21 ਜੂਨ, 2025 – ਦਸੂਹਾ : ਇੱਥੇ ਸਫ਼ਾਈ ਸੇਵਕਾਂ ਨੇ ਆਪਣੀਆਂ ਲੰਬਿਤ ਮੰਗਾਂ ਮਨਵਾਉਣ ਲਈ ਸਰਕਾਰ ਖ਼ਿਲਾਫ਼ ਝੰਡਾ ਮਾਰਚ ਕੀਤਾ। ਇਹ ਰੋਸ ਮਾਰਚ ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਦੀ ਅਗਵਾਈ ਹੇਠ ਕੀਤਾ ਗਿਆ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਿਕੰਦਰ ਮਲਿਕ ਤੇ ਸਿਕੰਦਰ ਸਹੋਤਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਆਊਟਸੋਰਸ ਸੇਵਾਵਾਂ ਨੂੰ ਇਨਸੋਰਸ ਕਰਨਾ, ਇਨਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨਾ, ਸਮੂਹ ਕੈਟਾਗਰੀਆਂ ਦੇ ਕਾਮਿਆਂ ਨੂੰ ਇਨਸੋਰਸ ਕਰਨਾ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਨਵਾਂ ਪੇਅ ਸਕੇਲ ਲਾਗੂ ਕਰਨਾ, ਡੀਏ ਦੀ ਲੰਬਿਤ ਕਿਸ਼ਤ ਜਲਦੀ ਜਾਰੀ ਕਰਨਾ ਅਤੇ 500 ਰੁਪਏ ਮਹੀਨਾਵਾਰ ਗੁੰਡਾ ਟੈਕਸ ਨੂੰ ਤੁਰੰਤ ਰੱਦ ਕਰਨਾ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸਫਾਈ ਮੁਲਾਜ਼ਮ ਸ਼ਹਿਰ ਦੀ ਸਫਾਈ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ ਪਰ ਸਰਕਾਰ ਨੇ ਉਨਾਂ ਦੀਆਂ ਮੰਗਾਂ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੈ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੰਗਾਂ ਜਲਦੀ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਹਰਮੇਸ਼ ਲਾਲ, ਸੁਖਦੇਵ ਪੋਪਾ ਖੋਸਲਾ, ਬਾਰੂ, ਸਰਵਨ ਸਿੰਘ, ਪਰਮਿੰਦਰ ਸਿੰਘ, ਦੀਪਕ, ਸਤਨਾਮ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਰੋਹਿਤ , ਲਖਵਿੰਦਰ ਸਿੰਘ ਅਤੇ ਜਸਪਾਲ ਸਿੰਘ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test