02 ਮਈ, 2025 – ਲੁਧਿਆਣਾ : ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਅਧਿਆਪਕਾਂ ਵੱਲੋਂ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰਦਰਸ਼ਨਕਾਰੀ ਅਧਿਆਪਕਾਂ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਦਫਤਰ ਤੱਕ ਰੋਸ ਰੈਲੀ ਕੱਢਣ ਦਾ ਪ੍ਰੋਗਰਾਮ ਸੀ ਪਰ ਇਸ ਤੋਂ ਪਹਿਲਾਂ ਹੀ ਈ-ਰਿਕਸ਼ੇ ’ਤੇ ਲਾਏ ਸਪੀਕਰਾਂ ਕਾਰਨ ਉਨ੍ਹਾਂ ਦੀ ਪੁਲੀਸ ਅਧਿਕਾਰੀਆਂ ਨਾਲ ਮਾਮੂਲੀ ਬਹਿਸ ਹੋ ਗਈ।
ਇਸ ਮਗਰੋਂ ਅਧਿਆਪਕਾਂ ਨੇ ਸੰਜੀਵ ਅਰੋੜਾ ਨਾਲ ਮੀਟਿੰਗ ਕੀਤੀ ਜਿਨ੍ਹਾਂ ਨੇ ਅੱਗੇ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ। ਪਹਿਲਾਂ ਲਏ ਗਏ ਫ਼ੈਸਲੇ ਅਨੁਸਾਰ ਫਿਰੋਜ਼ਪੁਰ ਰੋਡ ’ਤੇ ਪੀਏਯੂ ਦੇ ਗੇਟ ਨੰਬਰ ਇੱਕ ਅੱਗੇ ਅੱਜ ਕੰਪਿਊਟਰ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਸੂਬੇ ਭਰ ’ਚੋਂ ਇਕੱਠੇ ਹੋਏ ਇਨ੍ਹਾਂ ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਲੰਬੇ ਸਮੇਂ ਤੋਂ ਸਕੂਲਾਂ ’ਚ ਸੇਵਾਵਾਂ ਦੇ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਅਧਿਆਪਕ ਆਗੂਆਂ ਜੋਨੀ ਸਿੰਗਲਾ, ਰੇਸ਼ਮ ਸਿੰਘ, ਹਰਜੀਤ ਸਿੰਘ, ਰਣਜੀਤ ਸਿੰਘ, ਰਜਵੰਤ ਕੌਰ, ਬਵਲੀਨ ਬੇਦੀ ਨੇ ਆਖਿਆ ਕਿ ਸਿੱਖਿਆ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਸਬੰਧੀ ਕਈ ਵਾਰ ਸਰਕਾਰ ਦੇ ਨੁਮਾਇੰਦਿਆਂ, ਅਧਿਕਾਰੀਆਂ ਨਾਲ ਮੀਟਿੰਗਾਂ ਵੀ ਹੋਈਆਂ ਪਰ ਹਾਲੇ ਤੱਕ ਉਨ੍ਹਾਂ ਨੂੰ ਪੱਕੇ ਨਹੀਂ ਕੀਤਾ ਗਿਆ।
ਅਧਿਆਪਕਾਂ ਨੇ ਸਰਕਾਰ ਨੂੰ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਦਾ ਵਾਅਦਾ ਵੀ ਚੇਤੇ ਕਰਵਾਇਆ ਅਤੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਇਸ ਦੌਰਾਨ ਈ-ਰਿਕਸ਼ੇ ’ਤੇ ਲਾਏ ਸਪੀਕਰਾਂ ਦੀ ਉੱਚੀ ਆਵਾਜ਼ ਨੂੰ ਲੈ ਕੇ ਉਨ੍ਹਾਂ ਦੀ ਪੁਲੀਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ। ਇਸ ਮਗਰੋਂ ਕੰਪਿਊਟਰ ਅਧਿਆਪਕਾਂ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਦਫਤਰ ਜਾ ਕੇ ਉਨ੍ਹਾਂ ਨਾਲ ਮੀਟਿੰਗ ਕੀਤੀ ਤੇ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਬਾਰੇ ਦੱਸਿਆ। ਅਰੋੜਾ ਨੇ ਆਉਂਦੇ ਦਿਨਾਂ ’ਚ ਅਧਿਆਪਕਾਂ ਦੀ ਮੀਟਿੰਗ ਸਰਕਾਰ ਦੇ ਨੁਮਾਇੰਦਿਆਂ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਹੈ।
ਪੰਜਾਬੀ ਟ੍ਰਿਬਯੂਨ
test