ਨਾਭਾ ਦੀ ਸਿਮਰਨਦੀਪ ਦਾ 15ਵਾਂ ਤੇ ਅਬੋਹਰ ਦੀ ਆਕ੍ਰਿਤੀ ਦਾ 122ਵਾਂ ਰੈਂਕ
07 ਮਾਰਚ, 2026 – ਨਾਭਾ/ਅਬੋਹਰ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐੱਸ ਸੀ) ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਐਲਾਨੇ ਨਤੀਜਿਆਂ ਵਿੱਚ ਪੰਜਾਬ ਦੀਆਂ ਧੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਨਾਭਾ ਦੇ ਪਿੰਡ ਬੀਰੜਵਾਲ ਦੀ ਸਿਮਰਨਦੀਪ ਕੌਰ ਨੇ ਦੇਸ਼ ਭਰ ’ਚੋਂ 15ਵਾਂ ਰੈਂਕ ਹਾਸਲ ਕੀਤਾ ਹੈ, ਜਦਕਿ ਅਬੋਹਰ ਦੀ ਆਕ੍ਰਿਤੀ ਸਿੰਗਲਾ ਨੇ 122ਵਾਂ ਰੈਂਕ ਹਾਸਲ ਕੀਤਾ ਹੈ।
ਪਿੰਡ ਬੀਰੜਵਾਲ ਦੇ ਮੱਧ ਵਰਗੀ ਕਿਸਾਨ ਕੁਲਦੀਪ ਸਿੰਘ ਤੇ ਅਮਨਦੀਪ ਕੌਰ ਦੀ ਧੀ ਸਿਮਰਨਦੀਪ ਕੌਰ ਨੇ ਚੌਥੀ ਕੋਸ਼ਿਸ਼ ਵਿੱਚ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਖਾਲਸਾ ਕਾਲਜ ਤੋਂ ਰਾਜਨੀਤੀ ਸ਼ਾਸਤਰ ’ਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਇਸੇ ਵਿਸ਼ੇ ਨੂੰ ਆਪਣੀ ਪ੍ਰੀਖਿਆ ਲਈ ਚੁਣਿਆ। ਸਿਮਰਨਦੀਪ ਨੇ ਦੱਸਿਆ ਕਿ ਉਸ ਨੇ ਆਨਲਾਈਨ ਕਲਾਸਾਂ ਅਤੇ ਕਰਨਾਟਕ ਦੇ ਅਧਿਆਪਕ ਦੇ ਮਾਰਗਦਰਸ਼ਨ ਹੇਠ ਤਿਆਰੀ ਕੀਤੀ। ਉਹ ਪੇਂਡੂ ਖੇਤਰਾਂ ਦੀ ਤਰੱਕੀ ਅਤੇ ਵਿਕਾਸ ਲਈ ਕੰਮ ਕਰਨਾ ਚਾਹੁੰਦੀ ਹੈ।
ਦੂਜੇ ਪਾਸੇ, ਅਬੋਹਰ ਦੀ ਆਕ੍ਰਿਤੀ ਸਿੰਗਲਾ ਨੇ 122ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਤੋਂ ਬੀ.ਕਾਮ ਅਤੇ ਹੰਸਰਾਜ ਕਾਲਜ ਤੋਂ ਐੱਮ.ਕਾਮ ਕੀਤੀ ਹੈ। ਉਹ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੋਣਹਾਰ ਰਹੀ ਹੈ ਤੇ ਇਸ ਤੋਂ ਪਹਿਲਾਂ ਯੂ ਜੀ ਸੀ ਨੈੱਟ ਅੇ ਜੇ ਆਰ ਐੱਫ ਦੀ ਪ੍ਰੀਖਿਆ ਵਿੱਚ ਵੀ ਕਾਮਰਸ ਵਿਸ਼ੇ ਵਿੱਚ ਟੌਪ ਕਰ ਚੁੱਕੀ ਹੈ। ਉਸ ਦੇ ਪਿਤਾ ਪਵਨ ਸਿੰਗਲਾ ਨੇ ਦੱਸਿਆ ਕਿ ਆਕ੍ਰਿਤੀ ਦਾ ਬਚਪਨ ਤੋਂ ਹੀ ਸੁਫਨਾ ਸੀ ਕਿ ਉਹ ਸਿਵਲ ਸੇਵਾਵਾਂ ਰਾਹੀਂ ਦੇਸ਼ ਅਤੇ ਸਮਾਜ ਦੀ ਸੇਵਾ ਕਰੇ।
ਪੰਜਾਬੀ ਟ੍ਰਿਬਯੂਨ