ਆਦਿੱਤਿਆ ਸਿਨਹਾ
ਆਧੁਨਿਕ ਰਣਭੂਮੀ ਦੇ ਸਮੀਕਰਣ ਪੂਰੀ ਤਰ੍ਹਾਂ ਬਦਲ ਗਏ ਹਨ। ਹੁਣ ਫ਼ੌਜੀਆਂ ਦੀ ਗਿਣਤੀ ਦੇ ਵੱਧ ਮਾਅਨੇ ਨਹੀਂ ਰਹਿ ਗਏ ਹਨ। ਅੱਜ ਜੋ ਦੇਸ਼ ਆਪਣੀ ਰੱਖਿਆ ਤਕਨੀਕ ਵਿਕਸਿਤ ਨਹੀਂ ਕਰੇਗਾ, ਉਹ ਦੂਜਿਆਂ ’ਤੇ ਨਿਰਭਰ ਹੋ ਕੇ ਰਹਿ ਜਾਵੇਗਾ। ਆਧੁਨਿਕ ਦੌਰ ਦੀ ਜੰਗ ਸਿਰਫ਼ ਫ਼ੌਜੀਆਂ ਦੀ ਗਿਣਤੀ ਨਾਲ ਨਹੀਂ, ਬਲਕਿ ਨਵੀਨਤਾ ਦੇ ਆਧਾਰ ’ਤੇ ਹੀ ਜਿੱਤੀ ਜਾ ਸਕਦੀ ਹੈ ਤੇ ਅਜਿਹੀ ਨਵੀਨਤਾ ਯਕੀਨੀ ਤੌਰ ’ਤੇ ਆਪਣੇ ਦਮ ’ਤੇ ਭਾਵ ਸਵਦੇਸ਼ੀ ਅਤੇ ਪ੍ਰਭੂਸੱਤਾ ਸੰਪੰਨ ਹੋਣੀ ਚਾਹੀਦੀ ਹੈ।
ਦੁਸ਼ਮਣ ’ਚ ਸਿਰਫ਼ ਤੁਹਾਡੇ ਹਥਿਆਰਾਂ ਦੇ ਜ਼ਖੀਰੇ ਦਾ ਹੀ ਡਰ ਨਾ ਹੋਵੇ, ਬਲਕਿ ਉਨ੍ਹਾਂ ਦੀ ਵਰਤੋਂ ਕਰਨ ਦੀ ਤੁਹਾਡੀ ਦ੍ਰਿੜ੍ਹਤਾ ਤੋਂ ਵੀ ਉਹ ਡਰਦਾ ਹੋਵੇ। ਜੇ ਕੋਈ ਦੇਸ਼ ਅਜਿਹੀ ਫ਼ੌਜੀ ਸਮੱਗਰੀ ਦੀ ਦਰਾਮਦ ’ਤੇ ਨਿਰਭਰ ਹੋਵੇ, ਜੋ ਤਤਕਾਲ ਉਪਲੱਬਧ ਨਾ ਹੋਵੇ ਜਾਂ ਰੱਖਿਆ ਇਕਰਾਰਨਾਮੇ ਗੁਪਤ ਸ਼ਰਤਾਂ ਨਾਲ ਬੱਝੇ ਹੋਣ ਤਾਂ ਰਣਨੀਤਕ ਸਮਰੱਥਾ ਸਦਾ ਸ਼ੱਕ ਦੇ ਘੇਰੇ ’ਚ ਰਹੇਗੀ।
ਕੋਈ ਵੀ ਦੇਸ਼ ਤਦ ਤੱਕ ਪ੍ਰਭੂਸੱਤਾ ਸੰਪੰਨ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਜਦ ਤੱਕ ਕਿ ਉਹ ਆਪਣੀ ਰੱਖਿਆ ਲਈ ਜ਼ਰੂਰੀ ਰੱਖਿਆ ਸਮੱਗਰੀ ਦੇ ਨਿਰਮਾਣ, ਰੱਖਰਖਾਅ ਤੇ ਉਸ ਨੂੰ ਸਮੇਂ ਮੁਤਾਬਕ ਅਪਗ੍ਰੇਡ ਕਰਨ ’ਚ ਸਮਰੱਥ ਨਹੀਂ ਹੋ ਜਾਂਦਾ। ਰੋਕਥਾਮ ਦੀ ਸ਼ਕਤੀ ਸਿਰਫ਼ ਸਮਰੱਥਾ ਹਾਸਲ ਕਰਨ ਨਾਲ ਨਹੀਂ, ਬਲਕਿ ਉਸ ਸਮਰੱਥਾ ਦੀ ਭਰੋਸੇਯੋਗ ਵਰਤੋਂ ਨਾਲ ਵੀ ਹਾਸਲ ਹੁੰਦੀ ਹੈ। ਭਾਰਤ ਇਨ੍ਹਾਂ ਸਾਰੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤੇ ਆਪ੍ਰੇਸ਼ਨ ਸਿੰਧੂਰ ਨੂੰ ਇਸ ਦਾ ਐਲਾਨ ਕਿਹਾ ਜਾ ਸਕਦਾ ਹੈ। ਆਪ੍ਰੇਸ਼ਨ ਸਿੰਧੂਰ ਦੇ ਤਹਿਤ ਪਾਕਿਸਤਾਨ ’ਤੇ ਕੀਤੀ ਗਈ ਫ਼ੌਜੀ ਕਾਰਵਾਈ ਸਟੀਕਤਾ, ਧੀਰਜ ਤੇ ਜ਼ਬਰਦਸਤ ਤਕਨੀਕੀ ਦਬਦਬੇ ਨਾਲ ਭਰਪੂਰ ਰਹੀ। ਪੂਰਾ ਵਿਸ਼ਵ ਸਿਰਫ਼ ਇਸ ਦੇ ਹੈਰਾਨੀਜਨਕ ਨਤੀਜੇ ਤੋਂ ਹੈਰਾਨ ਹੀ ਨਹੀਂ ਹੈ, ਬਲਕਿ ਸਾਡੀ ਸਵਦੇਸ਼ੀ ਤਕਨੀਕੀ ਸਮਰੱਥਾ ਦਾ ਲੋਹਾ ਮੰਨ ਰਿਹਾ ਹੈ। ਇਹ ਮੁਹਿੰਮ ਭਾਰਤੀ ਵਿਗਿਆਨੀਆਂ ਦੀ ਤਕਨੀਕ ਤੇ ਭਾਰਤੀ ਉਪਗ੍ਰਿਹਾਂ ਰਾਹੀਂ ਸੰਚਾਲਿਤ ਕੀਤੀ ਗਈ।
ਪਾਕਿਸਤਾਨ ਨੇ ਜਦ ਭਾਰਤ ਦੀ ਉੱਤਰੀ ਅਤੇ ਪੱਛਮੀ ਸਰਹੱਦ ’ਤੇ ਡ੍ਰੋਨਾਂ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਡੀਆਰਡੀਓ ਵੱਲੋਂ ਵਿਕਸਿਤ ਸਰਫੇਸ ਟੂ ਏਅਰ ਮਿਜ਼ਾਈਲ ਸਿਸਟਮ ਆਕਾਸ਼ ਨੇ ਉਨ੍ਹਾਂ ਨੂੰ ਸਟੀਕ ਨਿਸ਼ਾਨੇ ਨਾਲ ਖ਼ਤਮ ਕਰ ਦਿੱਤਾ। ਸੰਵੇਦਨਸ਼ੀਲ ਇਲਾਕਿਆਂ ਨੂੰ ਹਵਾਈ ਹਮਲਿਆਂ ਤੋਂ ਬਚਾਉਣ ਦੇ ਟੀਚੇ ਨਾਲ ਵਿਕਸਿਤ ਆਕਾਸ਼ ਸਿਸਟਮ ਇਕੱਠੇ ਕਈ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੈ। ਪੇਚੋਰਾ ਤੇ ਓਐੱਸਏ-ਏਕੇ ਵਰਗੇ ਪੁਰਾਣੇ ਸਿਸਟਮ ਨੇ ਬਾਹਰਲੇ ਘੇਰੇ ਨੂੰ ਸੁਰੱਖਿਅਤ ਰੱਖਿਆ ਜਦਕਿ ਆਕਾਸ਼ ਨੇ ਇਕ ਸ਼ਾਨਦਾਰ ਕਵਚ ਦੀ ਭੂਮਿਕਾ ਨਿਭਾਈ।
ਆਕਾਸ਼ਤੀਰ ਨੇ ਵੀ ਇਕ ਨਵੀਂ ਮਿਸਾਲ ਪੇਸ਼ ਕੀਤੀ। ਬਹੁਤ ਖ਼ਾਮੋਸ਼ੀ ਨਾਲ ਵਿਕਸਿਤ ਆਕਾਸ਼ਤੀਰ ਲਈ ਆਪ੍ਰੇਸ਼ਨ ਸਿੰਧੂਰ ਆਪਣੀ ਸਮਰੱਥਾ ਦਿਖਾਉਣ ਦਾ ਮੌਕਾ ਬਣਿਆ। ਇਸ ਨੇ ਦਰਸਾਇਆ ਕਿ ਇਹ ਇਕ ਅਜਿਹੀ ਰੱਖਿਆ ਪ੍ਰਣਾਲੀ ਹੈ ਜੋ ਜੰਗ ਦੇ ਨਤੀਜੇ ਬਦਲਣ ਦੀ ਸਮਰੱਥਾ ਰੱਖਦੀ ਹੈ। ਇਹ ਪੂਰੀ ਤਰ੍ਹਾਂ ਸਵਦੇਸ਼ੀ ਬਿਹਤਰੀਨ ਰੱਖਿਆ ਤਕਨੀਕ ਹੈ। ਜਿੱਥੇ ਪਾਕਿਸਤਾਨ ਚੀਨ ’ਚ ਬਣੇ ਐੱਚਕਿਊ-9 ਤੇ ਐੱਚਕਿਊ-16 ਵਰਗੀਆਂ ਪ੍ਰਣਾਲੀਆਂ ਦੇ ਭਰੋਸੇ ਰਿਹਾ, ਜੋ ਭਾਰਤੀ ਹਮਲੇ ਦੇ ਅੱਗੇ ਟਿਕ ਨਹੀਂ ਸਕੀਆਂ, ਉਥੇ ਆਕਾਸ਼ਤੀਰ ਅਜਿਹੀ ਢਾਲ ਬਣਿਆ ਜਿਸ ਨੇ ਹਰੇਕ ਪਾਕਿਸਤਾਨੀ ਪ੍ਰੋਜੈਕਟਾਈਲ ਨੂੰ ਤਬਾਹ ਕਰ ਕੇ ਦਿਖਾਇਆ। ਇਹ ਆਤਮਨਿਰਭਰਤਾ ਦੀ ਚੰਗੀ ਪੇਸ਼ਕਾਰੀ ਹੈ।
ਅਭੇਦ ਡਿਫੈਂਸ ਲਾਈਨ ਦੇ ਨਾਲ ਭਾਰਤ ਦੀ ਮਾਰੂ ਸਮਰੱਥਾ ਵੀ ਪਾਕਿਸਤਾਨ ਦਾ ਲੱਕ ਤੋੜਨ ਵਾਲੀ ਰਹੀ। ਦੇਸ਼ ’ਚ ਅਸੈਂਬਲ ਹੋਏ ਕਾਮੀਕਾਜੇ ਡ੍ਰੋਨ ਆਪਣੇ ਟੀਚੇ ਦੀ ਨਿਸ਼ਾਨਦੇਹੀ ਦੇ ਨਾਲ ਉਸ ਦੇ ਆਲੇ ਦੁਆਲੇ ਮੰਡਰਾਉਣ ’ਚ ਸਮਰੱਥ ਹਨ, ਜੋ ਮਿਜ਼ਾਈਲ ਹਮਲਿਆਂ ਲਈ ਆਧਾਰ ਤਿਆਰ ਕਰਦੇ ਹਨ। ਇਹ ਦਰਸਾਉਂਦਾ ਹੈ ਕਿ ਭਾਰਤੀ ਇੰਜੀਨੀਅਰ ਰੱਖਿਆ ਮੁਲਾਜ਼ਮਾਂ ਦੀ ਜਾਨ ਜੋਖ਼ਮ ’ਚ ਪਾਏ ਬਿਨਾਂ ਖ਼ਤਰਨਾਕ ਸਮਰੱਥਾ ਵਾਲੀ ਸਮੱਗਰੀ ਤਿਆਰ ਕਰ ਸਕਦੇ ਹਨ।
ਪਾਕਿਸਤਾਨ ਖ਼ਿਲਾਫ਼ ਇਹ ਪੂਰੀ ਮੁਹਿੰਮ ਸਿਰਫ਼ 23 ਮਿੰਟ ’ਚ ਅੰਜਾਮ ਦਿੱਤੀ ਗਈ। ਦੁਸ਼ਮਣ ਦੀ ਦਰਾਮਦ ਵਾਲੀ ਰੱਖਿਆ ਪ੍ਰਣਾਲੀ ਨੂੰ ਇਸ ਦਾ ਪਤਾ ਤੱਕ ਨਹੀਂ ਲੱਗ ਸਕਿਆ ਤੇ ਲੱਗਿਆ ਵੀ ਹੋਵੇਗਾ ਤਾਂ ਉਹ ਉਸ ਦਾ ਕੁਝ ਵਿਗਾੜ ਨਹੀਂ ਸਕੀ। ਆਪ੍ਰੇਸ਼ਨ ਸਿੰਧੂਰ ’ਚ ਇਸਰੋ ਦੇ ਉਪਗ੍ਰਿਹਾਂ ਦੀ ਵੀ ਅਹਿਮ ਭੂਮਿਕਾ ਰਹੀ। ਘੱਟੋ ਘੱਟ ਦਸ ਉਪਗ੍ਰਿਹ ਦੁਸ਼ਮਣ ਦੀਆਂ ਸਰਗਰਮੀਆਂ ਦਾ ਪਤਾ ਲਾ ਰਹੇ ਸਨ।
ਉਨ੍ਹਾਂ ਨੇ ਟੀਚਿਆਂ ਦੀ ਨਿਸ਼ਾਨਦੇਹੀ ਕਰਨ ’ਚ ਤਾਲਮੇਲ ਦੇ ਨਾਲ ਹੀ ਬਿਨਾਂ ਅੜਿੱਕਾ ਸੰਚਾਰ ਯਕੀਨੀ ਬਣਾਇਆ। ਇਹ ਫ਼ੌਜੀ ਮੁਹਿੰਮ ਘਰੇਲੂ ਡ੍ਰੋਨ ਉਦਯੋਗ ਦੀ ਸਮਰੱਥਾ ਨੂੰ ਵਿਆਪਕ ਮਾਨਤਾ ਦਿਵਾਉਣ ਦਾ ਮੰਚ ਵੀ ਬਣੀ। ਉਤਪਾਦਨ ਆਧਾਰਿਤ ਪ੍ਰੋਤਸਾਹਨ ਭਾਵ ਪੀਐੱਲਆਈ ਯੋਜਨਾ ਨਾਲ ਦੇਸ਼ ’ਚ 11 ਅਰਬ ਡਾਲਰ ਦੇ ਡ੍ਰੋਨ ਉਦਯੋਗ ਨੂੰ ਤੇਜ਼ੀ ਨਾਲ ਖੰਭ ਲੱਗੇ ਹਨ। ਇਹ ਪਹਿਲ ਸਿਰਫ਼ ਆਰਥਿਕ ਕ੍ਰਾਂਤੀ ਹੀ ਨਹੀਂ, ਰਣਨੀਤਕ ਤਿਆਰੀ ਦੀ ਅਹਿਮ ਕੜੀ ਬਣ ਕੇ ਵੀ ਉੱਭਰੀ ਹੈ। ਅੱਜ ਭਾਰਤ ’ਚ ਰੱਖਿਆ ਉਤਪਾਦਨ ਦਾ ਘੇਰਾ ਏਨਾ ਵਧ ਗਿਆ ਹੈ, ਜਿਸ ਦੀ ਇਕ ਦਹਾਕੇ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਲੜਾਕੂ ਜਹਾਜ਼ ਤੇਜਸ ਤੋਂ ਲੈ ਕੇ ਧਨੁਸ਼ ਆਰਟੀਲਰੀ ਤੇ ਅਰਜੁਨ ਟੈਂਕ ਤੋਂ ਲੈ ਕੇ ਆਪਣੇ ਦੇਸ਼ ’ਚ ਬਣੀਆਂ ਪਨਡੁੱਬੀਆਂ ਤੱਕ ਦੇਸ਼ ’ਚ 65 ਫ਼ੀਸਦੀ ਰੱਖਿਆ ਉਪਕਰਣਾਂ ਦਾ ਨਿਰਮਾਣ ਘਰੇਲੂ ਪੱਧਰ ’ਤੇ ਹੋ ਰਿਹਾ ਹੈ। ਪਹਿਲਾਂ 70 ਫ਼ੀਸਦੀ ਦਰਾਮਦ ਦੇ ਅਨੁਪਾਤ ’ਚ ਇਹ ਉਪਲੱਬਧੀ ਬਹੁਤ ਉੱਚੀ ਛਾਲ ਹੈ। ਵਿੱਤੀ ਸਾਲ 2024 ਦੌਰਾਨ ਭਾਰਤ ’ਚ 1.27 ਲੱਖ ਕਰੋੜ ਰੁਪਏ ਦਾ ਰਿਕਾਰਡ ਰੱਖਿਆ ਉਤਪਾਦਨ ਹੋਇਆ, ਜੋ ਵਿੱਤੀ ਸਾਲ 2014 ਦੇ 24,000 ਕਰੋੜ ਰੁਪਏ ਦੇ ਉਤਪਾਦਨ ਦੀ ਤੁਲਨਾ ’ਚ 24 ਗੁਣਾ ਵੱਧ ਰਿਹਾ। 2029 ਤੱਕ ਭਾਰਤ ਦਾ ਟੀਚਾ ਤਿੰਨ ਲੱਖ ਕਰੋੜ ਰੁਪਏ ਦੇ ਰੱਖਿਆ ਉਤਪਾਦਨ ਅਤੇ 50,000 ਕਰੋੜ ਰੁਪਏ ਦੇ ਉਤਪਾਦਾਂ ਦੀ ਬਰਾਮਦ ਦਾ ਹੈ।
ਸਪੱਸ਼ਟ ਹੈ ਕਿ ਭਾਰਤ ਨਾ ਸਿਰਫ਼ ਆਪਣੀ ਰੱਖਿਆ ਪ੍ਰਤੀ ਵਚਨਬੱਧ ਹੈ, ਬਲਕਿ ਉਹ ਵਿਸ਼ਵ ਨੂੰ ਕਿਫ਼ਾਇਤੀ ਦਰਾਂ ’ਤੇ ਅਸਰਦਾਰ ਰੱਖਿਆ ਸਮੱਗਰੀ ਉਪਲੱਬਧ ਕਰਵਾਉਣ ਦੀ ਦਿਸ਼ਾ ’ਚ ਵੀ ਅੱਗੇ ਵਧ ਰਿਹਾ ਹੈ। ਰੱਖਿਆ ਉਤਪਾਦਨ ’ਚ ਆ ਰਹੀ ਤੇਜ਼ੀ ਦੇ ਪਿੱਛੇ ਵੱਡੇ ਸੁਧਾਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਰੱਖਿਆ ਉਤਪਾਦਨ ਨੂੰ ਰਫ਼ਤਾਰ ਪ੍ਰਦਾਨ ਕਰਨ ਲਈ ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ’ਚ ਡਿਫੈਂਸ ਕਾਰੀਡੋਰ ਬਣਾਏ ਗਏ ਹਨ। ਸਟਾਰਟਅਪ ਪ੍ਰੋਤਸਾਹਿਤ ਕਰਨ ’ਚ ਆਈਡੀਈਐਕਸ ਦੀ ਕਾਮਯਾਬੀ ਵੀ ਜ਼ਿਕਰਯੋਗ ਹੈ।
ਸਵਦੇਸ਼ੀਕਰਨ ਲਈ ਸ੍ਰਿਜਨ ਜਿਹੀ ਪਹਿਲ ਨੂੰ ਅਮਲ ’ਚ ਲਿਆਉਣ ਦੇ ਨਾਲ ਹੀ ਜਨਤਕ-ਨਿੱਜੀ ਹਿੱਸੇਦਾਰੀ ਨੂੰ ਪਰਵਾਨ ਚੜ੍ਹਾਉਣਾ ਵੀ ਕਾਰਗਰ ਰਿਹਾ ਹੈ। ਕੁੱਲ ਰੱਖਿਆ ਉਤਪਾਦਨ ’ਚ ਨਿੱਜੀ ਖੇਤਰ ਦਾ ਯੋਗਦਾਨ ਹੁਣ 21 ਫ਼ੀਸਦੀ ਤੋਂ ਵੱਧ ਹੋ ਗਿਆ ਹੈ, ਜਿਸ ’ਚ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ਤੇ ਲਾਇਸੈਂਸ ਹਾਸਲ ਕੰਪਨੀਆਂ ਸਪਲਾਈ ਚੇਨ ਦੀ ਰੀੜ੍ਹ ਬਣੀਆਂ ਹੋਈਆਂ ਹਨ। ਨਵੀਨਤਾ ਹੁਣ ਸਿਰਫ਼ ਪੱਛਮ ਦਾ ਏਕਾਧਿਕਾਰ ਨਹੀਂ। ਭਾਰਤੀ ਲੈਬਾਰਟਰੀਆਂ ’ਚ ਨਵੀਤਨਾ ਨੂੰ ਸਾਕਾਰ ਰੂਪ ਦੇ ਕੇ ਰਣਭੂਮੀ ’ਚ ਉਸ ਦੀ ਅਸਰਦਾਰ ਪਰਖ ਵੀ ਹੋ ਰਹੀ ਹੈ।
ਆਪ੍ਰੇਸ਼ਨ ਸਿੰਧੂਰ ਇਨ੍ਹਾਂ ਕਲਪਨਾਵਾਂ ਦਾ ਵਿਵਹਾਰਿਕ ਨਤੀਜਾ ਰਿਹਾ। ਭਾਰਤ ਦਾ ਸੁਨੇਹਾ ਹੈ ਕਿ ਉਹ ਮਦਦ ਦੀ ਉਡੀਕ ਨਾ ਕਰ ਕੇ ਆਪਣੀ ਸਮਰੱਥਾ ਖ਼ੁਦ ਵਿਕਸਿਤ ਕਰੇਗਾ। ਅੱਜ ਜਦ ਦੇਸ਼ਾਂ ਦੀਆਂ ਆਸਥਾਵਾਂ ਬਦਲ ਕੇ ਨਵੇਂ ਸਮੂਹ ਬਣ ਰਹੇ ਹਨ ਤੇ ਨਿਰਭਰਤਾ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ, ਤਦ ਆਪ੍ਰੇਸ਼ਨ ਸਿੰਧੂਰ ਆਤਮਨਿਰਭਰਤਾ ਦਾ ਐਲਾਨ ਵੀ ਕਰ ਰਿਹਾ ਹੈ।
(ਲੇਖਕ ਲੋਕ-ਨੀਤੀ ਵਿਸ਼ਲੇਸ਼ਕ ਹੈ)
Credit : https://www.punjabijagran.com/editorial/general-self-reliance-on-the-defense-front-9492194.html
test