08 ਅਗਸਤ, 2025 – ਭਵਾਨੀਗੜ੍ਹ : ਸ਼ਹਿਰ ਅੰਦਰ ਸਫ਼ਾਈ ਵਿਵਸਥਾ ਨੂੰ ਲੈ ਕੇ ਆਮ ਲੋਕਾਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌੰਸਲ ਵੱਲੋਂ ਸਫ਼ਾਈ ਦੇ ਪੁਖਤਾ ਪ੍ਰਬੰਧ ਕਰਨ ’ਚ ਲਾਪਰਵਾਹੀ ਵਾਲਾ ਰਵੱਈਆ ਅਪਣਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਗੰਦਗੀ ਕਾਰਨ ਬਿਮਾਰੀਆਂ ਫੈਲਣ ਦੇ ਇੰਤਜ਼ਾਰ ’ਚ ਬੈਠੇ ਦਿਖਾਈ ਦੇ ਰਹੇ ਹਨ।
ਇਸ ਸਬੰਧੀ ਸ਼ਹਿਰ ਦੇ ਵਸਨੀਕ ਸਮਾਜਸੇਵੀ ਹਰਭਜਨ ਸਿੰਘ ਹੈਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਗਰ ਕੌਂਸਲ ਵੱਲੋਂ ਸਾਫ਼-ਸਫ਼ਾਈ ਦੇ ਕੀਤੇ ਜਾ ਰਹੇ ਦਾਅਵੇ ਹਵਾ ਹਵਾਈ ਸਾਬਤ ਹੋ ਰਹੇ ਹਨ ਕਿਉਂਕਿ ਸ਼ਹਿਰ ਦੇ ਵਾਟਰ ਵਰਕਸ ਟਿਊਬਵੈੱਲ ਨੰਬਰ ਇੱਕ ਦੇ ਮੁੱਖ ਗੇਟ ’ਤੇ ਅੱਜ-ਕੱਲ੍ਹ ਬਣੇ ਕੂੜੇ ਦਾ ਡੰਪ ਸਵੱਛ ਭਾਰਤ ਮੁਹਿੰਮ ਨੂੰ ਮੂੰਹ ਚਿੜਾਉਂਦਾ ਦਿਖਾਈ ਦੇ ਰਿਹਾ ਹੈ।
ਹੈਪੀ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਉਕਤ ਥਾਂ ਤੋਂ ਕਈ-ਕਈ ਦਿਨ ਕੂੜਾ ਕਰਕਟ ਨਹੀਂ ਚੁੱਕਿਆ ਜਾਂਦਾ। ਇਸ ਕਾਰਨ ਨੇੜਲੇ ਮੁਹੱਲਾ ਵਾਸੀਆਂ ਦਾ ਫੈਲੀ ਗੰਦਗੀ ਤੇ ਗੰਦੀ ਬਦਬੂ ਕਾਰਨ ਜਿਉਣਾ ਦੁੱਭਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਅਤੇ ਗੰਦਗੀ ਉਪਰ ਪੈਦਾ ਹੋ ਰਹੀ ਮੱਛਰ-ਮੱਖੀਆਂ ਦੀ ਵੱਡੀ ਫੌ਼ਜ਼ ਕਾਰਨ ਲੋਕਾਂ ਨੂੰ ਇੱਥੇ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਸਤਾ ਰਿਹਾ ਹੈ।
ਇਸ ਤੋਂ ਇਲਾਵਾ ਉਕਤ ਟਿਊਬਵੈੱਲ ਤੋਂ ਸ਼ਹਿਰ ਦੇ ਜ਼ਿਆਦਾਤਰ ਖੇਤਰਾਂ ਵਿਚ ਪੀਣ ਵਾਲਾ ਪਾਣੀ ਸਪਲਾਈ ਹੁੰਦਾ ਹੈ। ਇਸ ਕਾਰਨ ਇਸਦੇ ਆਸਪਾਸ ਸਾਫ-ਸਫਾਈ ਹੋਣਾ ਲਾਜ਼ਮੀ ਬਣ ਜਾਂਦਾ ਹੈ। ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਤੋਂ ਸ਼ਹਿਰ ਦੀ ਵਿਗੜ ਚੁੱਕੀ ਸਫ਼ਾਈ ਵਿਵਸਥਾ ਨੂੰ ਦਰੁੱਸਤ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਸੁਣਵਾਈ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।
ਪੰਜਾਬੀ ਜਾਗਰਣ