13 ਮਾਰਚ, 2025 – ਅੰਮ੍ਰਿਤਸਰ : ਇਥੋਂ ਦੇ ਸਰਹੱਦੀ ਖੇਤਰ ਵਿੱਚੋਂ ਬੀਐੱਸਐੱਫ ਨੇ ਹੈਰੋਇਨ ਤੇ ਪਿਸਤੌਲ ਬਰਾਮਦ ਕੀਤੇ ਹਨ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਸਰਹੱਦ ਪਾਰੋਂ ਡਰੋਨ ਰਾਹੀਂ ਤਸਕਰੀ ਹੋਈ ਹੈ। ਇਸ ਤਹਿਤ ਬੀਐੱਸਐੱਫ ਵੱਲੋਂ ਸ਼ੱਕੀ ਖੇਤਰ ਵਿੱਚ ਜਾਂਚ ਸ਼ੁਰੂ ਕੀਤੀ ਗਈ ਤਾਂ ਉੱਥੋਂ ਛੇ ਪੈਕੇਟ ਹੈਰੋਇਨ ਅਤੇ 30 ਬੋਰ ਦੇ ਦੋ ਪਿਸਤੌਲ, ਦੋ ਸਮਾਰਟ ਫੋਨ ਤੇ ਈਅਰ ਫੋਨ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਵੱਲੋਂ ਇਸ ਮਾਮਲੇ ਵਿੱਚ ਬੀਤੀ ਦੇਰ ਸ਼ਾਮ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਅੱਜ ਅੰਮ੍ਰਿਤਸਰ ਸਰਹੱਦੀ ਖੇਤਰ ਦੇ ਪਿੰਡ ਹਰਦੋ ਰਤਨ ਦੇ ਸਰਹੱਦ ਨਾਲ ਲੱਗਦੇ ਖੇਤਾਂ ਵਿੱਚੋਂ ਇਹ ਸਾਰਾ ਸਾਮਾਨ ਬਰਾਮਦ ਹੋਇਆ। ਛੇ ਪੈਕੇਟਾਂ ਵਿੱਚ ਲਗਪਗ ਤਿੰਨ ਕਿੱਲੋ 319 ਗ੍ਰਾਮ ਹੈਰੋਇਨ ਹੈ। ਇਸ ਤੋਂ ਇਲਾਵਾ ਦੋ ਪਿਸਤੌਲ ਅਤੇ ਦੋ ਸਮਾਰਟਫੋਨ ਤੇ ਈਅਰਫੋਨ ਖੇਤਾਂ ਵਿੱਚੋਂ ਬਰਾਮਦ ਹੋਏ। ਇਹ ਸਾਰਾ ਕੁਝ ਇੱਕ ਵੱਡੇ ਪੈਕੇਟ ਵਿੱਚ ਬੰਦ ਸੀ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਅਤੇ ਮਿਲੀ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੇ ਜਾਣ ਕਾਰਨ ਬੀਐੱਸਐੱਫ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਤਸਕਰੀ ਦੇ ਇਸ ਯਤਨ ਨੂੰ ਅਸਫ਼ਲ ਬਣਾ ਦਿੱਤਾ।
ਦੋ ਮੁਲਜ਼ਮ ਡੇਢ ਕਿਲੋ ਹੈਰੋਇਨ ਸਣੇ ਕਾਬੂ
ਫ਼ਿਰੋਜ਼ਪੁਰ : ਇਥੇ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਡੇਢ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਸੀਪੂ ਵਾਸੀ ਪਿੰਡ ਮਾਛੀਵਾੜਾ ਅਤੇ ਲਖਵਿੰਦਰ ਸਿੰਘ ਉਰਫ਼ ਨਿੱਕਾ ਵਾਸੀ ਪੀਰ ਮੁਹੰਮਦ ਵਜੋਂ ਕੀਤੀ ਗਈ ਹੈ। ਏਐੱਨਟੀਐੱਫ ਦੇ ਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸੱਤ ਨੰਬਰ ਚੁੰਗੀ ਨੇੜਿਉਂ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਇਹ ਸਵਿੱਫ਼ਟ ’ਚ ਨਸ਼ੇ ਦੀ ਖੇਪ ਅੱਗੇ ਕਿੱਧਰੇ ਦੇਣ ਵਾਸਤੇ ਜਾ ਰਹੇ ਸਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਏਐੱਨਟੀਐੱਫ਼ ਐੱਸਏਐੱਸ ਨਗਰ ਵਿੱਚ ਕੇਸ ਦਰਜ ਕਰ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
ਪੰਜਾਬੀ ਟ੍ਰਿਬਯੂਨ
test