23 ਅਪਰੈਲ, 2025 – ਚੰਡੀਗੜ੍ਹ : ਪੰਜਾਬ ’ਚ ਕਣਕ ਦੀ ਵਾਢੀ ਦੌਰਾਨ ਹੀ ਅੱਗ ਦੀ ਚੰਗਿਆੜੀ ਕਿਸਾਨਾਂ ਦੀ ਫ਼ਸਲਾਂ ਨੂੰ ਸੁਆਹ ਕਰਨ ਲੱਗਦੀ ਹੈ। ਕੋਈ ਸਾਲ ਇਸ ਤੋਂ ਸੁੱਕਾ ਨਹੀਂ ਲੰਘਦਾ ਤੇ ਪੱਕੀ ਪੈਲੀਆਂ ਅੱਗਾਂ ਕਾਰਨ ਸੁਆਹ ਦੀ ਢੇਰੀ ਬਣ ਜਾਂਦੀਆਂ ਹਨ।
ਕਿਸਾਨਾਂ ਨੂੰ ਵਿੱਤੀ ਘਾਟੇ ਝੱਲਣੇ ਪੈਂਦੇ ਹਨ। ਇਹ ਹਰ ਸਾਲ ਦਾ ਵਰਤਾਰਾ ਹੈ। ਪਾਵਰਕੌਮ ਨੂੰ ਕਿਸਾਨ ਕਟਹਿਰੇ ’ਚ ਖੜ੍ਹਾ ਕਰਦੇ ਹਨ ਕਿਉਂਕਿ ਜ਼ਿਆਦਾਤਰ ਅੱਗਾਂ ਦੀ ਵਜ੍ਹਾ ਬਿਜਲੀ ਸਪਾਰਕ ਬਣਦੀ ਹੈ। ਹਾਲਾਂਕਿ ਫ਼ਸਲਾਂ ਨੂੰ ਅੱਗ ਲੱਗਣ ਦੇ ਹੋਰ ਵੀ ਕਈ ਕਾਰਨ ਹਨ।
ਅੱਜ ਨਵਾਂਸ਼ਹਿਰ ਦੇ ਪਿੰਡ ਸੜੋਆ ਵਿੱਚ 50 ਏਕੜ ਫ਼ਸਲ ਅੱਗ ਦੀ ਭੇਟ ਚੜ੍ਹ ਗਈ ਅਤੇ ਦੋ ਦਿਨ ਪਹਿਲਾਂ ਜਲਾਲਾਬਾਦ ਦੇ ਪਿੰਡ ਸਿਮਰੇਵਾਲਾ ਢਾਣੀ ’ਚ 50 ਏਕੜ ਫ਼ਸਲ ਨੂੰ ਅੱਗ ਲੱਗ ਗਈ। ਇਸ ਮੌਕੇ ਦੋ ਟਰੈਕਟਰ ਅਤੇ ਦੋ ਨੌਜਵਾਨ ਵੀ ਅੱਗ ’ਚ ਝੁਲਸ ਗਏ। ਗੁਰੂਹਰਸਹਾਏ ਹਲਕੇ ’ਚ 100 ਏਕੜ ਫ਼ਸਲ ਸੜੀ। ਕਲਾਨੌਰ ਲਾਗੇ 400 ਏਕੜ ਫ਼ਸਲ ਅੱਗ ਦੀ ਭੇਟ ਚੜ੍ਹੀ। ਕਈ ਥਾਵਾਂ ’ਤੇ ਫਾਇਰ ਬ੍ਰਿਗੇਡ ਅਤੇ ਬਹੁਤੇ ਥਾਵਾਂ ’ਤੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਅੱਗ ’ਤੇ ਕਾਬੂ ਪਾਉਂਦੇ ਹਨ।
ਮੌਜੂਦਾ ਸੀਜ਼ਨ ਦੌਰਾਨ ਪਾਵਰਕੌਮ ਕੋਲ ਇਨ੍ਹਾਂ ਅਗਨੀ ਘਟਨਾਵਾਂ ਬਾਬਤ ਹੁਣ ਤੱਕ 321 ਸ਼ਿਕਾਇਤਾਂ ਪੁੱਜੀਆਂ ਹਨ ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਜਿਹੜੇ ਕਿਸਾਨ ਅੱਗ ਦੀਆਂ ਘਟਨਾਵਾਂ ਕਾਰਨ ਪ੍ਰਭਾਵਿਤ ਹੁੰਦੇ ਹਨ, ਉਨ੍ਹਾਂ ਦੀ ਘਰੇਲੂ ਆਰਥਿਕਤਾ ਲੀਹੋਂ ਲਹਿ ਜਾਂਦੀ ਹੈ।
ਪਾਵਰਕੌਮ ਅਨੁਸਾਰ ਲੰਘੇ ਦਸ ਸਾਲਾਂ ਵਿੱਚ (2015-16 ਤੋਂ 2024-25 ਤੱਕ) ਪੰਜਾਬ ਵਿੱਚ ਬਿਜਲੀ ਸਪਾਰਕ ਨਾਲ ਅੱਗ ਲੱਗਣ ਦੀਆਂ 455 ਘਟਨਾਵਾਂ ਵਾਪਰੀਆਂ ਹਨ। ਇਨ੍ਹਾਂ ਵਿੱਚੋਂ 402 ਮਾਮਲੇ ਤਾਂ 2025-16 ਤੋਂ 2019-20 ਤੱਕ ਦੇ ਹੀ ਹਨ। ਪਾਵਰਕੌਮ ਦੇ ਅਧਿਕਾਰੀ ਦਾਅਵਾ ਕਰਦੇ ਹਨ ਕਿ ਢਿੱਲੀਆਂ ਤਾਰਾਂ ਜਾਂ ਸਪਾਰਕ ਕਾਰਨ ਹੁਣ ਅੱਗ ਲੱਗਣ ਦੇ ਮਾਮਲੇ ਘਟੇ ਹਨ।
ਬੀਤੇ ਦਸ ਸਾਲਾਂ ਦੌਰਾਨ ਬਿਜਲੀ ਸਪਾਰਕ ਨਾਲ 2229 ਏਕੜ ਫ਼ਸਲ ਅੱਗ ਦੀ ਭੇਟ ਚੜ੍ਹੀ ਹੈ। ਇਨ੍ਹਾਂ ਸਾਰੇ ਕੇਸਾਂ ਵਿੱਚ ਪਾਵਰਕੌਮ ਨੇ 1.60 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਅਸੈੱਸ ਕੀਤੀ ਸੀ ਜਿਸ ਵਿੱਚੋਂ 1.34 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ। ਵੱਡਾ ਮਸਲਾ ਇਹ ਹੈ ਕਿ ਪਾਵਰਕੌਮ ਵੱਲੋਂ ਜਿਨ੍ਹਾਂ ਕੇਸਾਂ ਵਿੱਚ ਮੁਆਵਜ਼ਾ ਦਿੱਤਾ ਜਾਂਦਾ ਹੈ, ਉਹ ਪੰਜਾਬ ਸਰਕਾਰ ਵੱਲੋਂ ਖਰਾਬੇ ਦੇ ਦਿੱਤੇ ਜਾਂਦੇ ਮੁਆਵਜ਼ੇ ਅਨੁਸਾਰ ਹੀ ਹੁੰਦਾ ਹੈ। ਇਸ ਮੁਆਵਜ਼ੇ ਨਾਲ ਤਾਂ ਕਿਸਾਨਾਂ ਵੱਲੋਂ ਜ਼ਮੀਨ ਦਾ ਤਾਰਿਆ ਜਾਂਦਾ ਠੇਕਾ ਵੀ ਪੂਰਾ ਨਹੀਂ ਹੁੰਦਾ। ਲੋਕ ਹਿਤੈਸ਼ੀ ਸੱਥ ਬਠਿੰਡਾ ਦੇ ਪ੍ਰਧਾਨ ਕਰਨੈਲ ਸਿੰਘ ਮਾਨ ਜੋ ਸਾਬਕਾ ਬਿਜਲੀ ਅਧਿਕਾਰੀ ਹਨ, ਦਾ ਕਹਿਣਾ ਸੀ ਕਿ ਫ਼ਸਲਾਂ ਨੂੰ ਅੱਗ ਲੱਗਣ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਈ ਵਾਰੀ ਅੱਗ ਦੀ ਵਜ੍ਹਾ ਖੇਤੀ ਮਸ਼ੀਨਰੀ ਬਣ ਜਾਂਦੀ ਹੈ ਅਤੇ ਕਈ ਵਾਰ ਬਦਲਾਖੋਰੀ ਤਹਿਤ ਗ਼ਲਤ ਅਨਸਰ ਵੀ ਅੱਗ ਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੁਕਸਾਨੀ ਫ਼ਸਲ ਦਾ ਪੂਰਾ ਮੁਆਵਜ਼ਾ ਦੇਣਾ ਚਾਹੀਦਾ ਹੈ।
ਵੇਰਵਿਆਂ ਅਨੁਸਾਰ ਜਦੋਂ ਕਿਤੇ ਅੱਗ ਦੀ ਘਟਨਾ ਵਾਪਰਦੀ ਹੈ ਤਾਂ ਮੁਆਵਜ਼ਾ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਮੇਟੀ ਬਣਾਈ ਜਾਂਦੀ ਹੈ। ਪਾਵਰਕੌਮ ਵੱਲੋਂ ਐਤਕੀਂ ਬਹਕਾਇਦਾ ਫ਼ਸਲਾਂ ਦੇ ਬਚਾਅ ਹਿਤ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਅਤੇ ਕੰਟਰੋਲ ਰੂਮ ਵੀ ਬਣਾਇਆ ਹੈ। ਪਾਵਰਕੌਮ ਅਜਿਹੀਆਂ ਘਟਨਾਵਾਂ ਨੂੰ ਰੋਕਣ ਖੇਤੀ ਸੈਕਟਰ ਲਈ ਸਵੇਰ ਚਾਰ ਘੰਟੇ ਬਿਜਲੀ ਸਪਲਾਈ ਦੇ ਰਿਹਾ ਹੈ।
ਸਮੁੱਚੇ ਨੁਕਸਾਨ ਦੀ ਭਰਪਾਈ ਹੋਵੇ: ਜੇਠੂਕੇ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦਾ ਕਹਿਣਾ ਸੀ ਕਿ ਅੱਗ ਨਾਲ ਨੁਕਸਾਨੀ ਫ਼ਸਲ ਨੂੰ ਕੌਮੀ ਨੁਕਸਾਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਇਸ ਨੁਕਸਾਨ ਦੀ ਪੂਰੀ ਭਰਪਾਈ ਸਰਕਾਰ ਕਰੇ ਕਿਉਂਕਿ ਬਹੁਤੇ ਕਿਸਾਨ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਾਰਕ ਤੋਂ ਇਲਾਵਾ ਕਈ ਵਾਰ ਤੂੜੀ ਬਣਾਉਣ ਵਾਲੀ ਮਸ਼ੀਨ ਵੀ ਅੱਗ ਦਾ ਕਾਰਨ ਬਣ ਜਾਂਦੀ ਹੈ।
ਪੰਜਾਬੀ ਟ੍ਰਿਬਯੂਨ
test