World Para Athletics Championships: ਭਾਰਤ ਦੀ ਮੁਹਿੰਮ ਰਿਕਾਰਡ 22 ਤਗਮਿਆਂ ਨਾਲ ਮੁਕੰਮਲ
06 ਅਕਤੂਬਰ, 2025 – ਨਵੀਂ ਦਿੱਲੀ : ਸਿਮਰਨ ਸ਼ਰਮਾ ਨੇ ਥਕਾਨ ਤੇ ਪਿੱਠ ’ਚ ਦਰਦ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਹਿਲਾਵਾਂ ਦੇ 200 ਮੀਟਰ ਟੀ12 ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਿਆ ਜਿਸ ਨਾਲ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ’ਚ ਐਤਵਾਰ ਨੂੰ ਭਾਰਤ ਦੀ ਮੁਹਿੰਮ ਰਿਕਾਰਡ 22 ਤਗਮਿਆਂ ਨਾਲ ਮੁਕੰਮਲ ਹੋਈ। ਮੁਕਾਬਲੇ ਦੇ ਆਖਰੀ ਦਿਨ ਭਾਰਤ ਨੇ ਤਿੰਨ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਦੀ ਮੁਹਿੰਮ ਇਸ ਤਰ੍ਹਾਂ ਛੇ ਸੋਨੇ, ਨੌਂ ਚਾਂਦੀ ਤੇ ਸੱਤ ਕਾਂਸੀ ਦੇ ਤਗ਼ਮਿਆਂ ਨਾਲ ਮੁਕੰਮਲ ਹੋਈ। ਮਹਿਲਾਵਾਂ ਦੀ ਸੌ ਮੀਟਰ ਟੀ35 ਅਥਲੀਟ ਪ੍ਰੀਤੀ ਪਾਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਐੱਫ41 ਜੈਵਲਿਨ ਥਰੋਅ ਮੁਕਾਬਲੇ ’ਚ ਨਵਦੀਪ ਸਿੰਘ ਨੇ ਵੀ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਭਾਰਤ ਤਗਮਾ ਸੂਚੀ ਵਿੱਚ ਦਸਵੇਂ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਪੁਰਸ਼ਾਂ ਦੇ 200 ਮੀਟਰ ਟੀ44 ਮੁਕਾਬਲੇ ’ਚ ਸੰਦੀਪ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਪੰਜਾਬੀ ਟ੍ਰਿਬਯੂਨ
06 ਅਕਤੂਬਰ, 2025 – ਨਵੀਂ ਦਿੱਲੀ : ਭਾਰਤ ਨੇ ਅੱਜ ਇੱਥੇ ਵਿਸ਼ਵ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਤਿੰਨ ਚਾਂਦੀ ਅਤੇ ਇੱਕ ਕਾਂਸੇ ਦਾ ਤਗ਼ਮਾ ਜਿੱਤ ਕੇ ਕੁੱਲ 22 ਤਗ਼ਮਿਆਂ ਨਾਲ 10ਵੇਂ ਸਥਾਨ ’ਤੇ ਰਹਿ ਕੇ ਆਪਣਾ ਸਫ਼ਰ ਸਮਾਪਤ ਕੀਤਾ। ਇਸ ਵਿੱਚ ਛੇ ਸੋਨੇ, ਨੌਂ ਚਾਂਦੀ ਅਤੇ ਸੱਤ ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਬ੍ਰਾਜ਼ੀਲ 44 (15 ਸੋਨੇ, 20 ਚਾਂਦੀ ਅਤੇ 9 ਕਾਂਸੇ) ਤਗ਼ਮਿਆਂ ਨਾਲ ਤਗ਼ਮਾ ਸੂਚੀ ਵਿੱਚ ਪਹਿਲੇ, ਚੀਨ 52 (13 ਸੋਨੇ, 22 ਚਾਂਦੀ ਅਤੇ 17 ਕਾਂਸੇ) ਤਗ਼ਮਿਆਂ ਨਾਲ ਦੂਜੇ ਤੇ ਇਰਾਨ 16 (9 ਸੋਨੇ, 2 ਚਾਂਦੀ ਅਤੇ 5 ਕਾਂਸੇ) ਤਗ਼ਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ।
ਇਸੇ ਦੌਰਾਨ ਸਿਮਰਨ ਸ਼ਰਮਾ ਨੇ ਮਹਿਲਾ 200 ਮੀਟਰ ਟੀ12 ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਮਹਿਲਾ 100 ਮੀਟਰ ਟੀ35 ਅਥਲੀਟ ਪ੍ਰੀਤੀ ਪਾਲ ਨੇ ਸਟਾਰਟਰ ਪਿਸਤੌਲ ਦੀ ਖਰਾਬੀ ਕਾਰਨ ਦੋ ਵਾਰ ਦੌੜ ਲਾਉਣ ਤੋਂ ਬਾਅਦ ਵੀ ਚਾਂਦੀ ਦਾ ਤਗ਼ਮਾ ਜਿੱਤ ਕੇ ਆਪਣੀ ਮਾਨਸਿਕ ਮਜ਼ਬੂਤੀ ਦਾ ਪ੍ਰਦਰਸ਼ਨ ਕੀਤਾ। ਪੈਰਿਸ ਪੈਰਾਲੰਪਿਕਸ ਵਿੱਚ ਸੋਨ ਤਗ਼ਮਾ ਜੇਤੂ ਨਵਦੀਪ ਸਿੰਘ ਐੱਫ41 ਜੈਵਲਿਨ ਈਵੈਂਟ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਸੀ ਪਰ 45.46 ਮੀਟਰ ਦੇ ਸਰਵੋਤਮ ਥ੍ਰੋਅ ਨਾਲ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਪੁਰਸ਼ਾਂ ਦੇ 200 ਮੀਟਰ ਟੀ44 ਵਰਗ ਵਿੱਚ ਸੰਦੀਪ ਨੇ 23.60 ਸੈਕਿੰਡ ਦੇ ਨਿੱਜੀ ਸਰਵੋਤਮ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਉੱਤਰ ਪ੍ਰਦੇਸ਼ ਦੀ 25 ਸਾਲਾ ਪੈਰਾ ਅਥਲੀਟ ਸਿਮਰਨ ਨੇਤਰਹੀਣ ਹੈ ਅਤੇ ਇੱਕ ਗਾਈਡ ਨਾਲ ਦੌੜਦੀ ਹੈ। ਉਸ ਨੇ ਸ਼ੁੱਕਰਵਾਰ ਨੂੰ 100 ਮੀਟਰ ਟੀ12 ਵਰਗ ਵਿੱਚ ਸੋਨ ਤਗ਼ਮਾ ਵੀ ਜਿੱਤਿਆ ਸੀ। ਅੱਜ ਸਿਮਰਨ ਪਹਿਲਾਂ ਤੀਜੇ ਸਥਾਨ ’ਤੇ ਰਹੀ ਸੀ, ਪਰ ਵੈਨੇਜ਼ੁਏਲਾ ਦੀ ਅਥਲੀਟ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਹ ਦੂਜੇ ਸਥਾਨ ’ਤੇ ਆ ਗਈ। ਉਧਰ ਮਹਿਲਾ 100 ਮੀਟਰ ਟੀ35 ਦੌੜਾਕ ਪ੍ਰੀਤੀ ਪਾਲ ਨੇ ਜਦੋਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਐਲਾਨ ਹੋਇਆ ਕਿ ਸਟਾਰਟਰ ਪਿਸਤੌਲ ਦੀ ਖਰਾਬੀ ਕਾਰਨ ਦੌੜ ਮੁੜ ਹੋਵੇਗੀ। ਹਾਲਾਂਕਿ ਪ੍ਰੀਤੀ ਨੇ ਲਗਪਗ ਦੋ ਘੰਟੇ ਬਾਅਦ ਵਾਪਸ ਆ ਕੇ ਪ੍ਰਦਰਸ਼ਨ ਦੁਹਰਾਇਆ ਤੇ 14.33 ਸੈਕਿੰਡ ਦੇ ਸੀਜ਼ਨ ਦੇ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਪੰਜਾਬੀ ਟ੍ਰਿਬਯੂਨ