22 ਅਗਸਤ, 2025 – ਧਰਮਕੋਟ : ਬਲਾਕ ਕੋਟ ਈਸੇ ਖਾਂ ਅਧੀਨ ਪਿੰਡ ਚਿਰਾਗ ਸ਼ਾਹ ਵਾਲਾ ਦੇ ਮੌਜੂਦਾ ਸਰਪੰਚ ਦੀ ਕਥਿਤ ਤੌਰ ’ਤੇ ਚਿੱਟੇ ਦਾ ਨਸ਼ਾ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਹਲਕੇ ਅੰਦਰ ਸਿਆਸੀ ਚਰਚਾ ਛਿੜ ਗਈ ਹੈ।
ਸਰਪੰਚ ਸੱਤਾਧਾਰੀ ਧਿਰ ਨਾਲ ਸਬੰਧਿਤ ਹੋਣ ਕਾਰਨ ਵਿਰੋਧੀਆਂ ਨੂੰ ਇੱਕ ਨਵਾਂ ਮੁੱਦਾ ਮਿਲ ਗਿਆ ਹੈ। ਮਾਮਲੇ ਦੀ ਚਰਚਾ ਕਾਰਨ ਪਰਿਵਾਰ ਨੇ ਸਰਪੰਚ ਨੂੰ ਨਸ਼ਾ ਛੁਡਾਊ ਕੇਂਦਰ ਜਨੇਰ ਵਿੱਚ ਭਰਤੀ ਕਰਵਾ ਦਿੱਤਾ ਹੈ। ਹਲਕੇ ਅੰਦਰ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੇ ਕੁਲਵਿੰਦਰ ਮਾਨ ਕੋਟ ਈਸੇ ਖਾਂ ਨੇ ਅੱਜ ਪਿੰਡ ਚਿਰਾਗ ਸ਼ਾਹ ਵਾਲਾ ਦੇ ਸਰਪੰਚ ਵਿਰਸਾ ਸਿੰਘ ਦੀ ਕਥਿਤ ਤੌਰ ’ਤੇ ਚਿੱਟਾ ਪੀਂਦੇ ਦੀ ਵੀਡੀਓ ਵਾਇਰਲ ਕਰਕੇ ਵਿਧਾਇਕ ਵੱਲੋਂ ਹਲਕੇ ਅੰਦਰ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਦਾਅਵਿਆਂ ’ਤੇ ਸੁਆਲ ਖੜ੍ਹੇ ਕੀਤੇ ਸਨ। ਉਸ ਨੇ ਸਰਪੰਚ ਦੀ ਹਲਕਾ ਵਿਧਾਇਕ ਨਾਲ ਤਸਵੀਰ ਸਾਂਝੀ ਕੀਤੀ ਹੈ।
ਪਿੰਡ ਦੇ ਕਿਸਾਨ ਹਰਿੰਦਰ ਸਿੰਘ, ਜਿਸ ਕੋਲ ਸਰਪੰਚ ਵਿਰਸਾ ਸਿੰਘ ਦਾ ਪਰਿਵਾਰ ਕੰਮ ਕਰਦਾ ਹੈ, ਨੇ ਦੱਸਿਆ ਕਿ ਸਰਪੰਚ ਬਣਨ ਦੇ ਕੁਝ ਮਹੀਨਿਆਂ ਬਾਅਦ ਹੀ ਵਿਰਸਾ ਸਿੰਘ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਹੁਣ ਉਨ੍ਹਾਂ ਪਰਿਵਾਰ ਨਾਲ ਮਿਲ ਕੇ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾ ਦਿੱਤਾ ਹੈ।
ਵਿਧਾਇਕ ਨੇ ਦੋਸ਼ ਨਕਾਰੇ
ਹਲਕਾ ਵਿਧਾਇਕ ਨੇ ਦੋਸ਼ ਨਕਾਰਦਿਆਂ ਕਿਹਾ ਕਿ ਵਾਇਰਲ ਵੀਡੀਓ ਵਾਲੇ ਸਰਪੰਚ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਪੰਚਾਇਤ ਚੋਣਾਂ ਦੌਰਾਨ ਉਨ੍ਹਾਂ ਨੂੰ ਮਿਲਣ ਸਮੇਂ ਦੀ ਫੋਟੋ ਨੂੰ ਵਿਰੋਧੀ ਜਾਣ-ਬੁੱਝ ਕੇ ਉਛਾਲ ਰਹੇ ਹਨ। ਦੂਜੇ ਪਾਸੇ ਹਲਕੇ ਦੇ ਸਾਬਕਾ ਵਿਧਾਇਕ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਘਟਨਾ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਹਲਕੇ ਅੰਦਰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਹਲਕੇ ’ਚ ਵੱਡੇ ਪੱਧਰ ’ਤੇ ਨਸ਼ਾ ਵਿਕ ਰਿਹਾ ਹੈ।
ਪੰਜਾਬੀ ਟ੍ਰਿਬਯੂਨ