ਪਿੰਡ ਬਾਜੇਕੇ ਦੇ ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੋਂ ਇਨਸਾਫ਼ ਮੰਗਿਆ
18 ਨਵੰਬਰ, 2025 – ਧਰਮਕੋਟ : ਇੱਥੋਂ ਨਜ਼ਦੀਕੀ ਪਿੰਡ ਬਾਜੇਕੇ ਦੀ ਸਰਕਾਰੀ ਰੇਤ ਖੱਡ ਨੇ ਨਾਲ ਲੱਗਦੀਆਂ ਵਾਹੀਯੋਗ ਜ਼ਮੀਨਾਂ ਨੂੰ ਢਾਹ ਲਗਾ ਦਿੱਤੀ ਹੈ। ਖੇਤੀ ਵਾਲੀ ਜ਼ਮੀਨ ਵਿੱਚ ਚੱਲ ਰਹੀ ਇਹ ਖੱਡ ਕਿਸੇ ਕਾਰਨ ਅੱਜਕਲ੍ਹ ਬੰਦ ਹੈ, ਪਰ ਇੱਥੋਂ ਰੇਤ ਦੀ ਕਾਲਾਬਾਜ਼ਾਰੀ ਹੁਣ ਵੀ ਬਦਸਤੂਰ ਜਾਰੀ ਹੈ। ਵਿਭਾਗੀ ਨਿਯਮਾਂ ਅਤੇ ਹੁਕਮਾਂ ਦੀ ਅਣਦੇਖੀ ਕਾਰਨ ਖੱਡ ਨੇੜਲੀਆਂ ਜ਼ਮੀਨਾਂ ਨੂੰ ਖੋਰਾ ਲੱਗ ਗਿਆ ਹੈ।
ਸਰਕਾਰੀ ਹਦਾਇਤਾਂ ਦੇ ਮੱਦੇਨਜ਼ਰ ਖੱਡ ਨਜ਼ਦੀਕ ਖੇਤਾਂ ਦੀ ਸੁਰੱਖਿਆ ਲਈ ਘੱਟੋ-ਘੱਟ 21 ਫੁੱਟ ਦੀ ਵੱਟ ਕੱਢੀ ਜਾਣੀ ਜ਼ਰੂਰੀ ਸੀ ਪਰ ਨਿਯਮਾਂ ਦੀ ਪਾਲਣਾ ਨਾ ਕਰਦਿਆਂ ਪੱਕੀ ਵੱਟ ਨੂੰ ਮਿੱਟੀ ਦੀ ਥਾਂ ਰੇਤੇ ਦੀ ਰੋਕ ਲਾ ਕੇ ਕੰਮ ਚਲਾ ਲਿਆ ਜਿਸ ਕਾਰਨ ਬਰਸਾਤਾਂ ਵਿੱਚ ਮੀਂਹ ਦਾ ਪਾਣੀ ਜ਼ਮੀਨਾਂ ਨੂੰ ਖੱਡ ਵੱਲ ਰੋੜ੍ਹਕੇ ਲੈ ਗਿਆ। ਖੱਡ ਨਜ਼ਦੀਕੀ ਕਿਸਾਨਾਂ ਮੇਜਰ ਸਿੰਘ ਅਤੇ ਹਰਜਿੰਦਰ ਸਿੰਘ ਦੀਆਂ ਜ਼ਮੀਨਾਂ ਦਾ ਵੱਡਾ ਹਿੱਸਾ ਖੱਡ ਦੇ ਨਾਲ ਹੀ ਮਿਲ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਕਿਸਾਨ ਮੇਜਰ ਸਿੰਘ ਨੇ ਸਾਲ 2023 ਵਿੱਚ ਖੱਡ ਸ਼ੁਰੂ ਹੋਣ ਵੇਲੇ ਅਜਿਹਾ ਖਦਸ਼ਾ ਪ੍ਰਗਟਾਉਂਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਵੀ ਦਾਖਲ ਕੀਤੀ ਸੀ ਜਿਸਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਖਣਨ ਵਿਭਾਗ ਨੂੰ ਮਾਮਲਾ ਹੱਲ ਕਰਨ ਦੇ ਆਦੇਸ਼ ਦਿੱਤੇ ਸਨ। ਦੋ ਸਾਲ ਬੀਤਣ ਤੋਂ ਬਾਅਦ ਵੀ ਵਿਭਾਗ ਵੱਲੋਂ ਇਸਦਾ ਕੋਈ ਹੱਲ ਨਹੀਂ ਕੀਤਾ ਗਿਆ।
ਉਕਤ ਖੱਡ ਨੂੰ ਹੁਣ ਗੈਰ ਕਾਨੂੰਨੀ ਖਣਨ ਦੇ ਹਵਾਲੇ ਨਾਲ ਬੰਦ ਕਰ ਦਿੱਤਾ ਗਿਆ ਹੈ ਪਰ ਖੱਡ ਦੀ ਨਿਯਮਾਂ ਦੇ ਉਲਟ ਕੀਤੀ ਗਈ ਲਗਭਗ 30 ਫੁੱਟ ਦੇ ਕਰੀਬ ਖੁਦਾਈ ਨਾਲ ਨੇੜਲੇ ਖੇਤਾਂ ਨੂੰ ਵੱਡੀ ਢਾਹ ਲੱਗ ਚੁੱਕੀ ਹੈ। ਕਿਸਾਨ ਮੇਜਰ ਸਿੰਘ ਨੇ ਮਾਮਲੇ ਸਬੰਧੀ ਸੂਬਾ ਸਰਕਾਰ ਅਤੇ ਵਿਭਾਗ ਤੋਂ ਇਨਸਾਫ ਮੰਗਿਆ ਹੈ।
ਪੰਜਾਬੀ ਟ੍ਰਿਬਯੂਨ