ਜਗਦੀਸ਼ ਰਾਣਾ
ਸ਼ਿਵ ਦੀ ਕਵਿਤਾ ਵਿਚ ਸੱਚਮੁੱਚ ਸਾਗਰ ਵਰਗੀ ਗਹਿਰਾਈ ਹੈ। ਸ਼ਿਵ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਸ਼ਕਰਗੜ੍ਹ ਦੇ ਬੜਾ ਪਿੰਡ ਲੋਹਟੀਆਂ (ਹੁਣ ਪਾਕਿਸਤਾਨ) ਵਿਖੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ।
ਸ਼ਿਵ ਬਟਾਲਵੀ ਆਪਣੀ ਹੀ ਧੁਨ ਵਿਚ ਮਗਨ ਰਹਿਣ ਵਾਲਾ ਕਵੀ ਸੀ। ਜਦ ਰਾਤ ਗੂੜ੍ਹੀ ਹੋ ਜਾਣੀ, ਸਭ ਨੇ ਸੌਂ ਜਾਣਾ ਤਾਂ ਸ਼ਿਵ ਨੇ ਆਪਣੇ ਕਮਰੇ ਵਿਚ ਖ਼ੁਦ ਨਾਲ ਹੀ ਗੱਲਾਂ ਕਰੀ ਜਾਣੀਆਂ। ਰਾਤ ਦੇ ਹਨੇਰੇ ਵਿਚ ਸੁਰਖ਼ ਸਵੇਰਿਆਂ ਦੇ ਗੀਤ ਲਿਖਣ ਬਹਿ ਜਾਣਾ। ਸ਼ਿਵ ਬਟਾਲਵੀ ਛੇ ਮਈ 1973 ਨੂੰ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ ਪਰ ਅੱਜ ਵੀ ਉਸ ਦੀ ਕਵਿਤਾ ਪਹਿਲਾਂ ਵਾਂਗ ਹੀ ਪੜ੍ਹੀ ਜਾ ਰਹੀ ਹੈ।
ਸ਼ਿਵ ਦੀ ਕਵਿਤਾ ਵਿਚ ਸੱਚਮੁੱਚ ਸਾਗਰ ਵਰਗੀ ਗਹਿਰਾਈ ਹੈ। ਸ਼ਿਵ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਸ਼ਕਰਗੜ੍ਹ ਦੇ ਬੜਾ ਪਿੰਡ ਲੋਹਟੀਆਂ (ਹੁਣ ਪਾਕਿਸਤਾਨ) ਵਿਖੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ। ਮੁੱਢਲੀ ਵਿੱਦਿਆ ਪਿੰਡ ਲੋਹਟੀਆਂ ਦੇ ਸਕੂਲ ਤੋਂ ਪ੍ਰਾਪਤ ਕੀਤੀ। ਭਾਰਤ ਦੇ ਬਟਵਾਰੇ ਉਪਰੰਤ ਉਸ ਦਾ ਪਰਿਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਵਿਖੇ ਆ ਕੇ ਰਹਿਣ ਲੱਗਾ। ਉਸ ਦੇ ਪਿਤਾ ਮਾਲ ਮਹਿਕਮੇ ਵਿਚ ਪਹਿਲਾਂ ਪਟਵਾਰੀ ਅਤੇ ਫਿਰ ਕਾਨੂੰਗੋ ਵੀ ਰਹੇ।
ਸੰਨ 1953 ਵਿਚ ਸ਼ਿਵ ਨੇ ਸਾਲਵੇਸ਼ਨ ਆਰਮੀ ਸਕੂਲ ਤੋਂ ਦਸਵੀਂ ਪਾਸ ਕੀਤੀ। ਇਸ ਮਗਰੋਂ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਚ ਦਾਖ਼ਲਾ ਲਿਆ•। ਫਿਰ ਕੁਝ ਸਮੇਂ ਬਾਅਦ ਆਰਟਸ ਵਿਸ਼ਵ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਦਾਖ਼ਲਾ ਲੈ ਲਿਆ। ਉਸ ਤੋਂ ਬਾਅਦ ਜ਼ਿਲ੍ਹਾ ਕਾਂਗੜਾ ਦੇ ਬੈਜਨਾਥ ਦੇ ਇਕ ਸਕੂਲ ਵਿਚ ਓਵਰਸੀਅਰ ਦੇ ਕੋਰਸ ਵਿਚ ਦਾਖ਼ਲਾ ਲਿਆ। ਸ਼ਿਵ ਦੀ ਝੋਲੀ ਵਿਚ ਜਿੱਥੇ ਕੁਦਰਤ ਨੇ ਸ਼ਬਦਾਂ ਦੇ ਅਥਾਹ ਹੀਰੇ-ਮੋਤੀ ਪਾਏ ਸਨ ਓਥੇ ਹੀ ਉਸ ਦੀ ਆਵਾਜ਼ ਵਿਚ ਵੀ ਇਕ ਅਲੱਗ ਤਰ੍ਹਾਂ ਦੀ ਖਿੱਚ ਸੀ।
ਜਦੋਂ ਉਹ ਆਪਣੀ ਸੁਰੀਲੀ ਤੇ ਮਿੱਠੀ ਸੋਜ ਭਰੀ ਆਵਾਜ਼ ਵਿਚ ਕਵਿਤਾ ਸੁਣਾਉਂਦਾ ਤਾਂ ਸਰੋਤੇ ਕੀਲੇ ਜਾਂਦੇ ਸਨ। ਸ਼ਿਵ ਦੇ ਪਿਤਾ ਨੇ ਉਸ ਨੂੰ ਪਟਵਾਰੀ ਲਗਾ ਦਿੱਤਾ ਪਰ 1961 ਵਿਚ ਉਸ ਨੇ ਅਸਤੀਫ਼ਾ ਦੇ ਦਿੱਤਾ ਤੇ 1966 ਤੱਕ ਬੇਰੁਜ਼ਗਾਰ ਹੀ ਰਿਹਾ। ਇਨ੍ਹਾਂ ਸਮਿਆਂ ਵਿਚ ਸ਼ਿਵ ਅਕਸਰ ਕਵੀ ਦਰਬਾਰਾਂ ਵਿਚ ਜਾਂਦਾ ਰਿਹਾ ਅਤੇ ਸੁਣਿਆ ਹੈ ਕਿ ਉਨ੍ਹਾਂ ਸਮਿਆਂ ਵਿਚ ਸ਼ਿਵ ਨੂੰ ਸੁਣਨ ਲਈ ਲੋਕ ਚੰਗੇ ਪੈਸੇ ਵੀ ਦਿਆ ਕਰਦੇ ਸਨ। ਸੰਨ 1966 ਵਿਚ ਸ਼ਿਵ ਨੇ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਸ਼ਾਖਾ ਵਿਚ ਕਲਰਕ ਵਜੋਂ ਨੌਕਰੀ ਕਰ ਲਈ ਤੇ 1968 ਵਿਚ ਉਸ ਦੀ ਬਦਲੀ ਚੰਡੀਗੜ੍ਹ ਵਿਖੇ ਹੋ ਗਈ।
ਸੰਨ 1960 ਵਿਚ ਸ਼ਿਵ ਦਾ ਪਹਿਲਾ ਕਾਵਿ ਸੰਗ੍ਰਹਿ ‘ਪੀੜਾਂ ਦਾ ਪਰਾਗਾ’ ਆਇਆ ਸੀ ਜਿਹੜਾ ਆਉਂਦਿਆਂ ਸਾਰ ਹੀ ਪ੍ਰਸਿੱਧ ਹੋ ਗਿਆ। ਸ਼ਿਵ ਨੇ ਸਦੀਆਂ ਤੋਂ ਨਫ਼ਰਤ ਦਾ ਪਾਤਰ ਬਣਾਈ ਗਈ ਲੂਣਾ ਨੂੰ ਲੋਕ ਕਚਹਿਰੀ ਵਿਚ ਜਿੱਤ ਦਿਵਾਈ 1965 ਵਿਚ ਮਹਾਂਕਾਵਿ ‘ਲੂਣਾ’ ਲਿਖ ਕੇ। ਲੂਣਾ ਲਈ 1967 ਵਿਚ ਸ਼ਿਵ ਨੂੰ ਸਾਹਿਤ ਜਗਤ ਦੇ ਵੱਡੇ ਸਨਮਾਨ ‘ਸਾਹਿਤ ਅਕਾਦਮੀ ਐਵਾਰਡ’ ਨਾਲ ਨਿਵਾਜਿਆ ਗਿਆ।
ਉਹ ਸਭ ਤੋਂ ਘੱਟ ਉਮਰ ਦਾ ਲੇਖਕ ਸੀ ਜਿਸ ਨੂੰ ਇਹ ਵੱਡਾ ਐਵਾਰਡ ਮਿਲਿਆ ਸੀ। ਇਸ ਤਰ੍ਹਾਂ ਉਹ ਪੰਜਾਬ ਦੇ ਨਾਲ-ਨਾਲ ਭਾਰਤ ਭਰ ਵਿਚ ਹੀ ਮਕਬੂਲ ਨਹੀਂ ਹੋਇਆ ਸਗੋਂ ਉਸ ਦੀ ਸ਼ੁਹਰਤ ਹੱਦਾਂ-ਸਰਹੱਦਾਂ ਤੋਂ ਪਾਰ ਵਿਦੇਸ਼ਾਂ ਤੀਕ ਵੀ ਜਾ ਪਹੁੰਚੀ। ਲੋਕ ਉਸ ਨੂੰ ਦੇਖਣ-ਸੁਣਨ ਲਈ ਉਤਾਵਲੇ ਹੋਣ ਲੱਗੇ। ਸੰਨ 1972 ਵਿਚ ਉਹ ਇੰਗਲੈਂਡ ਵਿਖੇ ਗਿਆ ਤਾਂ ਹਰ ਰੇਡੀਓ, ਟੀਵੀ ਚੈਨਲਾਂ ’ਤੇ ਉਸ ਦੇ ਇੰਟਰਵਿਊ ਪ੍ਰਸਾਰਿਤ ਹੋਏ ਅਤੇ ਅਨੇਕ ਮੁਸ਼ਾਇਰੇ ਵੀ ਹੋਏ। ਓਥੇ ਸ਼ਿਵ ਦੀ ਸ਼ਾਇਰੀ ਅਤੇ ਸੋਜ ਭਰੀ ਆਵਾਜ਼ ਨੇ ਲੋਕਾਂ ਨੂੰ ਮਦਹੋਸ਼ ਕਰ ਦਿੱਤਾ।
ਉਸ ਦੀਆਂ ਨਜ਼ਮਾਂ/ਗੀਤ ਸੁਣ ਕੇ ਲੋਕਾਂ ਦੀਆਂ ਅੱਖਾਂ ਅੱਥਰੂ ਆ ਜਾਂਦੇ। ਛੇ ਮਹੀਨੇ ਇੰਗਲੈਂਡ ’ਚ ਰਹਿਣ ਮਗਰੋਂ ਜਦ ਉਹ ਭਾਰਤ ਪਰਤਿਆ ਤਾਂ ਬਿਮਾਰ ਰਹਿਣ ਲੱਗਾ। ਪਹਿਲਾਂ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। ਕੁਝ ਸਮੇਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਇਨ੍ਹਾਂ ਸਮਿਆਂ ਵਿਚ ਉਸ ਦੀ ਵਿੱਤੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਸੀ।
ਸ਼ਿਵ ਨੂੰ ਉਸ ਦੇ ਅੰਤਿਮ ਦਿਨਾਂ ਵਿਚ ਉਸ ਦੇ ਕੁਝ ਨਜ਼ਦੀਕੀਆਂ ਨੇ ਧੋਖਾ ਦਿੱਤਾ। ਕਿਸੇ ਨੇ ਉਸ ਦੀ ਮਦਦ ਤਾਂ ਕੀ ਕਰਨੀ ਸੀ ਸਗੋਂ ਕਿਸੇ ਨੇ ਉਸ ਦੇ ਗੀਤ ਫਿਲਮਾਂ ਵਿਚ ਆਪਣੇ ਨਾਂ ਹੇਠ ਰਿਕਾਰਡ ਕਰਾ ਲਏ ਅਤੇ ਕਿਸੇ ਨੇ ਉਸ ਦੀ ਮਿਹਨਤ ਦੇ ਪੈਸੇ ਹੜੱਪ ਲਏ। ਇਸ ਵਤੀਰੇ ਨਾਲ ਸ਼ਿਵ ਨੂੰ ਬੜਾ ਧੱਕਾ ਲੱਗਾ ਤੇ ਉਹ ਕ੍ਰੋਧਿਤ ਰਹਿਣ ਲੱਗਾ। ਉਸ ਦੇ ਅੰਤਿਮ ਦਿਨਾਂ ਵਿਚ ਲਿਖੀਆਂ ਉਸ ਦੀਆਂ ਕਵਿਤਾਵਾਂ ਕੁੱਤੇ, ਗ਼ੱਦਾਰ, ਦੁੱਧ ਦਾ ਕਤਲ, ਸੱਪ, ਫ਼ਾਂਸੀ ਆਦਿ ਵਿਚ ਇਸ ਗੱਲ ਦੀ ਝਲਕ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਸ਼ਿਵ ਹਸਪਤਾਲ ਵਿਚ ਨਹੀਂ ਮਰਨਾ ਚਾਹੁੰਦਾ ਸੀ।
ਇਸ ਲਈ ਉਹ ਆਪਣੇ ਆਖ਼ਰੀ ਸਮੇਂ ਵਿਚ ਆਪਣੇ ਸਹੁਰੇ ਪਿੰਡ ਕਿਰੀ ਮੰਗਿਆਲ ਜਿਹੜਾ ਕਿ ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਪੈਂਦਾ ਹੈ, ਵਿਖੇ ਚਲਾ ਗਿਆ ਜਿੱਥੇ 6 ਮਈ 1973 ਦੀ ਸਵੇਰ ਉਸ ਦੀ ਮੌਤ ਦਾ ਕੁਲਹਿਣਾ ਸੁਨੇਹਾ ਲੈ ਕੇ ਆਈ। ਸ਼ਿਵ ਨੂੰ ਆਪਣੀ ਮੌਤ ਨੇੜੇ ਦਿਖਾਈ ਦੇ ਰਹੀ ਸੀ। ਸ਼ਾਇਦ ਇਸੇ ਲਈ ਉਸ ਨੇ ਲਿਖਿਆ ਸੀ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’। ਸ਼ਿਵ ਅੱਜ ਵੀ ਪੰਜਾਬੀ ਦਾ ਸਭ ਤੋਂ ਚਰਚਿਤ ਤੇ ਵੱਧ ਪੜ੍ਹਿਆ ਜਾਣ ਵਾਲਾ ਕਵੀ ਹੈ। ਬਟਾਲਾ ਵਿਖੇ ਸ਼ਿਵ ਬਟਾਲਵੀ ਦੀ ਯਾਦਗਾਰ ਵੀ ਉਸਾਰੀ ਗਈ ਹੈ।
ਸ਼ਿਵ ਦੇ ਗੀਤ ਅਨੇਕ ਗਾਇਕਾਂ ਨੇ ਗਾਏ ਪਰ ਅੱਜ ਵੀ ਜਦ ਕੋਈ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀ ਆਵਾਜ਼ ਵਿਚ ਸ਼ਿਵ ਦਾ ਗੀਤ ‘ਮਾਏਂ ਨੀਂ ਮਾਏਂ’ ਸੁਣਦਾ ਹੈ, ਮਹਿੰਦਰ ਕਪੂਰ ਦੀ ਆਵਾਜ਼ ਵਿਚ ਸ਼ਿਵ ਦਾ ਗੀਤ ‘ਦੇ ਜਾ ਮੇਰੀ ਕਲ਼ਮ ਨੂੰ ਇਕ ਹੋਰ ਹਾਦਸਾ’ ਜਾਂ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਸੁਣਦਾ ਹੈ, ਭਾਵੇਂ ਜਗਜੀਤ ਸਿੰਘ ਦੀ ਆਵਾਜ਼ ਵਿਚ ‘ਯਾਰੜਿਆਂ ਰੱਬ ਕਰ ਕੇ ਮੈਨੂੰ ਪੈਣ ਬਿਰਹੋਂ ਦੇ ਕੀੜੇ ਵੇ’ ਸੁਣਦਾ ਹੈ ਤੇ ਜਾਂ ਫਿਰ ਗ਼ੁਲਾਮ ਅਲੀ ਸਾਹਿਬ ਦੀ ਆਵਾਜ਼ ਵਿਚ ‘ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ’ ਸੁਣਦਾ ਹੋਵੇ ਤਾਂ ਭਾਵੁਕ ਹੋਇਆਂ ਬਿਨਾਂ ਨਹੀਂ ਰਹਿ ਸਕਦਾ।
ਮੋਬਾਈਲ : 79862-07849
ਆਭਾਰ : https://www.punjabijagran.com/editorial/general-remembering-shiv-batalvi-9487174.html
test