕ ਆਜ਼ਾਦ ਉਮੀਦਵਾਰ ਵਜੋਂ ਸੰਸਦ ਮੈਂਬਰ ਚੁਣੇ ਗਏ।
ਅੰਮੂ ਸਵਾਮੀਨਾਥਨ (1894–1978)
ਏਵੀ ਅੰਮੂਕੁੱਟੀ ਜਾਂ ਅੰਮੂ ਸਵਾਮੀਨਾਥਨ ਦਾ ਜਨਮ ਕੇਰਲ ਦੇ ਪਾਲਘਾਟ ਵਿੱਚ ਹੋਇਆ ਸੀ। ਬਚਪਨ ਵਿੱਚ, ਅੰਮੂ ਨੂੰ ਘਰ ਵਿੱਚ ਹੀ ਮਲਿਆਲਮ ਵਿੱਚ ਸਿੱਖਿਆ ਮਿਲੀ ਸੀ। ਉਨ੍ਹਾਂ ਦਾ 1908 ਵਿੱਚ ਡਾ. ਸੁਬਰਾਮਾ ਸਵਾਮੀਨਾਥਨ ਨਾਲ ਵਿਆਹ ਹੋਇਆ। ਉਨ੍ਹਾਂ ਦੀ ਇੱਕ ਧੀ, ਲਕਸ਼ਮੀ, ਨੇਤਾ ਜੀ ਦੀ ਆਜ਼ਾਦ ਹਿੰਦ ਫੌਜ ਦੀ ਕੈਪਟਨ ਲਕਸ਼ਮੀ ਸਹਿਗਲ ਵਜੋਂ ਮਸ਼ਹੂਰ ਹੋਈ। ਅੰਮੂ ਆਜ਼ਾਦੀ ਅੰਦੋਲਨ ਦੇ ਕਈ ਨੇਤਾਵਾਂ ਦੇ ਸੰਪਰਕ ਵਿੱਚ ਆਏ ਅਤੇ ਔਰਤਾਂ ਦੇ ਮੁੱਦਿਆਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਮਹਿਲਾ ਭਾਰਤੀ ਐਸੋਸੀਏਸ਼ਨ ਅਤੇ ਆਲ ਇੰਡੀਅਨ ਮਹਿਲਾ ਕਾਨਫਰੰਸ ਨਾਲ ਜੁੜੇ ਹੋਏ ਸਨ।
ਅੰਮੂ 1946 ਵਿੱਚ ਮਦਰਾਸ ਤੋਂ ਸੰਵਿਧਾਨ ਸਭਾ ਲਈ ਚੁਣੇ ਗਏ ਸਨ। ਸੰਵਿਧਾਨ ਸਭਾ ਵਿੱਚ ਆਪਣੇ ਇੱਕ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਸੀ, “ਇਹ ਸੰਵਿਧਾਨ 40 ਕਰੋੜ ਲੋਕਾਂ ਦੇ ਸੁਪਨਿਆਂ ਦਾ ਪੂਰਾ ਹੋਣਾ ਹੈ। ਮੈਂ ਜਾਣਦੀ ਹਾਂ ਕਿ ਸੰਵਿਧਾਨ ਸਾਨੂੰ ਮੌਲਿਕ ਅਧਿਕਾਰ, ਬਰਾਬਰੀ ਦਾ ਦਰਜਾ, ਬਾਲਗ਼ ਵੋਟ ਅਧਿਕਾਰ ਦਿੰਦਾ ਹੈ।” “ਛੂਤਛਾਤ ਅਤੇ ਹੋਰ ਅਜਿਹੀਆੰ ਦੂਜੀਆਂ ਚੀਜ਼ਾਂ ਨੂੰ ਹਟਾਉਣ ਦੀ ਗੱਲ ਕਰਦਾ ਹੈ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਅਸੀਂ ਸਾਲਾਂ ਤੋਂ ਲੜ ਰਹੇ ਹਾਂ। ਹਾਲਾਂਕਿ, ਜੇਕਰ ਅਸੀਂ ਇਸ ਦੇਸ਼ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਾਂ, ਤਾਂ ਕਾਗਜ਼ਾਂ ‘ਤੇ ਦਿਖਾਈ ਦੇਣ ਵਾਲੀਆਂ ਇਹ ਸਾਰੀਆਂ ਚੀਜ਼ਾਂ ਕਾਫ਼ੀ ਨਹੀਂ ਹਨ।” “ਸਾਨੂੰ ਇਹ ਦੇਖਣਾ ਪਵੇਗਾ ਕਿ ਸੰਵਿਧਾਨ ਵਿੱਚ ਜੋ ਕਾਗਜ਼ ‘ਤੇ ਲਿਖਿਆ ਹੈ, ਉਹ ਸੰਵਿਧਾਨ ਵਿੱਚ ਵੀ ਪ੍ਰਤੀਬਿੰਬਤ ਹੁੰਦਾ ਹੈ। ਇਨ੍ਹਾਂ ਵਿਚਾਰਾਂ ਅਤੇ ਆਦਰਸ਼ਾਂ ਨੂੰ ਇਸ ਦੇਸ਼ ਦੇ ਲੋਕਾਂ ਦੁਆਰਾ ਲਾਗੂ ਕੀਤਾ ਜਾਣਾ ਚਾਹੀਦਾ ਹੈ।” ਉਹ ਇਸੇ ਵਿਚਾਰ ਅਤੇ ਆਦਰਸ਼ ਨੂੰ ਪੂਰਾ ਕਰਨ ਲਈ ਪੂਰੀ ਉਮਰ ਲੱਗੇ ਰਹੇ।
ਹਵਾਲੇ – ਧੰਨਵਾਦ ਸਹਿਤ- ਐਂਜਲਿਕਾ ਅਰੀਬਮ ਅਤੇ ਆਕਾਸ਼ ਸਤਿਆਵਲੀ ਦੁਆਰਾ ਲਿਖੀ ਕਿਤਾਬ ‘ਦਿ ਫਿਫਟੀਨ: ਦਿ ਲਾਈਵਜ਼ ਐਂਡ ਟਾਈਮਜ਼ ਆਫ ਦਿ ਵੂਮੈਨ ਇਨ ਇੰਡੀਆਜ਼ ਕਾਂਸਟੀਚਿਊਐਂਟ ਅਸੈਂਬਲੀ’
ਫਰੌਮ ਪਰਦਾ ਟੂ ਪਾਰਲੀਮੈਂਟ: ਬੇਗ਼ਮ ਕੁਦਸੀਆ ਐਜ਼ਾਜ਼
ਫਾਊਂਡਿੰਗ ਮਦਰਸ ਆਫ ਦਿ ਰਿਪਬਲਿਕ: ਅਚਊਤ ਚੇਤਨ
ਸੈਲੇਕਟੇਸ ਸਪੀਚੇਂਜ਼ ਆਫ ਦਿ ਵੂਮੈਨ ਮੈਂਬਰਸ ਆਫ ਦਿਨ ਕਾਂਸਟੀਚਿਊਐਂਟ ਅਸੈਂਬਲੀ’
ਲੇਖਕ ਬੀਬੀਸੀ ਪੱਤਰਕਾਰ ਹੈ
ਆਭਾਰ : https://www.bbc.com/punjabi/articles/cj48wzdvv4go
test