ਬੱਚਿਆਂ ਵੱਲੋਂ ਪੰਜਾਬੀ ਨਾ ਪੜ੍ਹੀ ਜਾਣ ਤੋਂ ਖ਼ਫ਼ਾ ਹੋਏ ਬੈਂਸ
18 ਫਰਵਰੀ, 2026 – ਮਾਛੀਵਾੜਾ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਗਲਵਾਰ ਨੂੰ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਦੇਖਿਆ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਸੀ ਆ ਰਹੀ। ਉਨ੍ਹਾਂ ਕਿਹਾ ਕਿ ਅਧਿਆਪਕ ਸੰਜੀਦਗੀ ਨਾਲ ਪੜ੍ਹਾਈ ਨਹੀਂ ਕਰਵਾ ਰਹੇ। ਸਿੱਖਿਆ ਮੰਤਰੀ ਅੱਜ ਪਹਿਲਾਂ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੱਜੇ। ਇੱਥੇ ਉਨ੍ਹਾਂ ਦੇਖਿਆ ਕਿ ਕੁਝ ਕਮਰੇ ਤਾਂ ਬਹੁਤ ਵਧੀਆ ਸਨ ਪਰ ਕੁਝ ਥਾਵਾਂ ’ਤੇ ਰੌਸ਼ਨੀ ਦੀ ਘਾਟ ਅਤੇ ਛੱਤਾਂ ’ਤੇ ਜਾਲੇ ਲੱਗੇ ਹੋਏ ਸਨ।
ਉਨ੍ਹਾਂ ਤੁਰੰਤ ਪ੍ਰਿੰਸੀਪਲ ਨੂੰ ਸਫ਼ਾਈ ਦੀਆਂ ਹਦਾਇਤਾਂ ਕੀਤੀਆਂ। ਇੱਥੇ ਕਲਾਸ ਵਿੱਚ ਜਦੋਂ ਉਨ੍ਹਾਂ ਨੇ ਕੁੱਝ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ ਤਾਂ ਉਹ ਪੜ੍ਹਨ ਤੋਂ ਅਸਮਰੱਥ ਰਹੇ। ਬੱਚਿਆਂ ਨੇ ਦੱਸਿਆ ਕਿ ਉਹ ਇੰਦਰਾ ਕਲੋਨੀ ਦੇ 4 ਨੰਬਰ ਸਕੂਲ ’ਚੋਂ ਪੰਜਵੀਂ ਤੱਕ ਪੜ੍ਹ ਕੇ ਆਏ ਹਨ। ਮੰਤਰੀ ਤੁਰੰਤ ਇੰਦਰਾ ਕਲੋਨੀ ਦੇ ਸਕੂਲ ਪਹੁੰਚ ਗਏ, ਜਿੱਥੇ ਉਨ੍ਹਾਂ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਕਿਹਾ। ਕਲਾਸ ਵਿਚ ਮੌਜੂਦ ਕੁੱਲ 28 ਵਿੱਚੋਂ ਕੇਵਲ 8 ਬੱਚਿਆਂ ਨੂੰ ਹੀ ਪੰਜਾਬੀ ਪੜ੍ਹਨੀ ਆਉਂਦੀ ਸੀ।
ਇਹ ਦੇਖ ਕੇ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਦਾ ਦਿਲ ਰੋ ਰਿਹਾ ਹੈ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਹੀ ਪੜ੍ਹਨੀ ਨਹੀਂ ਆਉਂਦੀ। ਮੰਤਰੀ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਧੀਆ ਤਨਖ਼ਾਹਾਂ ਲੈ ਰਹੇ ਹਨ, ਇਸ ਦੇ ਬਾਵਜੂਦ ਬੱਚਿਆਂ ਨੂੰ ਸੁਚੱਜੇ ਢੰਗ ਨਾਲ ਸਿੱਖਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ ਕੀਤੇ।
ਅਧਿਆਪਕਾਂ ਨੇ ਪੋਸਟਾਂ ਖਾਲੀ ਹੋਣ ਦਾ ਹਵਾਲਾ ਦਿੱਤਾ
ਸਿੱਖਿਆ ਮੰਤਰੀ ਨੇ ਜਦੋਂ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ ਤਾਂ ਉੱਥੇ ਪੱਤਰਕਾਰਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਇੱਥੇ ਅਧਿਆਪਕਾਂ ਤੇ ਲੈਕਚਰਾਰਾਂ ਦੀਆਂ 13 ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ਇੰਦਰਾ ਕਲੋਨੀ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਵੀ ਕਿਹਾ ਕਿ ਸਕੂਲ ਵਿੱਚ 298 ਵਿਦਿਆਰਥੀ ਹਨ ਪਰ ਅਧਿਆਪਕ ਸਿਰਫ਼ ਤਿੰਨ ਹਨ। ਸਟਾਫ ਦੀ ਘਾਟ ਕਾਰਨ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਇਸ ’ਤੇ ਮੰਤਰੀ ਨੇ ਕਿਹਾ ਕਿ ਅਧਿਆਪਕ ਆਪਣੀ ਡਿਊਟੀ ਸਮਝਦੇ ਹੋਏ ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਪੜ੍ਹਾਉਣ।
ਪੰਜਾਬੀ ਟ੍ਰਿਬਯੂਨ