ਕਾਂਗਰਸ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਪਾਨ ਤੇ ਦੱਖਣੀ ਕੋਰੀਆ ਫੇਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਗਵੰਤ ਮਾਨ ਕਈ ਗੱਲਾਂ ਕਰ ਚੁੱਕੇ ਹਨ, ਜੋ ਸੱਚੀਆਂ…
13 ਦਸੰਬਰ, 2025 – ਪਟਿਆਲਾ : ਕਾਂਗਰਸ ਦੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਪਾਨ ਤੇ ਦੱਖਣੀ ਕੋਰੀਆ ਫੇਰੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਗਵੰਤ ਮਾਨ ਕਈ ਗੱਲਾਂ ਕਰ ਚੁੱਕੇ ਹਨ, ਜੋ ਸੱਚੀਆਂ ਸਾਬਤ ਨਹੀਂ ਹੋਈਆਂ। ਇੰਝ ਲੱਗਦਾ ਹੈ ਜਿਵੇਂ ਉਹ ਅੱਜ ਵੀ ਸਟੇਜ ’ਤੇ ਖੜ੍ਹੇ ਕਲਾਕਾਰੀ ਕਰ ਰਹੇ ਹੋਣ ਤੇ ਵਿਰੋਧੀ ਧਿਰ ਦੇ ਨੇਤਾ ਦਾ ਰੋਲ ਨਿਭਾਅ ਰਹੇ ਹੋਣ।
ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਪਾਨ ਤੇ ਕੋਰੀਆ ਦੇ ਦੌਰੇ ਤੋਂ ਵੀ ਭਗਵੰਤ ਮਾਨ ਸਿਰਫ਼ ਗੱਲਾਂ ਹੀ ਲੈ ਕੇ ਆਏ ਹਨ, ਪੰਜਾਬ ਲਈ ਕੁਝ ਵੀ ਨਹੀਂ।
ਉਨ੍ਹਾਂ ਇੱਥੇ ਇਹ ਵੀ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਸੰਵਿਧਾਨ ਨੂੰ ਛਿੱਕੇ ਟੰਗ ਰਹੀ ਹੈ, ਉਸੇ ਤਰ੍ਹਾਂ ਸਾਰੇ ਕਾਨੂੰਨ ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਮਾਨ ਸਰਕਾਰ ਨੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ’ਤੇ ਕਬਜ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਭਗਵੰਤ ਮਾਨ ਕਹਿੰਦੇ ਹਨ ਕਿ ਜੋ ਅਸੀਂ ਕਰ ਦਿੱਤਾ ਉਹ 70 ਸਾਲਾਂ ਵਿਚ ਨਹੀਂ ਹੋਇਆ, ਚੋਣਾਂ ਵਿਚ ਵੀ ਇੰਝ ਹੀ ਹੋਇਆ ਹੈ, ਜੋ 70 ਸਾਲਾਂ ਵਿਚ ਨਹੀਂ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ ਲੁੱਟ ਰਹੀ ਹੈ। ਡਾ. ਗਾਂਧੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਵੀ ਦੋਸ਼ ਲਗਾਏ ਤੇ ਕਿਹਾ ਕਿ ਉਸ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਲਈ ਬਣਾਈ ਯੋਜਨਾ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ। ਸਾਰੀਆਂ ਸੰਵਿਧਾਨਿਕ ਸੰਸਥਾਵਾਂ ਦੇ ਸਿਧਾਂਤ ਖ਼ਤਮ ਕਰ ਦਿੱਤੇ ਹਨ। ਈਡੀ, ਸੀਬੀਆਈ, ਚੋਣ ਕਮਿਸ਼ਨ, ਸੂਚਨਾ ਕਮਿਸ਼ਨ, ਮੀਡੀਆ ਇੱਥੋਂ ਤੱਕ ਜੁਡੀਸ਼ਰੀ ਦੇ ਇਕ ਹਿੱਸੇ ਨੂੰ ਆਪਣੇ ਤਰੀਕੇ ਨਾਲ ਵਰਤਣਾ ਸ਼ੁਰੂ ਕੀਤਾ ਹੋਇਆ ਹੈ, ਜਿਸ ਬਾਰੇ ਰਾਹੁਲ ਗਾਂਧੀ ਲਗਾਤਾਰ ਸਵਾਲ ਪੁੱਛ ਰਹੇ ਹਨ ਪਰ ਸਵਾਲਾਂ ਦਾ ਜਵਾਬ ਦੇਣ ਤੋਂ ਕੇਂਦਰ ਸਰਕਾਰ ਭੱਜ ਰਹੀ ਹੈ।
ਨਵਜੋਤ ਕੌਰ ਸਿੱਧੂ ਮਾਮਲੇ ਵਿਚ ਡਾ. ਗਾਂਧੀ ਨੇ ਕਿਹਾ ਕਿ ਇਹ ਉਸ ਦੀ ਵੱਡੀ ਗ਼ਲਤੀ ਹੈ, ਉਸ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।
ਪੰਜਾਬੀ ਟ੍ਰਿਬਉਨ