ਪ੍ਰਿੰਸੀਪਲ ਸਰਬਜੀਤ ਸਿੰਘ, ਮਾਹਿਲਪੁਰ
ਲੋਕ ਕਹਿੰਦੇ ਨੇ ਕਿ ਬੱਚਿਆਂ ਦਾ ਦਿਮਾਗ ਸਾਫ਼ ਸਲੇਟ ਦੀ ਤਰ੍ਹਾਂ ਹੁੰਦਾ ਹੈ ਜਿਸ ’ਤੇ ਕੁਝ ਵੀ ਉਕਰਿਆ ਜਾ ਸਕਦਾ ਹੈ ਪ੍ਰੰਤੂ ਪ੍ਰਾਈਵੇਟ ਸਕੂਲ ਇਸ ’ਤੇ ਉਕਰਣ ਦੀ ਬਜਾਏ ਇਸ ਨੂੰ ਸਾਫ਼-ਸੁਥਰਾ ਹੀ ਦਸਵੀਂ ਤੱਕ ਰਹਿਣ ਦਿੰਦੇ ਹਨ। ਹਰ ਸਕੂਲ ਵਿਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹਾਈ ਜਾਂਦੀ ਹੈ। ਇਸ ਕਰਕੇ ਕੋਈ ਵੀ ਸਕੂਲ ਅੰਗਰੇਜ਼ੀ ਮਾਧਿਅਮ ਨਹੀਂ ਹੋ ਸਕਦਾ ਕਿਉਂਕਿ ਤਿੰਨੇ ਭਾਸ਼ਾਵਾਂ ਸਿੱਖਣੀਆਂ ਬਹੁਤ ਜ਼ਰੂਰੀ ਹਨ ਤੇ ਸਕੂਲਾਂ ਨੂੰ ਸਭ ਤੋਂ ਜ਼ਿਆਦਾ ਮਾਂ-ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਇਕ ਭਾਸ਼ਾ ਮਾਂ-ਬੋਲੀ ਸਿੱਖ ਲੈਂਦਾ ਹੈ ਤਾਂ ਉਹ ਦੂਸਰੀਆਂ ਭਾਸ਼ਾਵਾਂ ਵੀ ਆਸਾਨੀ ਨਾਲ ਸਿੱਖ ਸਕਦਾ ਹੈ ਤੇ ਆਪਣੇ ਅੰਦਰ ਇਕ ਵਿਸ਼ਵਾਸ ਪੈਦਾ ਹੋ ਸਕਦਾ ਹੈ ਪ੍ਰੰਤੂ ਜਦੋਂ ਉਸ ਨੂੰ ਅੰਗਰੇਜ਼ੀ ਪੜ੍ਹਨ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਉਸ ’ਚ ਆਤਮ ਵਿਸ਼ਵਾਸ ਦੀ ਕਮੀ ਦੇਖਣ ਨੂੰ ਮਿਲਦੀ ਹੈ। ਮਾਂ-ਬਾਪ ਨੂੰ ਚਾਹੀਦਾ ਹੈ ਕਿ ਜੇਕਰ ਅਸੀਂ ਜ਼ਿਆਦਾ ਫੀਸਾਂ ਦੇ ਰਹੇ ਹਾਂ ਤਾਂ ਸਾਨੂੰ ਉੱਥੋਂ ਜ਼ਿਆਦਾ ਤੋਂ ਜ਼ਿਆਦਾ ਗਤੀਵਿਧੀਆਂ ਦੀ ਇੱਛਾ ਰੱਖਣੀ ਚਾਹੀਦੀ ਹੈ ਤੇ ਬੱਚਿਆਂ ਦੀ ਖੇਡ-ਕੁੱਦ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸਕੂਲ ਜਾ ਕੇ ਪੁੱਛਣਾ ਚਾਹੀਦਾ ਹੈ ਕਿ ਸਾਡੇ ਬੱਚੇ ਨੂੰ ਟਿਊਸ਼ਨ ਦੀ ਕਿਉਂ ਲੋੜ ਹੈ?
ਪ੍ਰਾਈਵੇਟ ਸਕੂਲਾਂ ਦੀ ਬਹੁਤ ਵੱਡੀ ਤ੍ਰਾਸਦੀ ਹੈ ਕਿ ਇੱਥੇ ਨਾ ਤਾਂ ਬੱਚਾ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਪਾ ਰਿਹਾ ਹੈ, ਨਾ ਹੀ ਅੰਗਰੇਜ਼ੀ ਤੇ ਨਾ ਹਿੰਦੀ। ਬੱਚਾ ਦਸਵੀਂ ਤੋਂ ਬਾਅਦ ਅੱਧ-ਪੱਕਿਆ ਤੇ ਤਿੰਨਾਂ ਭਸ਼ਾਵਾਂ ਤੋਂ ਸੱਖਣਾ ਬਾਹਰ ਨਿਕਲਦਾ ਹੈ ਤੇ ਉਹ ਸਮਾਜਿਕ ਤੌਰ ’ਤੇ ਕਿਸੇ ਵੀ ਭਾਸ਼ਾ ਦਾ ਚੰਗੀ ਤਰ੍ਹਾਂ ਸਾਹਮਣਾ ਨਹੀਂ ਕਰ ਪਾਉਂਦੇ। ਇਟਾਲੀਅਨ ਲੋਕ ਇਟਾਲੀਅਨ ਭਾਸ਼ਾ ਵਿਚ ਸਿਖਾਉਂਦੇ ਹਨ, ਜਾਪਾਨੀ ਲੋਕ ਜਾਪਾਨੀ ਭਾਸ਼ਾ ਵਿਚ ਸਿਖਾਉਂਦੇ ਹਨ ਤੇ ਚੀਨੀ ਲੋਕ ਚੀਨੀ ਭਾਸ਼ਾ ਵਿਚ ਹੀ ਬੱਚਿਆਂ ਨੂੰ ਗਿਆਨ ਵੰਡਦੇ ਹਨ। ਇਕ ਆਪਣਾ ਹੀ ਦੇਸ਼ ਹੈ ਜਿੱਥੇ ਆਪਾਂ ਦੂਸਰਿਆਂ ਦੀ ਮਾਂ-ਬੋਲੀ ਦੀ ਵਰਤੋਂ ਕਰਦੇ ਹਾਂ ਤੇ ਬੱਚਿਆਂ ਨੂੰ ਦਿਮਾਗੀ ਤੌਰ ’ਤੇ ਅਪਾਹਜ ਬਣਾ ਦਿੰਦੇ ਹਾਂ।
ਬੱਚੇ ਦੇ ਮਾਂ-ਬਾਪ ਸਕੂਲ ਜਾ ਕੇ ਕਿਸੇ ਵੀ ਅਧਿਆਪਕ, ਪ੍ਰਿੰਸੀਪਲ ਨੂੰ ਕੋਈ ਵੀ ਪ੍ਰਸ਼ਨ ਨਹੀਂ ਕਰਦੇ। ਡਰ ਇਹ ਹੈ ਕਿ ਕਿਤੇ ਬੱਚੇ ਨਾਲ ਇਹ ਗ਼ਲਤ ਨਾ ਕਰਨ, ਉਸ ਦੇ ਅੰਕ ਨਾ ਕੱਟ ਲੈਣ। ਕੇਰਲ ਵਿਚ ਮਾਂ-ਬਾਪ ਸਕੂਲ ਜਾ ਕੇ ਟੀਚਰ ਨਾਲ ਗੱਲਬਾਤ ਕਰਦੇ ਹਨ ਤੇ ਬੱਚਿਆਂ ਨੂੰ ਪੜ੍ਹਾਉਣ ਦੇ ਤਰੀਕੇ ਸਬੰਧੀ ਜਾਣਕਾਰੀ ਲੈਂਦੇ ਹਨ। ਇਕ ਪੰਜਾਬ ਹੈ ਜਿੱਥੇ ਅਸੀਂ ਪੈਸੇ ਵੀ ਦੇ ਰਹੇ ਹਾਂ ਤੇ ਸਕੂਲ ਜਾ ਕੇ ਬੱਚਿਆਂ ਬਾਰੇ ਪੁੱਛਦੇ ਵੀ ਨਹੀਂ। ਪ੍ਰਾਈਵੇਟ ਸਕੂਲਾਂ ਦੇ ਟੀਚਰ ਪਹਿਲੀ ਕਲਾਸ ਦੇ ਬੱਚਿਆਂ ਤੋਂ ਹੀ ਫੀਸਾਂ ਦੀ ਮੰਗ ਕਰ ਰਹੇ ਹਨ ਜਿਸ ਕਾਰਨ ਬੱਚੇ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਜਾਂਦੇ ਹਨ। ਟੀਚਰਾਂ, ਪ੍ਰਿੰਸੀਪਲਾਂ ਜਾਂ ਪ੍ਰਬੰਧਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਫੀਸ ਤਾਂ ਆਖ਼ਰ ਮਾਂ-ਬਾਪ ਨੇ ਹੀ ਦੇਣੀ ਹੈ, ਇਸ ਲਈ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਤੰਗ ਨਾ ਕਰਨ। ਬੱਚੇ ਘਰ ਜਾ ਕੇ ਫੀਸ ਜਮ੍ਹਾ ਕਰਵਾਉਣ ਲਈ ਅੜੀ ਕਰਦੇ ਹਨ ਜਾਂ ਉਹ ਬੇਇੱਜ਼ਤੀ ਮਹਿਸੂਸ ਕਰਦੇ ਹਨ। ਸਕੂਲ ਪ੍ਰਸ਼ਾਸਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਹਮੇਸ਼ਾ ਬੱਚੇ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
ਜਦੋਂ ਅਸੀਂ ਬੱਚਿਆਂ ਤੋਂ ਪੜ੍ਹਾਈ ਨਾਲੋਂ ਜ਼ਿਆਦਾ ਪੈਸਿਆਂ ਨੂੰ ਤਰਜੀਹ ਦਿੰਦੇ ਹਾਂ ਤਾਂ ਕਿਸੇ ਵੀ ਸਕੂਲ, ਕਿਸੇ ਵੀ ਸਮਾਜ ਤੇ ਕਿਸੇ ਵੀ ਸੰਸਥਾ ਦਾ ਸਹੀ ਵਿਕਾਸ ਨਹੀਂ ਹੋ ਸਕਦਾ। ਸਾਨੂੰ ਸਾਰਿਆਂ ਨੂੰ ਮਿਲ ਕੇ ਸਕੂਲਾਂ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਉੱਥੇ ਜਾ ਕੇ ਗੱਲਬਾਤ ਕਰਨੀ ਚਾਹੀਦੀ ਹੈ ਤੇ ਆਪਣੇ ਸੁਝਾਅ ਦੇਣੇ ਚਾਹੀਦੇ ਹਨ। ਅਧਿਆਪਕ ਦੇ ਪੜ੍ਹਾਉਣ ਦੇ ਤਰੀਕੇ ਦੇ ਸਬੰਧ ਵਿਚ ਬੱਚਿਆਂ ਤੋਂ ਗੁਪਤ ਤੌਰ ’ਤੇ ਪੁੱਛਣਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਸਕੂਲ ’ਚ ਜਾ ਕੇ ਸੁਝਾਅ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ 10-12 ਟੀਚਰ ਪ੍ਰਿੰਸੀਪਲ ਦੀ ਸੀਟ ਦੇ ਪਿੱਛੇ ਖੜ੍ਹ ਕੇ ਫਜ਼ੂਲ ਦਲੀਲਾਂ ਦਿੰਦੇ ਹਨ। ਮੈਂ ਹਮੇਸ਼ਾ ਇਹੀ ਕਹਿੰਦਾ ਹਾਂ ਕਿ ਬੱਚਿਆਂ ਦੀ ਪੜ੍ਹਾਈ ’ਤੇ ਸਾਨੂੰ, ਸਮਾਜ ਤੇ ਮਾਂ-ਬਾਪ ਨੂੰ ਧਿਆਨ ਦੇਣਾ ਚਾਹੀਦਾ ਹੈ।
ਜੇਕਰ ਸਰਕਾਰ ਹਰੇਕ ਸਕੂਲ ਦਾ ਇਮਾਨਦਾਰੀ ਨਾਲ ਨਿਰੀਖਣ ਕਰੇ ਤਾਂ ਬਹੁਤ ਸਾਰੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਆਉਂਦੀ ਤੇ ਨਾ ਹੀ ਉਨ੍ਹਾਂ ਨੂੰ ਹਿਸਾਬ ਚੰਗੀ ਤਰ੍ਹਾਂ ਸਿਖਾਇਆ ਜਾ ਰਿਹਾ ਹੈ। ਹਰੇਕ ਸਕੂਲ ਵਿਚ ਇਕ-ਦੋ ਬੱਚੇ ਹੁਸ਼ਿਆਰ ਹੁੰਦੇ ਹਨ। ਕਿਤੇ ਵੀ ਚਲੇ ਜਾਓ, ਉਹ ਜ਼ਰੂਰ ਮਿਲ ਜਾਣਗੇ ਤੇ ਪ੍ਰਾਈਵੇਟ ਸਕੂਲ ਉਨ੍ਹਾਂ ਦੀਆਂ ਫੋਟੋਆਂ ਲਗਾ ਕੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਸਕੂਲ ਵਿਚ ਬੱਚੇ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ। ਇਕ ਮਾਂ-ਬੋਲੀ ਹੈ ਜਿਹੜੀ ਤੁਹਾਡੇ ਵਿਚਾਰਾਂ ਨੂੰ ਵਧੀਆ ਤਰੀਕੇ ਨਾਲ ਜ਼ਾਹਰ ਕਰਨ ਵਿਚ ਮਦਦ ਕਰਦੀ ਹੈ। ਸਕੂਲਾਂ ਨੂੰ ਪਹਿਲੀ ਕਲਾਸ ਵਿਚ ਬੱਚਿਆਂ ਨੂੰ ਮਾਂ-ਬੋਲੀ ’ਤੇ ਜ਼ੋਰ ਦੇਣਾ ਚਾਹੀਦਾ ਹੈ। ਕੋਈ ਵੀ ਭਾਸ਼ਾ ਮਾਂ-ਬੋਲੀ ਤੋਂ ਉੱਪਰ ਨਹੀਂ ਹੋ ਸਕਦੀ।
ਮੋਬਾਈਲ : 94177-58355
Credit : https://www.punjabijagran.com/editorial/general-mother-tongue-is-very-important-for-us-9469687.html
test