ਤੇਲ ਦੀਆਂ ਕੁੱਲ ਲੋੜਾਂ ਦਾ ਮਹਿਜ਼ 3 ਫ਼ੀਸਦੀ ਉਤਪਾਦਨ
18 ਦਸੰਬਰ, 2025 – ਮੋਗਾ : ਦੇਸ਼ ਵਿੱਚ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਜਦਕਿ ਤੇਲ ਬੀਜ ਵਾਲੀਆਂ ਫ਼ਸਲਾਂ ਹੇਠਲਾ ਰਕਬਾ ਘੱਟ ਰਿਹਾ ਹੈ। ਪੰਜਾਬ ਵਿੱਚ ਸਾਲ 1970-75 ਦੌਰਾਨ ਤੇਲ ਬੀਜ ਵਾਲੀਆਂ ਫ਼ਸਲਾਂ ਹੇਠਲਾ ਰਕਬਾ ਕਰੀਬ 5 ਲੱਖ ਹੈਕਟੇਅਰ ਸੀ ਜਿਨ੍ਹਾਂ ’ਚ ਸੋਇਆਬੀਨ, ਤੋਰੀਆ, ਸਰ੍ਹੋਂ, ਸੂਰਜੀਮੁਖੀ ਤੇ ਹੋਰ ਸ਼ਾਮਲ ਹਨ। ਇਹ ਰਕਬਾ ਹੁਣ ਘਟ ਕੇ 51 ਹਜ਼ਾਰ ਹੈਕਟੇਅਰ ਰਹਿ ਗਿਆ ਹੈ।
ਪੰਜਾਬ ’ਚ ਪਿਛਲੇ ਸਾਲ ਸਰ੍ਹੋਂ ਹੇਠਲਾ ਰਕਬਾ ਕਰੀਬ 41 ਹਜ਼ਾਰ ਹੈਕਟੇਅਰ ਸੀ। ਪੰਜਾਬ ਦੇ ਕਿਸਾਨ ਤੇਲ ਬੀਜ ਵਾਲੀਆਂ ਫ਼ਸਲਾਂ ਬੀਜਣ ਦੀ ਥਾਂ ਕਣਕ-ਝੋਨੇ ਦੇ ਰਵਾਇਤੀ ਚੱਕਰ ਵਿੱਚੋਂ ਨਹੀਂ ਨਿਕਲ ਰਹੇ। ਪੰਜਾਬ ’ਚ ਚਾਲੂ ਵਿੱਤੀ ਸਾਲ ਦੌਰਾਨ ਕਰੀਬ 51 ਹਜ਼ਾਰ ਹੈਕਟੇਅਰ ਰਕਬੇ ’ਚ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਗਈ ਹੈ। ਸਰ੍ਹੋਂ ਦੀ ਚੰਗੀ ਪੈਦਾਵਾਰ ਲਈ ਬਿਜਾਈ ਸਮਾਂ ਸਤੰਬਰ ਦੇ ਅੰਤ ਤੋਂ ਅਕਤੂਬਰ ਦੇ ਅਖ਼ੀਰ ਤੱਕ ਮੰਨਿਆ ਜਾਂਦਾ ਹੈ ਪਰ ਸਰ੍ਹੋਂ ਦੀਆਂ ਕੁਝ ਕਿਸਮਾਂ ਨਵੰਬਰ ਮਹੀਨੇ ਦੇ ਅੰਤ ਤੱਕ ਵੀ ਬੀਜੀਆਂ ਜਾਂਦੀਆਂ ਹਨ। ਪੰਜਾਬ ਵਿੱਚ ਮੁੱਖ ਤੌਰ ’ਤੇ ਭੂਰੀ ਅਤੇ ਪੀਲੀ ਸਰ੍ਹੋਂ, ਰਾਇਆ-ਤੋਰੀਆ ਅਤੇ ਗੋਭੀ ਸਰ੍ਹੋਂ ਆਦਿ ਕਿਸਮਾਂ ਬੀਜੀਆਂ ਜਾਂਦੀਆਂ ਹਨ।
ਸਰ੍ਹੋਂ ਦਾ ਘੱਟੋ-ਘੱਟ ਸਮਰਥਨ ਮੁੱਲ ਕਰੀਬ 6200 ਪ੍ਰਤੀ ਕੁਇੰਟਲ ਹੈ ਅਤੇ ਸਰ੍ਹੋਂ ਦਾ ਝਾੜ ਪ੍ਰਤੀ ਏਕੜ 6 ਤੋਂ 8 ਕੁਇੰਟਲ ਹੈ ਜਦਕਿ ਕੁਝ ਕਿਸਮਾਂ ਦਾ ਝਾੜ 15 ਕੁਇੰਟਲ ਤੱਕ ਵੀ ਨਿਕਲਦਾ ਹੈ। ਪੰਜਾਬ ਵਿੱਚ ਸਰ੍ਹੋਂ ਦੀ ਫ਼ਸਲ ਨਾਲ ਤੇਲ ਦੀਆਂ ਸਿਰਫ਼ 3 ਫੀਸਦੀ ਲੋੜਾਂ ਪੂਰੀਆਂ ਹੁੰਦੀਆਂ ਹਨ ਕਿ ਜਦਕਿ 97 ਫ਼ੀਸਦੀ ਲੋੜਾਂ ਦੀ ਪੂਰਤੀ ਲਈ ਤੇਲ ਵਿਦੇਸ਼ ਤੋਂ ਦਰਾਮਦ ਕਰਨਾ ਪੈਂਦਾ ਹੈ। ਦੂਜੇ ਪਾਸੇ ਦੇਸ਼ ’ਚ 120 ਲੱਖ ਟਨ ਤੇਲ ਦੀ ਪੈਦਾਵਾਰ ਹੁੰਦੀ ਹੈ ਅਤੇ 140 ਲੱਖ ਟਨ ਤੇਲ ਵਿਦੇਸ਼ਾਂ ਤੋਂ ਦਰਾਮਦ ਹੁੰਦਾ ਹੈ। ਦੇਸ਼ ’ਚ ਸਰ੍ਹੋਂ ਅਤੇ ਹੋਰ ਤੇਲ ਵਾਲੀਆਂ ਫ਼ਸਲਾਂ ਹੇਠਲਾ ਰਕਬਾ 9.18 ਲੱਖ ਹੈਕਟੇਅਰ ਹੈ।
ਰਾਜਸਥਾਨ ਸਰ੍ਹੋਂ ਦੀ ਪੈਦਾਵਾਰ ਵਿੱਚ ਦੇਸ਼ ਭਰ ਵਿਚੋਂ ਮੋਹਰੀ ਹੈ ਜਦਕਿ ਉੱਤਰ ਪ੍ਰਦੇਸ਼ ਦੂਜੇ ਨੰਬਰ ਉੱਤੇ ਆਉਂਦਾ ਹੈ। ਹਾਲਾਂਕਿ ਗੁਜਰਾਤ, ਪੱਛਮੀ ਬੰਗਾਲ, ਹਰਿਆਣਾ ਅਤੇ ਅਸਾਮ ਭਾਰਤ ਵਿੱਚ ਸਰ੍ਹੋਂ ਦੇ ਬੀਜ ਪੈਦਾ ਕਰਨ ਵਾਲੇ ਪ੍ਰਮੁੱਖ ਰਾਜ ਹਨ। ਸਰ੍ਹੋਂ ਦੀ ਪੈਦਾਵਾਰ ਵਿੱਚ ਫ਼ਾਜ਼ਿਲਕਾ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਬਠਿੰਡਾ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਥਾਨ ’ਤੇ ਆਉਂਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤੇਲ ਬੀਜ ਵਾਲੀਆਂ ਫ਼ਸਲਾਂ ਲਈ ਢੁਕਵੇਂ ਮੰਡੀਕਰਨ ਦੀ ਲੋੜ ਹੈ। ਜੇਕਰ ਐੱਮ ਐੱਸ ਪੀ ਅਤੇ ਮੰਡੀਕਰਨ ਦੀ ਸਮੱਸਿਆ ਹੱਲ ਹੋ ਜਾਵੇ ਤਾਂ ਪੰਜਾਬ ਵਿੱਚ ਸਰ੍ਹੋਂ ਹੇਠਲਾ ਰਕਬਾ ਵਧ ਸਕਦਾ ਹੈ। ਕਣਕ-ਝੋਨੇ ਦਾ ਮੰਡੀਕਰਨ ਠੀਕ ਹੋਣ ਕਾਰਨ ਕਿਸਾਨ ਰਵਾਇਤੀ ਚੱਕਰ ਵਿਚੋਂ ਨਹੀਂ ਨਿਕਲ ਰਹੇ। ਸਰ੍ਹੋਂ ਦੀ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਪ੍ਰਾਈਵੇਟ ਡੀਲਰਾਂ ’ਤੇ ਨਿਰਭਰ ਰਹਿਣਾ ਪੈਂਦਾ ਅਤੇ ਡੀਲਰ ਕਿਸਾਨਾਂ ਨੂੰ ਆਪਣੀ ਮਰਜ਼ੀ ਦਾ ਭਾਅ ਦਿੰਦੇ ਹਨ।
ਕਿਸਾਨ ਗੁਰਮੇਲ ਸਿੰਘ ਪਿੰਡ ਮੱਦੋਕੇ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ 25 ਏਕੜ ਵਿੱਚ ਸਰ੍ਹੋਂ ਬੀਜ ਕੇ ਚੰਗਾ ਮੁਨਾਫ਼ਾ ਕਮਾਇਆ ਸੀ ਜਿਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਐਤਕੀਂ 40 ਏਕੜ ਰਕਬੇ ਵਿੱਚ ਸਰ੍ਹੋਂ ਦੀ ਕਾਸ਼ਤ ਕੀਤੀ ਹੈ। ਉਸ ਨੇ ਆਖਿਆ ਕਿ ਉਸ ਕੋਲ ਸਰ੍ਹੋਂ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਰਿਹਾ।
ਕਿਸਾਨ ਜਸਪਾਲ ਸਿੰਘ ਪਿੰਡ ਚੜਿਕ ਨੇ ਕਿਹਾ ਕਿ ਉਸ ਨੇ 2.5 ਏਕੜ ਰਕਬੇ ਵਿੱਚ ਸਰ੍ਹੋਂ ਦੀ ਕਾਸ਼ਤ ਕੀਤੀ ਹੈ। ਬੱਧਨੀ ਕਲਾਂ ਦੇ ਕਿਸਾਨ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ 2.5 ਏਕੜ ਰਕਬੇ ਵਿੱਚ ਸਰ੍ਹੋਂ ਦੀ ਕਾਸ਼ਤ ਕੀਤੀ ਸੀ ਅਤੇ ਐਤਕੀਂ ਉਹ 3 ਏਕੜ ਵਿੱਚ ਸਰ੍ਹੋਂ ਦੀ ਖੇਤੀ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੂੰ ਸਰ੍ਹੋਂ ਦੇ ਮੰਡੀਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰ੍ਹੋਂ ਦਾ ਬੀਜ ਮਹਿੰਗਾ ਮਿਲਦਾ ਹੈ ਅਤੇ ਸਰਕਾਰ ਨੂੰ ਆਪਣੇ ਪੱਧਰ ’ਤੇ ਬੀਜ ਉਪਲਬਧ ਕਰਵਾਉਣਾ ਚਾਹੀਦਾ ਹੈ।
ਸਰ੍ਹੋਂ ਨਾਲ ਚੰਗਾ ਮੁਨਾਫ਼ਾ ਕਮਾਇਆ ਜਾ ਸਕਦੈ: ਡਾ. ਹਰਪ੍ਰੀਤ ਕੌਰ
ਖੇਤੀਬਾੜੀ ਵਿਭਾਗ ਪੰਜਾਬ ਦੀ ਸੰਯੁਕਤ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿੱਚ ਕਰੀਬ 51 ਹਜ਼ਾਰ ਹੈਕਟੇਅਰ ਰਕਬੇ ’ਚ ਤੇਲ ਬੀਜ ਵਾਲੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਕਣਕ-ਝੋਨੇ ਦੀ ਬਿਜਾਈ ਨੂੰ ਤਰਜੀਹ ਦਿੰਦੇ ਹਨ ਪਰ ਫਿਰ ਵੀ ਤੇਲ ਬੀਜ ਵਾਲੀਆਂ ਫ਼ਸਲਾਂ ਹੇਠਲਾ ਰਕਬਾ ਵਧਾਉਣ ਦੇ ਯਤਨ ਜਾਰੀ ਹਨ। ਉਨ੍ਹਾਂ ਆਖਿਆ ਕਿ ਸਰ੍ਹੋਂ ਦੀ ਕਾਸ਼ਤ ਨਾਲ ਵੀ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਯੂਕਰੇਨ ਤੇ ਰੂਸ ਤੋਂ ਖਰੀਦਣਾ ਪੈਂਦੈ ਸੂਰਜਮੁਖੀ ਦਾ ਤੇਲ: ਡਾ. ਬਰਾੜ
ਖੇਤੀਬਾੜੀ ਵਿਭਾਗ ਦੇ ਸੇਵਾਮੁਕਤ ਡਿਪਟੀ ਡਾਇਰੈਕਟਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਮਿੱਟੀ ਸਰ੍ਹੋਂ ਦੀ ਖੇਤੀ ਲਈ ਬਹੁਤ ਵਧੀਆ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਸਰ੍ਹੋਂ ਦੀ ਖੇਤੀ ਵੱਲ ਮੋੜਾ ਕੱਟਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਵਿੱਚ ਤੇਲ ਬੀਜ ਵਾਲੀਆਂ ਫ਼ਸਲਾਂ ਹੇਠਲਾ ਰਕਬਾ ਘੱਟਣ ’ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਰ੍ਹੋਂ ਦੀ ਖੇਤੀ ਨਾਲ ਪੰਜਾਬ ਵਿੱਚ ਤੇਲ ਦੀਆਂ ਸਿਰਫ 3 ਫੀਸਦੀ ਲੋੜਾਂ ਪੂਰੀਆਂ ਹੁੰਦੀਆਂ ਹਨ ਜਦੋਂਕਿ 97 ਫ਼ੀਸਦੀ ਲੋੜਾਂ ਦੀ ਪੂਰਤੀ ਲਈ ਯੂਕਰੇਨ ਅਤੇ ਰੂਸ ਤੋਂ ਸੂਰਜਮੁਖੀ ਦਾ ਤੇਲ ਮੰਗਵਾਇਆ ਜਾਂਦਾ ਹੈ ਜੋ ਮਹਿੰਗੇ ਭਾਅ ’ਤੇ ਖਰੀਦਣਾ ਪੈਂਦਾ ਹੈ।
ਕਿਸਾਨ ਸਰ੍ਹੋਂ ਦੀਆਂ ਨਵੀਆਂ ਕਿਸਮਾਂ ਬੀਜਣ: ਵਿਗਿਆਨੀ
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਮੋਗਾ ਜ਼ਿਲ੍ਹੇ ਵਿੱਚ ਵਿੱਤੀ ਸਾਲ 2022-23 ਤੋਂ 2024-25 ਦੌਰਾਨ ਸਰ੍ਹੋਂ ਅਤੇ ਹੋਰ ਤੇਲ ਬੀਜ ਵਾਲੀਆਂ ਫ਼ਸਲਾਂ ਹੇਠਲਾ ਰਕਬਾ 834 ਤੋਂ 957 ਹੈਕਟੇਅਰ ਰਕਬਾ ਸੀ ਜੋ ਚਾਲੂ ਵਿੱਤੀ ਸਾਲ ਵਿੱਚ 2048 ਹੈਕਟੇਅਰ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਰ੍ਹੋਂ ਦੀਆਂ ਕੁਝ ਨਵੀਆਂ ਕਿਸਮਾਂ ਇਜਾਦ ਕੀਤੀਆਂ ਹਨ ਜਿਨ੍ਹਾਂ ਦਾ ਉਤਪਾਦਨ ਵੱਧ ਹੋਣ ਕਾਰਨ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਤੇਲ ਪ੍ਰੋਸੈਸਿੰਗ ਯੂਨਿਟ ਲਾਉਣ ’ਤੇ ਵਿੱਤੀ ਮਦਦ ਮਿਲਦੀ ਹੈ: ਡੀ ਸੀ
ਮੋਗਾ ਦੇ ਡੀ ਸੀ ਸਾਗਰ ਸੇਤੀਆ ਨੇ ਕਿਹਾ ਕਿ ਤੇਲ ਬੀਜ ਵਾਲੀਆਂ ਫ਼ਸਲਾਂ ਦਾ ਭਵਿੱਖ ਪੰਜਾਬ ਦੇ ਕਿਸਾਨਾਂ ਲਈ ਚੰਗਾ ਹੈ। ਉਨ੍ਹਾਂ ਆਖਿਆ ਕਿ ਮੋਗਾ ਵਿੱਚ ਐਤਕੀ ਸਰ੍ਹੋਂ ਹੇਠਲਾ ਰਕਬਾ ਦੁੱਗਣਾ ਹੋਣਾ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਮਿਸ਼ਨ ਔਨ ਐਡੀਬਲ ਆਇਲਜ਼-ਆਇਲਸੀਡ ਪ੍ਰੋਗਰਾਮ ਤਹਿਤ ਕਿਸਾਨਾਂ ਦੀ ‘ਐੱਫ ਪੀ ਓ’ ਅਧੀਨ 10 ਟਨ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਤੇਲ ਪ੍ਰੋਸੈਸਿੰਗ ਯੂਨਿਟ ਲਾਉਣ ਲਈ 9.90 ਲੱਖ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਪੰਜਾਬੀ ਟ੍ਰਿਬਯੂਨ