ਮਾਹਿਰਾਂ ਵੱਲੋਂ ਕਣਕ ’ਤੇ ਲੋੜੋਂ ਵੱਧ ਯੂਰੀਆ ਨਾ ਵਰਤਣ ਦੀ ਸਲਾਹ
27 ਫਰਵਰੀ, 2026 – ਮਾਨਸਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਖੇਤੀ ਵਿਭਾਗ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ ਦੀ ਫ਼ਸਲ ਵਿੱਚ ਲੋੜ ਤੋਂ ਜ਼ਿਆਦਾ ਯੂਰੀਆ ਨਾ ਵਰਤਣ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਵੀ ਖੇਤਾਂ ਵਿੱਚ ਕਿਸਾਨਾਂ ਨੂੰ ਯੂਰੀਆ ਦੀ ਘਾਟ ਨਜ਼ਰ ਆਉਂਦੀ ਹੈ, ਉੱਥੇ ਤੁਰੰਤ (ਨਾਈਟ੍ਰੋਜਨ) 3 ਫ਼ੀਸਦੀ ਯੂਰੀਆ ਦਾ ਛਿੜਕਾਅ ਤਿੰਨ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤਾ ਜਾਵੇ।
ਖੇਤੀ ਮਾਹਿਰਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਅੱਧ ਦਸੰਬਰ ਤੋਂ ਪਿੱਛੋਂ ਬੀਜੀ ਕਣਕ ਵਿੱਚ ਸਿਫ਼ਾਰਸ਼ ਕੀਤੀ ਪੂਰੀ ਮਾਤਰਾ ਨਾਲੋਂ 25 ਫ਼ੀਸਦੀ ਨਾਈਟ੍ਰੋਜਨ ਘੱਟ ਪਾਈ ਜਾਵੇ। ਖੇਤੀ ਅਧਿਕਾਰੀ ਨੇ ਰਾਤ ਦੇ ਮੌਸਮ ਨੂੰ ਇਸ ਸਮੇਂ ਕਣਕ ਵਾਸਤੇ ਲਾਭਦਾਇਕ ਦੱਸਿਆ ਹੈ। ਉਨ੍ਹਾਂ ਦਿਨ ਦੀ ਗਰਮੀ ਤੋਂ ਫ਼ਸਲ ਬਚਾਉਣ ਲਈ ਪਤਲਾ ਪਾਣੀ ਦੇਣ ਦੀ ਸਲਾਹ ਦਿੱਤੀ ਹੈ।
ਵਿਭਾਗ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਆਪਣੀ ਕਣਕ ਦੀ ਫ਼ਸਲ ਦਾ ਨਿਰੀਖਣ ਕਰਨ ਅਤੇ ਜੇ ਕਿਧਰੇ ਕੋਈ ਘਾਟ ਰੜਕਦੀ ਹੈ ਤਾਂ ਲਾਜ਼ਮੀ ਉਸ ਦੀ ਪੂਰਤੀ ਦਾ ਉਪਰਾਲਾ ਕਰਨ। ਮਹਿਕਮੇ ਨੇ ਚਿਤਾਵਨੀ ਦਿੱਤੀ ਹੈ ਕਿ ਅੱਜ-ਕੱਲ੍ਹ ਫ਼ਸਲ ਵਿੱਚ ਆਈ ਕੋਈ ਘਾਟ ਝਾੜ ਉੱਤੇ ਅਸਰ ਪਾ ਸਕਦੀ ਹੈ।
ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਕੁੱਝ ਖੇਤਾਂ ਵਿੱਚ ਨਾਈਟ੍ਰੋਜਨ, ਜ਼ਿੰਕ, ਮੈਗਨੀਂਜ, ਗੰਧਕ ਦੀ ਘਾਟ ਸਾਹਮਣੇ ਆਈ ਹੈ। ਇਸ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਫ਼ਸਲ ਉੱਤੇ ਉਸੇ ਤੱਤ ਦਾ ਛਿੜਕਾਅ ਕਰਨ ਲਈ ਕਿਹਾ ਗਿਆ ਹੈ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਫਰਵਰੀ ਮਹੀਨੇ ਵਿੱਚ ਪੈ ਰਹੀ ਗਰਮੀ ਨੇ ਕਿਸਾਨਾਂ ਨੂੰ ਫ਼ਿਕਰ ਪਾ ਦਿੱਤਾ ਹੈ। ਕਿਸਾਨ ਅਮਰੀਕ ਸਿੰਘ, ਨੇਕ ਸਿੰਘ, ਹਮੀਰ ਸਿੰਘ ਆਦਿ ਨੇ ਦੱਸਿਆ ਕਿ ਵਧਦਾ ਤਾਪਮਾਨ ਕਣਕ ਲਈ ਘਾਤਕ ਸਾਬਤ ਹੋ ਸਕਦਾ ਹੈ। ਇਸ ਸਮੇਂ ਕਣਕ ’ਚ ਦਾਣਾ ਬਣਨਾ ਸ਼ੁਰੂ ਹੁੰਦਾ ਹੈ ਤੇ ਤਾਪਮਾਨ ’ਚ ਵਾਧੇ ਕਾਰਨ ਦਾਣਾ ਸਹੀ ਨਹੀਂ ਬਣੇਗਾ। ਇਸ ਨਾਲ ਪੈਦਾਵਾਰ ਘਟੇਗੀ ਅਤੇ ਫਸਲ ਦੀ ਗੁਣਵੱਤਾ ’ਤੇ ਮਾੜਾ ਅਸਰ ਪਵੇਗਾ।
ਨਥਾਣਾ (ਭਗਵਾਨ ਦਾਸ ਗਰਗ): ਇਸ ਸਾਲ ਫਰਵਰੀ ਤੋਂ ਮੌਸਮ ਵਿੱਚ ਆਈ ਤਬਦੀਲੀ ਨੇ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪੈਦਾ ਕਰ ਦਿੱਤਾ ਹੈ। ਖੇਤੀ ਵਿਗਿਆਨੀਆਂ ਅਨੁਸਾਰ ਇਸ ਵਾਰ ਕਣਕ ਦਾ ਝਾੜ ਘਟਣ ਦਾ ਡਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮਾਰਚ ਮਹੀਨੇ ਵਿੱਚ ਸਵੇਰ ਸ਼ਾਮ ਦਾ ਮੌਸਮ ਠੰਢਾ ਨਾ ਰਿਹਾ ਤਾਂ ਪੈਦਾਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ।
ਪੰਜਾਬੀ ਟ੍ਰਿਬਯੂਨ