15 ਮਈ, 2025 – ਤਲਵੰਡੀ ਭਾਈ : ਪੰਜਾਬ ਭਰ ਦੀਆਂ ਮੰਡੀਆਂ ਵਿੱਚ ਭਲਕੇ 15 ਮਈ ਨੂੰ ਕਣਕ ਦੀ ਖ਼ਰੀਦ ਬੰਦ ਹੋ ਜਾਵੇਗੀ, ਪਰ ਅੱਜ 14 ਮਈ ਤੱਕ ਖ਼ਰੀਦ ਹੋਈ ਫ਼ਸਲ ਦਾ ਵੱਡਾ ਭੰਡਾਰ ਅਜੇ ਵੀ ਮੰਡੀਆਂ ‘ਚ ਖੁੱਲ੍ਹੇ ਆਸਮਾਨ ਹੇਠਾਂ ਪਿਆ ਹੈ। ਅੱਜ ਸਥਾਨਕ ਮੰਡੀ ਵਿੱਚ ਹੀ ਸਿਰਫ਼ 722.5 ਕੁਇੰਟਲ ਕਣਕ ਦੀ ਖ਼ਰੀਦ ਹੋਈ ਹੈ। ਲਿਫ਼ਟਿੰਗ ਦੀ ਸਮੱਸਿਆ ਕਾਰਨ ਆੜ੍ਹਤੀ ਤੇ ਮੰਡੀ ਮਜ਼ਦੂਰ ਵੱਡੀ ਪਰੇਸ਼ਾਨੀ ‘ਚ ਹਨ। ਤਲਵੰਡੀ ਭਾਈ ਮਾਰਕੀਟ ਕਮੇਟੀ ਦੇ ਨੋਟੀਫਾਈਡ ਏਰੀਏ ‘ਚ ਪੈਂਦੇ 14 ਪੇਂਡੂ ਖ਼ਰੀਦ ਕੇਂਦਰਾਂ, 31 ਨਿੱਜੀ ਫੜ੍ਹਾਂ ਤੇ ਮੁੱਖ ਮੰਡੀ ਤਲਵੰਡੀ ਭਾਈ ‘ਚ ਅੱਜ 14 ਮਈ ਦੇ ਅੰਕੜਿਆਂ ਮੁਤਾਬਕ ਅਜੇ ਕਰੀਬ 25 ਫੀਸਦ ਮਾਲ ਦੀ ਚੁਕਾਈ ਹੋਣੀ ਬਾਕੀ ਹੈ।
ਇਨ੍ਹਾਂ ਖ਼ਰੀਦ ਕੇਂਦਰਾਂ ‘ਚੋਂ ਖ਼ਰੀਦੀ ਗਈ ਕੁੱਲ 1231683 ਕੁਇੰਟਲ ਕਣਕ ਵਿੱਚੋਂ ਅਜੇ ਤੱਕ 928024 ਕੁਇੰਟਲ ਮਾਲ ਦੀ ਹੀ ਲਿਫ਼ਟਿੰਗ ਹੋ ਸਕੀ ਹੈ। ਦਿਲਚਸਪ ਪਹਿਲੂ ਇਹ ਹੈ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਖ਼ਰੀਦੀ ਕੁੱਲ 39081 ਕੁਇੰਟਲ ਵਿੱਚੋਂ 38681 ਕੁਇੰਟਲ (99 ਫੀਸਦ) ਦੀ ਲਿਫ਼ਟਿੰਗ ਕਰ ਲਈ ਗਈ ਹੈ ਪਰ ਇਸ ਦੇ ਉਲਟ ਮੰਡੀਆਂ ‘ਚ ਸਰਕਾਰੀ ਖ਼ਰੀਦੀ ਕਣਕ ਦੇ ਅੰਬਾਰ ਲੱਗੇ ਪਏ ਹਨ। ਕੋਟ ਕਰੋੜ ਕਲਾਂ ਅਤੇ ਬੂਈਆਂ ਵਾਲਾ ਪੇਂਡੂ ਖ਼ਰੀਦ ਕੇਂਦਰਾਂ ‘ਚੋਂ ਅਜੇ ਤੱਕ ਕ੍ਰਮਵਾਰ ਸਿਰਫ਼ 46.5 ਅਤੇ 51 ਫੀਸਦ ਮਾਲ ਦੀ ਲਿਫ਼ਟਿੰਗ ਹੋਈ ਹੈ ਜੋ ਕਿ ਸਰਕਾਰ ਦੇ ਖ਼ਰੀਦ ਉਪਰੰਤ 72 ਘੰਟਿਆਂ ਵਿੱਚ ਮਾਲ ਲਿਫ਼ਟ ਕਰਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ।
ਜ਼ਿਲ੍ਹਾ ਆੜ੍ਹਤੀ ਸੰਘ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀ ਡੀਸੀ ਦੀਪ ਸ਼ਿਖਾ ਸ਼ਰਮਾ ਨੂੰ ਮਿਲਿਆ ਤੇ ਲਿਖਤੀ ਸ਼ਿਕਾਇਤ ਪੱਤਰ ਸੌਂਪ ਕੇ ਤੁਰੰਤ ਲਿਫ਼ਟਿੰਗ ਤੇਜ਼ ਕਰਨ ਦੀ ਮੰਗ ਕੀਤੀ।ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤੀਸ਼ ਕੁਮਾਰ ਕਾਇਤ ਨੂੰ ਗਿਲ੍ਹਾ ਹੈ ਕਿ ਕਿਸਾਨ ਫ਼ਸਲ ਵੇਚ ਕੇ ਵਿਹਲਾ ਹੋ ਗਿਆ ਤੇ ਆੜ੍ਹਤੀ ਵੀ ਰਾਤਾਂ ਆਪਣੇ ਪਰਿਵਾਰਾਂ ‘ਚ ਬਿਤਾ ਰਹੇ ਹਨ, ਪਰ ਮੰਡੀਆਂ ‘ਚ ਫਸੇ ਹਜ਼ਾਰਾਂ ਮਜ਼ਦੂਰ ਫ਼ਾਕੇ ਤੇ ਰਾਤਾਂ ਦੇ ਝਾਕੇ ਕੱਟਣ ਨੂੰ ਮਜਬੂਰ ਹਨ। ਮਜ਼ਦੂਰਾਂ ਨੂੰ ਫ਼ਸਲ ਦੀ ਮੁਫ਼ਤ ਰਾਖੀ ਦੇ ਨਾਲ-ਨਾਲ ਬੇਮੌਸਮੀ ਵਰਖਾ ਕਾਰਨ ਬੋਰੀਆਂ ਦੀ ਲੱਦ-ਪੁਲੱਦ ਵੀ ਮੁਫ਼ਤੋ-ਮੁਫ਼ਤੀ ਕਰਨੀ ਪੈ ਰਹੀ ਹੈ। ਦਹਾਕਿਆਂ ਤੋਂ ਉਹ ਇਸੇ ਵਰਤਾਰੇ ਨੂੰ ਆਪਣੇ ਹੱਡਾਂ ‘ਤੇ ਹੰਢਾ ਰਹੇ ਹਨ।
ਪੰਜਾਬੀ ਟ੍ਰਿਬਯੂਨ
test