03 ਮਈ, 2025 – ਚੇਤਨਪੁਰਾ : ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੀਆਂ ਦਾਣਾ ਮੰਡੀਆਂ ਖਤਰਾਏ ਕਲਾਂ, ਸੰਗਤਪੁਰਾ ਅਤੇ ਚੱਕ ਸਿਕੰਦਰ ਆਦਿ ’ਚ ਕਣਕ ਦੀ ਚੁਕਾਈ ਬਹੁਤ ਹੀ ਸੁਸਤ ਰਫਤਾਰ ਵਿੱਚ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗ ਗਏ ਹਨ, ਜਿਸ ਕਾਰਨ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਦਾਣਾ ਮੰਡੀ ਖਤਰਾਏ ਕਲਾਂ ਵਿੱਚ ਗੱਲਬਾਤ ਕਰਦਿਆਂ ਆੜ੍ਹਤੀ ਪ੍ਰਸ਼ੋਤਮ ਸਿੰਘ ਬਾਠ ਖਤਰਾਏ ਖੁਰਦ ਅਤੇ ਗੁਰਪ੍ਰੀਤ ਸਿੰਘ ਖਤਰਾਏ ਖੁਰਦ ਨੇ ਦੱਸਿਆ ਕਿ ਜਿਸ ਟਰਾਂਸਪੋਰਟਰ ਨੂੰ ਸਰਕਾਰ ਵੱਲੋਂ ਟੈਂਡਰ ਜਾਰੀ ਕੀਤੇ ਗਏ ਹਨ, ਉਸ ਵੱਲੋਂ ਦਾਣਾ ਮੰਡੀ ਖਤਰਾਏ ਕਲਾਂ ਵਿੱਚੋਂ ਕਣਕ ਦੀ ਚੁਕਾਈ ਲਈ ਸਿਰਫ ਤਿੰਨ ਗੱਡੀਆਂ ਹੀ ਮੁਹੱਈਆ ਕਰਵਾਈਆਂ ਗਈਆਂ ਹਨ, ਜੋ ਕਿ 48 ਘੰਟਿਆਂ ’ਚ ਕਰੀਬ ਸਿਰਫ 1500 ਕਣਕ ਦੀ ਬੋਰੀ ਦੀ ਹੀ ਚੁਕਾਈ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਹੈ ਕਿ ਇਸ ਮੰਡੀ ਵਿੱਚ ਕੁੱਲ 10 ਆੜ੍ਹਤੀ ਕੰਮ ਕਰ ਰਹੇ ਹਨ, ਜਿਨ੍ਹਾਂ ਵੱਲੋਂ ਹੁਣ ਤੱਕ 1 ਲੱਖ 55 ਹਜ਼ਾਰ ਦੇ ਕਰੀਬ ਕਣਕ ਦੀ ਬੋਰੀ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ ਬਹੁਤ ਹੀ ਘੱਟ ਚੁਕਾਈ ਹੋਣ ਕਾਰਨ ਕਣਕ ਦੀ ਫਸਲ ਦੇ ਅੰਬਾਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਕਣਕ ਦੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇ ਟੈਂਡਰਕਾਰ ਕਣਕ ਦੀ ਚੁਕਾਈ ਵਾਸਤੇ ਸਹੀ ਪ੍ਰਬੰਧ ਕਰਨ ਵਿੱਚ ਅਸਫਲ ਸਾਬਤ ਹੋ ਰਿਹਾ ਹੈ ਤਾਂ ਉਸ ਦੇ ਟਰਾਂਸਪੋਰਟ ਦੇ ਟੈਂਡਰ ਤੁਰੰਤ ਰੱਦ ਕਰਕੇ ਆੜ੍ਹਤੀਆਂ ਦੇ ਨਾਂ ’ਤੇ ਜਾਰੀ ਕੀਤੇ ਜਾਣ, ਤਾਂ ਜੋ ਆੜ੍ਹਤੀ ਆਪਣੇ ਸਿਰ ’ਤੇ ਜ਼ਿੰਮੇਵਾਰੀ ਲੈ ਕੇ ਸਮੇਂ ਸਿਰ ਕਣਕ ਦੀ ਚੁਕਾਈ ਕਰਵਾ ਸਕਣ। ਇਸ ਮੌਕੇ ਆੜ੍ਹਤੀ ਹਰਜੀਤ ਸਿੰਘ, ਸੇਵਾ ਸਿੰਘ, ਮਨਜੀਤ ਸਿੰਘ, ਪ੍ਰੇਮਪਾਲ ਸਿੰਘ, ਸੱਜਣ ਸਿੰਘ, ਸੁਖਬੀਰ ਸਿੰਘ ਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਮਾਮਲੇ ਸਬੰਧੀ ਗੱਲਬਾਤ ਕਰਨ ’ਤੇ ਮੰਡੀ ਇੰਸਪੈਕਟਰ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਮੰਡੀ ਵਿੱਚੋਂ ਕਣਕ ਦੀ ਚੁਕਾਈ ਦਾ ਕੰਮ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਆੜ੍ਹਤੀਆਂ ਵੱਲੋਂ ਆਪਣੇ ਟਰਾਂਸਪੋਰਟ ਸਾਧਨਾਂ ਅਤੇ ਟੈਂਡਰਕਾਰ ਦੁਆਰਾ 35 ਤੋਂ 40 ਹਜ਼ਾਰ ਦੇ ਕਰੀਬ ਕਣਕ ਦੀ ਬੋਰੀ ਦੀ ਚੁਕਾਈ ਹੋ ਚੁੱਕੀ ਹੈ ਜਦ ਕਿ ਮਜ਼ਦੂਰ ਘੱਟ ਹੋਣ ਕਾਰਨ ਆੜ੍ਹਤੀਆਂ ਨੂੰ ਥੋੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ।
ਪੰਜਾਬੀ ਟ੍ਰਿਬਯੂਨ
test