ਤਰੁਣ ਗੁਪਤ
ਬੀਤੇ ਕੁਝ ਸਾਲਾਂ ਦੌਰਾਨ ਸਫ਼ੇਦ ਗੇਂਦ ਵਾਲੇ ਫਾਰਮੈਟ ਵਿਚ ਸਾਡੀ ਟੀਮ ਅਦਭੁਤ ਨਿਰੰਤਰਤਾ ਦੇ ਨਾਲ ਕਾਰਗੁਜ਼ਾਰੀ ਦਿਖਾਉਣ ਵਿਚ ਕਾਮਯਾਬ ਰਹੀ ਹੈ। ਬੀਤੇ ਤਿੰਨ ਆਈਸੀਸੀ ਟੂਰਨਾਮੈਂਟ-2023 ਵਿਸ਼ਵ ਕੱਪ, 2024 ਟੀ-20 ਵਿਸ਼ਵ ਕੱਪ ਅਤੇ ਹਾਲ ਹੀ ਵਿਚ ਸੰਪੰਨ ਹੋਈ ਚੈਂਪੀਅਨਜ਼ ਟਰਾਫੀ ਵਿਚ ਅਸੀਂ 24 ਵਿੱਚੋਂ 23 ਮੈਚ ਜਿੱਤੇ ਹਨ।
ਇਹ ਮਨੁੱਖੀ ਬਿਰਤੀ ਹੈ ਕਿ ਅਸੀਂ ਖ਼ੁਸ਼ਨੁਮਾ ਤਸਵੀਰਾਂ ਨੂੰ ਵਾਰ-ਵਾਰ ਦੇਖਣਾ ਚਾਹੁੰਦੇ ਹਾਂ, ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਇਹ ਖੁੱਲ੍ਹ ਲੈ ਰਿਹਾ ਹਾਂ ਕਿ ਪ੍ਰਸੰਨਤਾ ਦੇ ਉਨ੍ਹਾਂ ਪਲਾਂ ਨੂੰ ਮੁੜ ਜ਼ਿੰਦਾ ਕਰਨ ਦਾ ਯਤਨ ਕਰਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕ੍ਰਿਕਟ ਅਤੇ ਸਿਨੇਮਾ ਮਨੋਰੰਜਨ ਦੇ ਸਾਡੇ ਸਭ ਤੋਂ ਵੱਡੇ ਸੋਮੇ ਅਤੇ ਸਾਧਨ ਰਹੇ ਹਨ। ਸਮੇਂ ਦੇ ਨਾਲ ਮਨੋਰੰਜਨ ਦੇ ਮੁਹਾਂਦਰੇ ’ਤੇ ਤਮਾਮ ਮਾਧਿਅਮਾਂ ਦੇ ਉੱਭਰਨ ਦੇ ਬਾਵਜੂਦ ਕਿਸੇ ਵੱਡੀ ਕ੍ਰਿਕਟ ਜਿੱਤ ਦਾ ਸੰਭਵ ਤੌਰ ’ਤੇ ਅੱਜ ਵੀ ਕੋਈ ਸਾਨੀ ਨਹੀਂ ਹੈ। ਚੈਂਪੀਅਨਜ਼ ਟਰਾਫੀ ਦੀ ਜਿੱਤ ਨੇ ਸਾਨੂੰ ਫਿਰ ਤੋਂ ਖ਼ੁਸ਼ੀ ਦਾ ਅਹਿਸਾਸ ਕਰਵਾਇਆ ਹੈ।
ਦਹਾਕਿਆਂ ਤੋਂ ਸਾਡੀ ਕ੍ਰਿਕਟ ਟੀਮ ਮਜ਼ਬੂਤ ਬਣੀ ਹੋਈ ਹੈ। ਅਤੀਤ ਵਿਚ ਵੀ ਕੁਝ ਕਾਬਿਲੇਗ਼ੌਰ ਉਪਲਬਧੀਆਂ ਸਾਡੇ ਨਾਂ ਰਹੀਆਂ ਹਨ। ਹਰ ਵੱਡੀ ਸਫਲਤਾ ਦੀ ਤਰ੍ਹਾਂ ਇਸ ਜਿੱਤ ਦੇ ਨਾਲ ਵੀ ਕੁਝ ਖ਼ਾਸ ਪਹਿਲੂ ਉੱਭਰੇ ਹਨ। ਭਾਰਤ ਨੇ ਵਿਸ਼ਵ ਕ੍ਰਿਕਟ ਨੂੰ ਅਦੁੱਤੀ ਪ੍ਰਤਿਭਾਵਾਂ ਦਿੱਤੀਆਂ ਹਨ।
ਸੁਨੀਲ ਗਾਵਸਕਰ ਅਤੇ ਕਪਿਲ ਦੇਵ ਤੋਂ ਲੈ ਕੇ ਸਚਿਨ ਤੇਂਦੁਲਕਰ ਦੇ ਉੱਭਰਨ ਤੱਕ ਸਾਡੇ ਕੋਲ ਖੇਡ ਦੇ ਸਰਬਸ੍ਰੇਸ਼ਠ ਖਿਡਾਰੀ ਰਹੇ ਹਨ। ਜਿੱਥੇ ਸਭ ਤੋਂ ਵੱਧ ਮਹਾਨ ਬੱਲੇਬਾਜ਼ ਗਾਵਸਕਰ ਅਤੇ ਸ੍ਰੇਸ਼ਠ ਤੇਜ਼ ਗੇਂਦਬਾਜ਼ ਆਲਰਾਊਂਡਰ ਕਪਿਲ ਦੇਵ ਸਮਕਾਲੀ ਸਨ, ਓਥੇ ਹੀ ਤੇਂਦੁਲਕਰ ਇਤਿਹਾਸ ਦੇ ਸਰਬੋਤਮ ਬੱਲੇਬਾਜ਼ੀ ਕ੍ਰਮ ਦੇ ਮੋਹਰੀ ਦੂਤ ਰਹੇ। ਉਨ੍ਹਾਂ ਦੇ ਦੌਰ ਵਿਚ ਵੀ ਸਾਡੇ ਲਈ ਮਾਣਮੱਤੇ ਕਈ ਪਲ ਆਏ, ਫਿਰ ਵੀ ਉਸ ਵਿਚ ਕਿਤੇ ਨਾ ਕਿਤੇ ਨਿਰੰਤਰਤਾ ਦੀ ਘਾਟ ਰਹੀ। ਇਸ ਦਾ ਸਭ ਤੋਂ ਤਰਕਸੰਗਤ ਕਾਰਨ ਇਹੀ ਸਮਝਿਆ ਜਾ ਸਕਦਾ ਹੈ ਕਿ ਕ੍ਰਿਕਟ ਇਕ ਟੀਮ ਖੇਡ ਹੈ ਜਿਸ ਵਿਚ ਨਿੱਜੀ ਸ਼ਾਨਦਾਰ ਕਾਰਗੁਜ਼ਾਰੀ ਕਦੇ-ਕਦਾਈਂ ਸਫਲਤਾ ਦਿਵਾ ਸਕਦੀ ਹੈ ਪਰ ਨਿਰੰਤਰ ਸਫਲਤਾ ਲਈ ਇਕ ਮਜ਼ਬੂਤ ਅਤੇ ਸੰਤੁਲਿਤ ਟੀਮ ਲਾਜ਼ਮੀ ਹੈ।
ਚੈਂਪੀਅਨਜ਼ ਟਰਾਫੀ ਇਸ ਮਾਮਲੇ ਵਿਚ ਅਲੱਗ ਦਿਸਦੀ ਹੈ। ਇਹ ਜਿੱਤ ਸਮੂਹਿਕ ਯਤਨਾਂ ਦਾ ਨਤੀਜਾ ਰਹੀ। ਅਸੀਂ ਦੇਖਿਆ ਕਿ ਪੂਰੇ ਟੂਰਨਾਮੈਂਟ ਵਿਚ ਅਲੱਗ-ਅਲੱਗ ਖਿਡਾਰੀਆਂ ਨੇ ਅੱਗੇ ਆ ਕੇ ਮੋਰਚਾ ਸੰਭਾਲਿਆ ਅਤੇ ਜਿੱਤ ਵਿਚ ਆਪਣਾ ਯੋਗਦਾਨ ਦਿੱਤਾ। ਸ਼ੁਰੂ ਤੋਂ ਹੀ ਟੀਮ ਨੇ ਸਹੀ ਫ਼ੈਸਲੇ ਲਏ। ਹਾਲਾਤ ਨੂੰ ਬਿਹਤਰ ਤਰੀਕੇ ਨਾਲ ਪਰਖਿਆ ਅਤੇ ਆਪਣਾ ਸਰਬੋਤਮ ਕ੍ਰਮ ਮੈਦਾਨ ’ਤੇ ਉਤਾਰਿਆ।
ਟੀਮ ਪ੍ਰਬੰਧਨ ਨੂੰ ਇਸ ਦਾ ਵੀ ਸਿਹਰਾ ਜਾਂਦਾ ਹੈ ਕਿ ਉਸ ਨੇ ਟੈਸਟ ਕ੍ਰਿਕਟ ਵਿਚ ਪਹਿਲਾਂ ਨਿਊਜ਼ੀਲੈਂਡ ਵਿਰੁੱਧ ਘਰੇਲੂ ਲੜੀ ਅਤੇ ਫਿਰ ਆਸਟ੍ਰੇਲੀਆ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਸਫ਼ੇਦ ਗੇਂਦ ਵਾਲੇ ਫਾਰਮੈਟ ਵਿਚ ਸਮੇਂ ਮੁਤਾਬਕ ਢਲਣ ਦਾ ਵਧੀਆ ਕੰਮ ਕੀਤਾ। ਟੀਮ ਦੀ ਜਿੱਤ ਵਿਚ ਸੀਨੀਅਰ ਦਿੱਗਜਾਂ ਤੋਂ ਲੈ ਕੇ ਨੌਜਵਾਨ ਬੱਲੇਬਾਜ਼ਾਂ ਨੇ ਢੁੱਕਵੇਂ ਸਮੇਂ ’ਤੇ ਆਪਣਾ ਯੋਗਦਾਨ ਦਿੱਤਾ। ਸਾਡੇ ਬੱਲੇਬਾਜ਼ੀ ਕ੍ਰਮ ਦੀ ਡੂੰਘਾਈ ਅਤੇ ਦਬਾਅ ਸਹਾਰਨ ਦੀ ਸਮਰੱਥਾ ਨੇ ਸਾਨੂੰ ਅਲੱਗ ਪੱਧਰ ’ਤੇ ਪਹੁੰਚਾਇਆ।
ਸੀਮਤ ਓਵਰਾਂ ਦੀ ਕ੍ਰਿਕਟ ਵਿਚ ਚਾਰ ਸਪਿੰਨਰਾਂ ਨੂੰ ਖਿਡਾਉਣ ਲਈ ਬਹੁਤ ਹੌਸਲਾ ਚਾਹੀਦਾ ਹੁੰਦਾ ਹੈ। ਇਹ ਸੋਚ ਕੇ ਦੇਖੀਏ ਤਾਂ ਬਹੁਤ ਅਜੀਬੋ-ਗ਼ਰੀਬ ਲੱਗ ਸਕਦਾ ਹੈ ਕਿ ਅਸੀਂ ਸ਼ਮੀ ਦੇ ਰੂਪ ਵਿਚ ਮਹਿਜ਼ ਇਕ ਖ਼ਾਲਸ ਤੇਜ਼ ਗੇਂਦਬਾਜ਼ ਅਤੇ ਮਾਹਿਰ ਸਪਿੰਨਰ ਦੇ ਰੂਪ ਵਿਚ ਸਿਰਫ਼ ਵਰੁਣ ਚੱਕਰਵਰਤੀ ਅਤੇ ਕੁਲਦੀਪ ਯਾਦਵ ਦੇ ਨਾਲ ਉਤਰੇ ਜਦਕਿ ਬਾਕੀ ਗੇਂਦਬਾਜ਼ ਅਸਲ ਵਿਚ ਆਲਰਾਊਂਡਰ ਸਨ ਜਿਨ੍ਹਾਂ ਨੇ ਹਾਲਾਤ ਦੀ ਮੰਗ ਅਨੁਸਾਰ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ। ਇਹ ਇਕ ਰਣਨੀਤਕ ਗ਼ਲਤੀ ਵੀ ਸਾਬਿਤ ਹੋ ਸਕਦੀ ਸੀ ਜੋ ਅਖ਼ੀਰ ਮਾਸਟਰ-ਸਟਰੋਕ ਬਣ ਗਈ। ਇਸ ਨਾਲ ਜਿੱਥੇ ਸਾਡੇ ਬੱਲੇਬਾਜ਼ੀ ਕ੍ਰਮ ਨੂੰ ਗਹਿਰਾਈ ਮਿਲੀ ਤਾਂ ਛੇਵੇਂ ਗੇਂਦਬਾਜ਼ ਦਾ ਬਦਲ ਵੀ ਮਿਲ ਗਿਆ।
ਬੀਤੇ ਕੁਝ ਸਾਲਾਂ ਦੌਰਾਨ ਸਫ਼ੇਦ ਗੇਂਦ ਵਾਲੇ ਫਾਰਮੈਟ ਵਿਚ ਸਾਡੀ ਟੀਮ ਅਦਭੁਤ ਨਿਰੰਤਰਤਾ ਦੇ ਨਾਲ ਕਾਰਗੁਜ਼ਾਰੀ ਦਿਖਾਉਣ ਵਿਚ ਕਾਮਯਾਬ ਰਹੀ ਹੈ। ਬੀਤੇ ਤਿੰਨ ਆਈਸੀਸੀ ਟੂਰਨਾਮੈਂਟ-2023 ਵਿਸ਼ਵ ਕੱਪ, 2024 ਟੀ-20 ਵਿਸ਼ਵ ਕੱਪ ਅਤੇ ਹਾਲ ਹੀ ਵਿਚ ਸੰਪੰਨ ਹੋਈ ਚੈਂਪੀਅਨਜ਼ ਟਰਾਫੀ ਵਿਚ ਅਸੀਂ 24 ਵਿੱਚੋਂ 23 ਮੈਚ ਜਿੱਤੇ ਹਨ।
ਇਕਮਾਤਰ ਹਾਰ 2023 ਦੇ ਵਿਸ਼ਵ ਕੱਪ ਦੇ ਫਾਈਨਲ ਵਿਚ ਆਸਟ੍ਰੇਲੀਆ ਤੋਂ ਮਿਲੀ ਸੀ। ਜਿੱਤ ਦਾ ਇਹ ਔਸਤ ਇਕ ਵਿਲੱਖਣ ਪ੍ਰਾਪਤੀ ਹੈ। ਬੀਤੇ ਸਾਲਾਂ ਵਿਚ ਇਹੀ ਇਕ ਅਫ਼ਸੋਸ ਰਿਹਾ ਕਿ ਤਕੜੇ ਦਾਅਵੇਦਾਰ ਹੋਣ ਦੇ ਬਾਵਜੂਦ ਅਸੀਂ ਕੋਈ ਆਈਸੀਸੀ ਟਰਾਫੀ ਨਹੀਂ ਜਿੱਤ ਪਾ ਰਹੇ ਸਾਂ ਅਤੇ ਲਗਾਤਾਰ ਸ੍ਰੇਸ਼ਠ ਪ੍ਰਦਰਸ਼ਨ ਕਰਨ ਦੇ ਬਾਵਜੂਦ ਨਾਕਆਊਟ ਦੌਰ ਵਿਚ ਹਾਰ ਕੇ ਬਾਹਰ ਹੋ ਜਾਂਦੇ ਸਾਂ।
ਬੀਤੇ ਸਾਲ ਟੀ-20 ਵਿਸ਼ਵ ਕੱਪ ਵਿਚ ਮਿਲੀ ਜਿੱਤ ਨੇ ਇਸ ਕ੍ਰਮ ਨੂੰ ਤੋੜਨ ਦਾ ਕੰਮ ਕੀਤਾ ਜਿਸ ਨੂੰ ਇਸ ਜਿੱਤ ਨੇ ਹੋਰ ਅੱਗੇ ਵਧਾਇਆ ਹੈ। ਅੱਜ ਸਾਡੀ ਹਾਲਤ ਹੋਰ ਟੀਮਾਂ ਲਈ ਈਰਖਾ ਦਾ ਵਿਸ਼ਾ ਹੋ ਸਕਦੀ ਹੈ। ਸੀਮਤ ਓਵਰਾਂ ਦੀ ਕ੍ਰਿਕਟ ਵਿਚ ਸਾਡੀ ਟੀਮ ਸਰਬਸ੍ਰੇਸ਼ਠ ਹੈ। ਇਸ ਦੀ ਗਹਿਰਾਈ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਡੀ ਦੂਜੇ ਦਰਜੇ ਦੀ ਟੀਮ ਵੀ ਤਮਾਮ ਦੇਸ਼ਾਂ ਦੀਆਂ ਮੁੱਖ ਟੀਮਾਂ ਦਾ ਸਾਹਮਣਾ ਕਰਨ ਵਿਚ ਸਮਰੱਥ ਹੈ। ਵਰਤਮਾਨ ਵਿਚ ਜਸ਼ਨ ਦੇ ਨਾਲ ਹੀ ਭਵਿੱਖ ’ਤੇ ਦ੍ਰਿਸ਼ਟੀ ਵੀ ਜ਼ਰੂਰੀ ਹੈ। ਸਾਡੇ ਦੋ ਸਭ ਤੋਂ ਵੱਡੇ ਦਿੱਗਜ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਲੈ ਕੇ ਲਗਾਤਾਰ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਇਕ-ਦਿਨਾ ਕ੍ਰਿਕਟ ਵਿਚ ਬੇਸ਼ੱਕ ਉਹ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ’ਚੋਂ ਹਨ ਅਤੇ ਇਸ ਟੂਰਨਾਮੈਂਟ ਨੇ ਇਹ ਵੀ ਦਰਸਾਇਆ ਕਿ ਇਸ ਫਾਰਮੈਟ ਵਿਚ ਅਗਲੇ ਕੁਝ ਸਾਲਾਂ ਵਿਚ ਉਨ੍ਹਾਂ ਦੀ ਅਹਿਮੀਅਤ ਬਣੀ ਰਹੇਗੀ। ਇਸ ਫਾਰਮੈਟ ਤੋਂ ਪਹਿਲਾਂ ਟੀ-20 ਕੌਮਾਂਤਰੀ ਮੈਚਾਂ ਤੋਂ ਦੋਵੇਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ।
ਜਿੱਥੇ ਕੋਹਲੀ ਵਿਚ ਹਾਲੇ ਵੀ ਟੈਸਟ ਕ੍ਰਿਕਟ ਬਾਕੀ ਦਿਸਦੀ ਹੈ, ਓਥੇ ਹੀ ਸੰਭਵ ਤੌਰ ’ਤੇ ਸਭ ਤੋਂ ਲੰਬੇ ਫਾਰਮੈਟ ਵਿਚ ਰੋਹਿਤ ਦੇ ਭਵਿੱਖ ਨੂੰ ਲੈ ਕੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਸਫਲਤਾ ਆਪਣੇ ਨਾਲ ਤਸੱਲੀ ਲਿਆਉਂਦੀ ਹੈ ਤਾਂ ਉਹ ਖ਼ਾਹਿਸ਼ੀ ਵੀ ਬਣਾਉਂਦੀ ਹੈ। ਸਾਡੇ ਕੋਲ ਇਕ ਪਾਸੇ ਜਿੱਥੇ ਉਤਸ਼ਾਹ ਤੇ ਪ੍ਰਤਿਭਾ ਦੀ ਭਰਮਾਰ ਹੈ, ਓਥੇ ਹੀ ਓਨੀ ਹੀ ਲੋਕਪ੍ਰਿਅਤਾ ਅਤੇ ਸੋਮਿਆਂ ਨੂੰ ਦੇਖਦੇ ਹੋਏ ਇਹ ਜ਼ਰੂਰ ਰੜਕਦਾ ਹੈ ਕਿ ਹਾਲੇ ਤੱਕ ਅਸੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਯਾਨੀ ਡਬਲਯੂਟੀਸੀ ਨਹੀਂ ਜਿੱਤੀ ਹੈ। ਅਤੀਤ ਦੀਆਂ ਮਹਾਨ ਟੀਮਾਂ ਦਾ ਖੇਡ ਦੇ ਹਰ ਫਾਰਮੈਟ ਵਿਚ ਗਲਬਾ ਰਿਹਾ ਹੈ। ਇਹ ਖਿਤਾਬ ਦੋ ਵਾਰ ਸਾਡੇ ਹੱਥੋਂ ਨਿਕਲ ਚੁੱਕਾ ਹੈ ਅਤੇ ਇਸ ਵਾਰ ਤਾਂ ਅਸੀਂ ਫਾਈਨਲ ਵਿਚ ਵੀ ਨਹੀਂ ਪੁੱਜ ਸਕੇ। ਉਮੀਦ ਹੈ ਕਿ ਡਬਲਯੂਟੀਸੀ ਦੇ ਅਗਲੇ ਗੇੜ ਵਿਚ ਅਸੀਂ ਕਾਮਯਾਬ ਹੋਵਾਂਗੇ। ਅੱਗੇ ਦੀ ਰਾਹ ਦੇਖੀਏ ਤਾਂ ਸਾਡੇ ਟੀਚੇ ਇਕਦਮ ਸਪਸ਼ਟ ਹੋਣੇ ਚਾਹੀਦੇ ਹਨ-2026 ਦਾ ਟੀ-20 ਵਿਸ਼ਵ ਕੱਪ, ਡਬਲਯੂਟੀਸੀ 2025-27 ਅਤੇ 2027 ਵਨਡੇ ਵਿਸ਼ਵ ਕੱਪ।
ਕੀ ਸਾਡੇ ਹੋਰ ਖੇਡ ਸੰਘ ਕ੍ਰਿਕਟ ਪ੍ਰਸ਼ਾਸਕਾਂ ਤੋਂ ਕੁਝ ਸਿੱਖ ਸਕਦੇ ਹਨ? ਕੀ ਅਸੀਂ 2028 ਦੇ ਓਲੰਪਿਕਸ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੀ ਆਸ ਰੱਖ ਸਕਦੇ ਹਾਂ? ਅਸੀਂ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਕਰ ਰਹੇ ਹਾਂ ਤਾਂ ਉਸ ਦਿਸ਼ਾ ਵਿਚ ਸਾਡੇ ਲਈ ਇਕ ਪ੍ਰਮੁੱਖ ਖੇਡ ਰਾਸ਼ਟਰ ਦੇ ਰੂਪ ਵਿਚ ਉੱਭਰਨਾ ਵੀ ਬੇਹੱਦ ਜ਼ਰੂਰੀ ਹੋਵੇਗਾ।
ਇਸ ਵਾਸਤੇ ਹਰ ਖੇਡ ਦੇ ਪ੍ਰਬੰਧਕਾਂ ਤੇ ਖਿਡਾਰੀਆਂ ਨੂੰ ਸੰਜੀਦਾ ਯਤਨ ਕਰਦੇ ਹੋਏ ਆਪੋ-ਆਪਣੀਆਂ ਖੇਡਾਂ ਦਾ ਪੱਧਰ ਹੈਰਾਨੀਜਨਕ ਤਰੀਕੇ ਨਾਲ ਉੱਚਾ ਚੁੱਕਣ ਲਈ ਯਤਨਸ਼ੀਲ ਹੋਣਾ ਪਵੇਗਾ ਤਾਂ ਜੋ ਕੌਮਾਂਤਰੀ ਪੱਧਰ ’ਤੇ ਭਾਰਤ ਦਾ ਨਾਂ ਚਮਕ ਸਕੇ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵੀ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਬਹੁਤ ਯਤਨਸ਼ੀਲ ਹੋਣਾ ਚਾਹੀਦਾ ਹੈ।
ਚੈਂਪੀਅਨਜ਼ ਟਰਾਫੀ ਦਾ ਚੈਂਪੀਅਨ ਬਣਨ ’ਚ ਕੁਝ ਜ਼ਿਕਰਯੋਗ ਪ੍ਰਾਪਤੀਆਂ ਵੀ ਹੋਈਆਂ ਹਨ। ਸੰਨ 1989 ’ਚ ਪਹਿਲੇ ਪ੍ਰਧਾਨ ਮੰਤਰੀ ਦੀ ਜਨਮ ਸ਼ਤਾਬਦੀ ਮੌਕੇ ਅਸੀਂ ਨਹਿਰੂ ਕੱਪ ਕਰਵਾਇਆ ਸੀ। ਉਦੋਂ ਕੋਲਕਾਤਾ ’ਚ ਸਾਡੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਟੂਰਨਾਮੈਂਟ ਜਿੱਤਦਾ ਦੇਖ ਕੇ ਸਾਨੂੰ ਬਹੁਤ ਨਿਰਾਸ਼ਾ ਹੋਈ ਸੀ। ਹੁਣ ਦੁਬਈ ਵਿਚ ਸਾਡੇ ਖਿਡਾਰੀਆਂ ਨੂੰ ਜੇਤੂ ਬਣਨ ’ਤੇ ਜੋ ਸਫ਼ੇਦ ਬਲੇਜ਼ਰ ਮਿਲਿਆ, ਉਸ ’ਤੇ ਮੇਜ਼ਬਾਨ ਵਜੋਂ ਪਾਕਿਸਤਾਨ ਦਾ ਨਾਂ ਅੰਕਿਤ ਸੀ। ਖੇਡ ਇਤਿਹਾਸ ਖੱਟੀਆਂ-ਮਿੱਠੀਆਂ ਯਾਦਾਂ ਨਾਲ ਭਰਿਆ ਪਿਆ ਹੈ। ਖੇਡ ਪ੍ਰੇਮੀਆਂ ਦੀ ਇਕ ਪੀੜ੍ਹੀ ਨੇ ਜਿਸ ਤਰ੍ਹਾਂ ਪਾਕਿਸਤਾਨ ਦੀ ਚੜ੍ਹਤ ਨੂੰ ਦੇਖਿਆ ਹੋਇਆ ਹੈ ਉਸ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਯਕੀਨਨ ਉਨ੍ਹਾਂ ਨੂੰ ਇਸ ਤੋਂ ਜਿੱਤ ਤੋਂ ਮਜ਼਼ਾ ਆਇਆ ਹੋਵੇਗਾ।
ਆਭਾਰ : https://www.punjabijagran.com/editorial/general-a-brilliant-result-of-collective-efforts-9466297.html
test