ਮੁਕੱਦਰ ਦੇ ਸਿਕੰਦਰ ਹਾਰੇ ਉਮੀਦਵਾਰ ਚੋਣ ਨੂੰ ਚੁਣੌਤੀ ਦੇਣ ਦੇ ਰੌਂਅ ’ਚ
23 ਦਸੰਬਰ, 2025 – ਚੰਡੀਗੜ੍ਹ : ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ’ਚ ਅਜਿਹੇ ਸੈਂਕੜੇ ਉਮੀਦਵਾਰ ਹਨ ਜਿਨ੍ਹਾਂ ਦੀ ਝੋਲੀ ਇੱਕ-ਇੱਕ ਜਾਂ ਦੋ-ਦੋ ਵੋਟਾਂ ਨੇ ਜਿੱਤ ਪਾਈ ਹੈ। ਉਮੀਦਵਾਰਾਂ ਲਈ ਇੱਕ-ਇੱਕ ਵੋਟ ਹੀ ਸੰਜੀਵਨੀ ਸਿੱਧ ਹੋਈ ਹੈ। ਇਨ੍ਹਾਂ ਚੋਣਾਂ ’ਚ ਜ਼ਿਲ੍ਹਾ ਪਰਿਸ਼ਦ ਦੇ 347 ਮੈਂਬਰ ਚੁਣੇ ਗਏ ਹਨ, ਜਦੋਂ ਕਿ ਪੰਚਾਇਤ ਸਮਿਤੀਆਂ ਦੇ 2834 ਮੈਂਬਰ ਚੁਣੇ ਗਏ ਹਨ। ਬਿਨਾਂ ਮੁਕਾਬਲਾ ਜੇਤੂ ਰਹੇ ਉਮੀਦਵਾਰ 196 ਹਨ। ਸੈਂਕੜੇ ਜ਼ੋਨਾਂ ਵਿੱਚ ਮੁੜ ਗਿਣਤੀ ਵੀ ਹੋਈ ਸੀ।
ਪੰਚਾਇਤ ਸਮਿਤੀ ਆਦਮਪੁਰ ’ਚ ‘ਆਪ’ ਦੀ ਕੁਲਵੀਰ ਕੌਰ ਸਿਰਫ਼ ਇੱਕ ਵੋਟ ਦੇ ਫ਼ਰਕ ਨਾਲ ਜੇਤੂ ਰਹੀ ਹੈ, ਜਦੋਂ ਕਿ ਇਸੇ ਸਮਿਤੀ ਦੀ ‘ਆਪ’ ਮੈਂਬਰ ਹਰਜਿੰਦਰ ਕੌਰ ਕੇਵਲ ਤਿੰਨ ਵੋਟਾਂ ਨਾਲ ਜੇਤੂ ਬਣੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਪਾਤੜਾਂ ਦੀ ਸਮਿਤੀ ’ਚ ‘ਆਪ’ ਉਮੀਦਵਾਰ ਅਜੈਬ ਸਿੰਘ ਇੱਕ ਵੋਟ ਨਾਲ ਅਤੇ ‘ਆਪ’ ਉਮੀਦਵਾਰ ਰਾਜਵਿੰਦਰ ਕੌਰ ਦੋ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੇ ਹਨ। ਸ੍ਰੀ ਹਰਗੋਬਿੰਦਪੁਰ ਸਮਿਤੀ ’ਚ ‘ਆਪ’ ਦਾ ਮੁਖ਼ਤਿਆਰ ਸਿੰਘ ਵੀ ਇੱਕ ਵੋਟ ਦੇ ਫ਼ਰਕ ਨਾਲ ਜੇਤੂ ਰਿਹਾ ਹੈ। ਧਾਰੀਵਾਲ ਸਮਿਤੀ ਦੀ ਕਾਂਗਰਸ ਉਮੀਦਵਾਰ ਰਾਜਵੰਤ ਕੌਰ ਇੱਕ ਵੋਟ ਦੇ ਫ਼ਰਕ ਨਾਲ ਜਿੱਤੀ ਹੈ। ਇਨ੍ਹਾਂ ਜੇਤੂ ਉਮੀਦਵਾਰਾਂ ਦੇ ਵਿਰੋਧੀਆਂ ਨੇ ਗਿਣਤੀ ਕੇਂਦਰਾਂ ’ਚ ਦੁਬਾਰਾ ਪੋਲਿੰਗ ਦੀ ਮੰਗ ਕੀਤੀ ਸੀ। ਉਹ ਹੁਣ ਚੋਣ ਨੂੰ ਚੁਣੌਤੀ ਦੇਣ ਦੀ ਤਿਆਰੀ ’ਚ ਲੱਗ ਗਏ ਹਨ। ਮਮਦੋਟ ਸਮਿਤੀ ਦੀ ਮੈਂਬਰ ਬਣੀ ਕਾਂਗਰਸੀ ਉਮੀਦਵਾਰ ਦਵਿੰਦਰ ਕੌਰ ਵੀ ਇੱਕ ਵੋਟ ਨਾਲ ਜੇਤੂ ਰਹੀ ਹੈ ਅਤੇ ਇਸੇ ਸਮਿਤੀ ਦੀ ‘ਆਪ’ ਦੀ ਪ੍ਰਕਾਸ਼ ਕੌਰ ਪੰਜ ਵੋਟਾਂ ਦੇ ਫ਼ਰਕ ਨਾਲ ਮੈਂਬਰ ਬਣੀ ਹੈ। ਖੂਹੀਆਂ ਸਰਵਰ ਸਮਿਤੀ ’ਚ ਸ਼੍ਰੋਮਣੀ ਅਕਾਲੀ ਦਲ ਦਾ ਜੱਜ ਸਿੰਘ ਵੀ ਇੱਕ ਵੋਟ ਦੇ ਫ਼ਰਕ ਨਾਲ ਜਿੱਤਿਆ ਹੈ। ਪੰਚਾਇਤ ਸਮਿਤੀ ਹੁਸ਼ਿਆਰਪੁਰ-2’ਚ ‘ਆਪ’ ਉਮੀਦਵਾਰ ਕਰਨੈਲ ਸਿੰਘ ਨੇ ਇੱਕ ਵੋਟ ਨਾਲ ਜਿੱਤ ਹਾਸਲ ਕੀਤੀ ਹੈ।
ਜ਼ਿਲ੍ਹਾ ਪਰਿਸ਼ਦ ਦੀ ਚੋਣ ’ਚ ਜੇਤੂ ਫ਼ਰਕ ਛੋਟੇ ਨਹੀਂ ਹਨ। ਸਮੁੱਚੇ ਪੰਜਾਬ ’ਚੋਂ ਜ਼ਿਲ੍ਹਾ ਪਰਿਸ਼ਦ ਸੰਗਰੂਰ ਦੇ ਫੱਗੂਵਾਲਾ ਜ਼ੋਨ ਤੋਂ ਕਾਂਗਰਸ ਦਾ ਉਮੀਦਵਾਰ ਹਰੀ ਸਿੰਘ ਸਿਰਫ਼ ਪੰਜ ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੈ, ਜਦੋਂ ਕਿ ਮੋਗਾ ਦੇ ਡਰੋਲੀ ਭਾਈ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਲਵਪ੍ਰੀਤ ਕੌਰ 98 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਮਜੀਠਾ ’ਚ ਦੋ ਸਮਿਤੀਆਂ ਹਨ। ਮਜੀਠਾ-1 ਸਮਿਤੀ ਦੇ ਕੁੱਲ 18 ਮੈਂਬਰਾਂ ’ਚੋਂ 11 ਮੈਂਬਰ ਤਾਂ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ ਅਤੇ ‘ਆਪ’ ਉਮੀਦਵਾਰ ਸਰਬਜੀਤ ਕੌਰ ਸੱਤ ਵੋਟਾਂ ਨਾਲ ਜੇਤੂ ਰਹੀ ਹੈ। ਮਜੀਠਾ-2 ਸਮਿਤੀ ਦੇ ਕੁੱਲ 15 ਮੈਂਬਰਾਂ ’ਚੋਂ 8 ਮੈਂਬਰ ਸਰਬਸੰਮਤੀ ਨਾਲ ਬਣੇ ਹਨ। ਬਾਕੀਆਂ ’ਤੇ ਨਜ਼ਰ ਮਾਰੀਏ ਤਾਂ ਮਜੀਠਾ-2 ਸਮਿਤੀ ਦੀ ‘ਆਪ’ ਉਮੀਦਵਾਰ ਰਾਜਵਿੰਦਰ ਕੌਰ ਦੋ ਵੋਟਾਂ ਦੇ ਫ਼ਰਕ ਨਾਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕਰਮਜੀਤ ਸਿੰਘ ਮੱਲ੍ਹੀ ਚਾਰ ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੈ। ਇਸ ਸਮਿਤੀ ’ਚ ‘ਆਪ’ ਉਮੀਦਵਾਰ ਸਰਵਣ ਸਿੰਘ ਛੇ ਵੋਟਾਂ ਦੇ ਫ਼ਰਕ ਨਾਲ ਜੇਤੂ ਰਿਹਾ ਹੈ। ਜੰਡਿਆਲਾ ਗੁਰੂ ਸਮਿਤੀ ’ਚ ਤਿੰਨ ਉਮੀਦਵਾਰਾਂ ਦਾ ਜੇਤੂ ਫ਼ਰਕ ਛੇ ਵੋਟਾਂ ਤੋਂ ਘੱਟ ਰਿਹਾ ਹੈ। ਰਾਜਪੁਰਾ ਸਮਿਤੀ ’ਚ ‘ਆਪ’ ਦੀ ਮਨਪ੍ਰੀਤ ਕੌਰ ਦੋ ਵੋਟਾਂ ਦੇ ਫ਼ਰਕ ਨਾਲ ਅਤੇ ਘਰੋਟਾ ਸਮਿਤੀ ਦੀ ਭਾਜਪਾ ਉਮੀਦਵਾਰ ਸੁਮਨ ਬਾਲਾ ਚਾਰ ਵੋਟਾਂ ਨਾਲ ਜਿੱਤੀ ਹੈ।
ਮੌੜ ਸਮਿਤੀ ’ਚ ਅਜਿਹੇ ਤਿੰਨ ਉਮੀਦਵਾਰ ਹਨ ਜਿਨ੍ਹਾਂ ’ਚੋਂ ਅਕਾਲੀ ਦਲ ਦੀ ਜਸਵੀਰ ਕੌਰ ਤਿੰਨ ਵੋਟਾਂ ਨਾਲ, ਅਕਾਲੀ ਉਮੀਦਵਾਰ ਜੰਟਾ ਸਿੰਘ ਛੇ ਵੋਟਾਂ ਅਤੇ ‘ਆਪ’ ਉਮੀਦਵਾਰ ਸਰਬਜੀਤ ਕੌਰ 9 ਵੋਟਾਂ ਦੇ ਫ਼ਰਕ ਨਾਲ ਜਿੱਤੀ ਹੈ। ਰਾਏਕੋਟ ਸਮਿਤੀ ’ਚ ‘ਆਪ’ ਦੀ ਦਲਜੀਤ ਕੌਰ ਦੋ ਵੋਟਾਂ ਅਤੇ ‘ਆਪ’ ਦਾ ਗੁਰਦੀਪ ਸਿੰਘ ਸੱਤ ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੈ। ਅਜਿਹੇ ਸੈਂਕੜੇ ਉਮੀਦਵਾਰ ਹਨ ਜਿਨ੍ਹਾਂ ਦਾ ਜੇਤੂ ਫ਼ਰਕ 10 ਵੋਟਾਂ ਤੋਂ ਘੱਟ ਦਾ ਰਿਹਾ ਹੈ। ਵਿਰੋਧੀ ਧਿਰਾਂ ਨੇ ਘੱਟ ਅੰਤਰ ਵਾਲੇ ਜ਼ੋਨਾਂ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਛੋਟੇ ਅੰਤਰ ਦੇ ਜਨਤਕ ਤੌਰ ’ਤੇ ਖ਼ੁਲਾਸੇ ਵੀ ਕੀਤੇ ਹਨ।
ਪੰਜਾਬੀ ਟ੍ਰਿਬਯੂਨ