ਮਾਲਵਾ ਖੇਤਰ, ਖ਼ਾਸ ਕਰਕੇ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਜੋ ਸਿੱਖਿਆ ਪ੍ਰਣਾਲੀ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਬਠਿੰਡਾ ਖੇਤਰ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਕੇ…
17 ਮਾਰਚ, 2026 – ਬਠਿੰਡਾ : ਮਾਲਵਾ ਖੇਤਰ, ਖ਼ਾਸ ਕਰਕੇ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਜੋ ਸਿੱਖਿਆ ਪ੍ਰਣਾਲੀ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਬਠਿੰਡਾ ਖੇਤਰ ਦੇ ਬਹੁਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟ ਕੇ ਲਗਪਗ 150 ਤੋਂ 180 ਦੇ ਵਿਚਕਾਰ ਰਹਿ ਗਈ ਹੈ, ਜਦਕਿ ਕੁਝ ਪਿੰਡਾਂ ਦੇ ਸਕੂਲਾਂ ਵਿੱਚ ਇਹ ਗਿਣਤੀ ਇਸ ਤੋਂ ਵੀ ਘੱਟ ਦਰਜ ਕੀਤੀ ਗਈ ਹੈ।
ਇਸ ਦੇ ਪਿੱਛੇ ਇੱਕ ਵੱਡਾ ਕਾਰਨ ਆਵਾਜਾਈ ਦੀ ਸਹੂਲਤ ਵੀ ਮੰਨੀ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਕਈ ਵਿਦਿਆਰਥੀਆਂ ਨੂੰ ਸਕੂਲ ਤੱਕ ਪਹੁੰਚਣ ਲਈ ਪੈਦਲ ਜਾਂ ਸਾਈਕਲ ਰਾਹੀਂ ਜਾਣਾ ਪੈਂਦਾ ਹੈ। ਇਸ ਦੇ ਉਲਟ ਨਿੱਜੀ ਸਕੂਲਾਂ ਵੱਲੋਂ ਚਲਾਈਆਂ ਜਾ ਰਹੀਆਂ ਵੈਨਾਂ ਵਿਦਿਆਰਥੀਆਂ ਨੂੰ ਘਰੋਂ ਲੈ ਕੇ ਸਕੂਲ ਤੱਕ ‘ਡੋਰ ਟੂ ਡੋਰ’ ਸੇਵਾ ਮੁਹੱਈਆ ਕਰਵਾਉਂਦੀਆਂ ਹਨ। ਇਸ ਸਹੂਲਤ ਕਾਰਨ ਕਈ ਮਾਪੇ ਨਿੱਜੀ ਸਕੂਲਾਂ ਵੱਲ ਵਧੇਰੇ ਰੁਝਾਨ ਦਿਖਾ ਰਹੇ ਹਨ। ਇਸ ਤੋਂ ਇਲਾਵਾ ਮਾਪਿਆਂ ਵਿੱਚ ਅੰਗਰੇਜ਼ੀ ਮਾਧਿਅਮ ਪ੍ਰਤੀ ਵਧਦਾ ਰੁਝਾਨ, ਕੁਝ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਅਤੇ ਪਿੰਡਾਂ ਤੋਂ ਸ਼ਹਿਰਾਂ ਵੱਲ ਹੋ ਰਹੀ ਮਾਈਗ੍ਰੇਸ਼ਨ ਵੀ ਦਾਖਲਿਆਂ ਵਿੱਚ ਕਮੀ ਦੇ ਕਾਰਨਾਂ ਵਜੋਂ ਸਾਹਮਣੇ ਆ ਰਹੇ ਹਨ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਦਾਖਲਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਅਧਿਆਪਕਾਂ ਤੋਂ ਗ਼ੈਰ ਵਿਦਿਅਕ ਕੰਮ ਲਏ ਜਾ ਰਹੇ ਹਨ: ਖੇਮੂਆਣਾ
ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਜਰਨਲ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕਿਹਾ ਹੈ ਕਿ ਫਰਵਰੀ ਤੋਂ ਲੈ ਕੇ ਮਾਰਚ ਤੱਕ ਅਧਿਆਪਕਾਂ ਨੂੰ ਵੱਖ-ਵੱਖ ਕੈਂਪਾਂ ਵਿੱਚ ਉਲਝਾ ਕੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਤੋਂ ਵੋਟਾਂ ਨਾਲ ਸਬੰਧਤ ਗੈਰ-ਵਿਦਿਆਕ ਕੰਮ ਲਏ ਜਾ ਰਹੇ ਹਨ। ਖੇਮੂਆਣਾ ਨੇ ਦੋਸ਼ ਲਗਾਇਆ ਕਿ ਇਸ ਹਾਲਤ ਦਾ ਫਾਇਦਾ ਚੁੱਕਦੇ ਹੋਏ ਨਿੱਜੀ ਸਕੂਲ ਵਿਦਿਆਰਥੀਆਂ ਨੂੰ ਛੋਟਾਂ ਦੇ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।
ਪੰਜਾਬੀ ਟ੍ਰਿਬਯੂਨ