ਲੋਕਾਂ ਦੀ ਸੁਰੱਖਿਆ ਤੇ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਹੈ ਖ਼ਤਰਾ
ਕੈਨੇਡਾ ਖਾਲਿਸਤਾਨੀ ਕੱਟੜਪੰਥੀ ਅਤੇ ਗਿਰੋਹ-ਸੰਚਾਲਿਤ ਜਬਰਨ ਵਸੂਲੀ ਦੇ ਗੱਠਜੋੜ ਨਾਲ ਜੂਝ ਰਿਹਾ ਹੈ ਜੋ ਜਨਤਕ ਸੁਰੱਖਿਆ ਅਤੇ ਭਾਰਤ ਨਾਲ ਸਬੰਧਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਹਾਲ ਹੀ ਵਿੱਚ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਰੈਸਟੋਰੈਂਟ ਵਿੱਚ ਇੱਕ ਹੋਰ ਗੋਲੀਬਾਰੀ ਹੋਈ ਸੀ। ਰਿਪੋਰਟ ਵਿੱਚ ਕੈਨੇਡਾ ਨੂੰ ਭਾਰਤ ਨਾਲ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਖਾਲਿਸਤਾਨੀ ਕੱਟੜਪੰਥੀ ਨਾਲ ਨਜਿੱਠਣ ਦੀ ਅਪੀਲ ਕੀਤੀ ਗਈ ਹੈ।
29 ਅਗਸਤ, 2025 – ਓਟਾਵਾ : ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੈਨੇਡਾ ਖਾਲਿਸਤਾਨੀ ਕੱਟੜਪੰਥ ਤੇ ਗਿਰੋਹ ਸੰਚਾਲਿਤ ਜਬਰਨ ਵਸੂਲੀ ਦੇ ਗੱਠਜੋੜ ਦਾ ਸਾਹਮਣਾ ਕਰ ਰਿਹਾ ਹੈ। ਇਸ ਨਾਲ ਲੋਕਾਂ ਦੀ ਸੁਰੱਖਿਆ, ਫਿਰਕੂ ਵਿਸ਼ਵਾਸ ਤੇ ਭਾਰਤ ਨਾਲ ਦੁਵੱਲੇ ਸਬੰਧਾਂ ਨੂੰ ਖ਼ਤਰਾ ਹੈ। ਹਾਲ ਹੀ ਵਿਚ, ਭਾਰਤ ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੀ ਮਾਲਕੀ ਵਾਲੇ ਸਰੀ ਸਥਿਤ ਕੈਪਸ ਕੈਫੇ ਰੈਸਟੋਰੈਂਟ ’ਤੇ ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਦੂਜੀ ਵਾਰ ਗੋਲ਼ੀਬਾਰੀ ਹੋਈ। ਸੱਤ ਅਗਸਤ ਨੂੰ ਹਮਲਾਵਰਾਂ ਨੇ ਰੈਸਟੋਰੈਂਟ ’ਤੇ 25 ਰਾਊਂਡ ਫਾਇਰ ਕੀਤੇ।
ਖਾਲਸਾ ਵਾਕਸ ਦੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਕੈਪਸ ਕੈਫੇ ’ਤੇ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਕਥਿਤ ਤੌਰ ’ਤੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਨੇ ਲਈ ਸੀ। ਸੱਤ ਅਗਸਤ ਦੇ ਹਮਲੇ ’ਚ ਬਿਸ਼ਨੋਈ ਗਿਰੋਹ ਦੇ ਹੱਥ ਸਨ, ਜਦਕਿ 10 ਜੁਲਾਈ ਦੇ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਕਥਿਤ ਭਗੌੜੇ ਹਰਜੀਤ ਸਿੰਘ ਲਾਡੀ ਨੇ ਲਈ ਸੀ। ਸਰੀ ’ਚ ਹੋਏ ਹਮਲੇ ’ਚ ਕੋਈ ਵੱਖ ਵੱਖ ਅਪਰਾਧ ਨਹੀਂ ਹੈ, ਬਲਕਿ ਵੱਡੇ ਸੰਕਟ ਨੂੰ ਦਰਸਾਉਂਦੇ ਹਨ ਜਿਥੇ ਗੈਂਗਸਟਰ, ਅੱਤਵਾਦੀ ਤੇ ਵਿਚਾਰਕ ਕੱਟੜਪੰਥੀ ਆਪਸ ’ਚ ਮਿਲ ਰਹੇ ਹਨ, ਜਿਸ ਨਾਲ ਕੈਨੇਡਾ ਦੀ ਸੁਰੱਖਿਆ ਤੇ ਸਮਾਜਿਕ ਸਦਭਾਵਨਾ ਨੂੰ ਖ਼ਤਰਾ ਪਹੁੰਚ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੈਪਸ ਕੈਫੇ ’ਚ ਚਲਾਈਆਂ ਗਈਆਂ ਗੋਲ਼ੀਆਂ ਸਿਰਫ ਜਬਰਨ ਵਸੂਲੀ ਦਾ ਮਾਮਲਾ ਨਹੀਂ ਹੈ, ਬਲਕਿ ਇਹ ਕੈਨੇਜਾ ਦੀ ਭਰੋਸੇਯੋਗਤਾ, ਸੁਰੱਖਿਆ ਤੇ ਏਕਤਾ ਦੀ ਰਾਖੀ ਦਾ ਮਾਮਲਾ ਹੈ। ਰਿਪੋਰਟ ’ਚ ਇਸ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਕੈਨੇਡੀਅਨ ਅਧਿਕਾਰੀਆਂ ਨੂੰ ਭਾਰਤ ਦੇ ਨਾਲ ਖੁਫ਼ੀਆ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਤੇ ਬਿਨਾਂ ਕਿਸੇ ਸਿਆਸੀ ਝਿਜਕ ਦੇ ਖਾਲਿਸਤਾਨੀ ਕੱਟੜਪੰਥ ਨਾਲ ਨਜਿੱਠਣ ਲਈ ਵਚਨਬੱਧ ਰਹਿਣਾ ਚਾਹੀਦਾ ਹੈ।
ਪੰਜਾਬੀ ਜਾਗਰਣ