ਤਨਖ਼ਾਹ ਕਟੌਤੀ ਖ਼ਿਲਾਫ਼ ਚੰਡੀਗੜ੍ਹ ਕੂਚ ਕਰ ਰਹੇ ਸਨ ਮੁਲਾਜ਼ਮ; ਪੁਲੀਸ ਨਾਲ ਝੜਪ ਦੌਰਾਨ ਕਈ ਕਰਮਚਾਰੀ ਜ਼ਖ਼ਮੀ
26 ਫਰਵਰੀ, 2026 – ਐਸ ਏ ਐਸ ਨਗਰ (ਮੁਹਾਲੀ) : ਸਰਬ ਸਿੱਖਿਆ ਅਭਿਆਨ ਅਤੇ ਮਿੱਡ-ਡੇਅ ਮੀਲ ਅਧੀਨ ਸਿੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਤਨਖ਼ਾਹ ਵਿੱਚ 31 ਹਜ਼ਾਰ ਰੁਪਏ ਮਹੀਨਾ ਦੀ ਕਟੌਤੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ’ਤੇ ਅੱਜ ਚੰਡੀਗੜ੍ਹ ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਹ ਮੁਲਾਜ਼ਮ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਕੂਚ ਕਰ ਰਹੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਇਸ ਦੌਰਾਨ ਕਈ ਕਰਮਚਾਰੀਆਂ ਦੀਆਂ ਦਸਤਾਰਾਂ ਲੱਥ ਗਈਆਂ ਅਤੇ ਜਗਮੋਹਨ ਸਿੰਘ, ਰਮਨ ਭਗਤ, ਵਿਨੈ ਕੁਮਾਰ, ਅੰਮ੍ਰਿਤਪਾਲ ਸਿੰਘ, ਗੁਰਵਿੰਦਰ ਕੌਰ ਅਤੇ ਰੇਨੂ ਸਣੇ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਏ। ਆਖਰਕਾਰ ਪ੍ਰਸ਼ਾਸਨ ਦੇ ਦਖ਼ਲ ਤੋਂ ਬਾਅਦ 27 ਫਰਵਰੀ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਤੈਅ ਹੋਣ ’ਤੇ ਮੁਲਾਜ਼ਮਾਂ ਨੇ ਸੜਕ ਤੋਂ ਧਰਨਾ ਚੁੱਕਿਆ।
ਸਵੇਰ ਤੋਂ ਹੀ ਮੁਲਾਜ਼ਮਾਂ ਨੇ ਮੁਹਾਲੀ ਦੇ ਫੇਜ਼-8 ਸਥਿਤ ਸਿੱਖਿਆ ਵਿਭਾਗ ਦੇ ਦਫ਼ਤਰ (ਵਿੱਦਿਆ ਭਵਨ) ਦੇ ਦੋਵੇਂ ਗੇਟ ਘੇਰ ਕੇ ਧਰਨਾ ਲਾਇਆ ਹੋਇਆ ਸੀ, ਜਦੋਂ ਮੁਹਾਲੀ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਗੁੱਸੇ ਵਿੱਚ ਆਏ ਮੁਲਾਜ਼ਮਾਂ ਨੇ ਚੰਡੀਗੜ੍ਹ ਵੱਲ ਚਾਲੇ ਪਾ ਦਿੱਤੇ। ਚੰਡੀਗੜ੍ਹ ਪੁਲੀਸ ਨੇ ਸਰਹੱਦ ’ਤੇ ਨਾਕੇ ਲਾਏ ਹੋਏ ਸਨ, ਜਦੋਂ ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਪਾਣੀ ਦੀਆਂ ਬੁਛਾੜਾਂ ਮਾਰੀਆਂ।
ਯੂਨੀਅਨ ਆਗੂਆਂ ਕੁਲਦੀਪ ਸਿੰਘ, ਰਜਿੰਦਰ ਸਿੰਘ ਅਤੇ ਜਗਮੋਹਨ ਸਿੰਘ ਨੇ ਦੱਸਿਆ ਕਿ 17 ਫਰਵਰੀ ਨੂੰ ਹੋਏ ਪ੍ਰਦਰਸ਼ਨ ਦੌਰਾਨ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਤਨਖ਼ਾਹ ਕਟੌਤੀ ਨਹੀਂ ਹੋਵੇਗੀ ਅਤੇ ਪਹਿਲੀ ਅਪਰੈਲ 2018 ਤੋਂ ਰੈਗੂਲਰ ਕਰਨ ਦੀ ਫਾਈਲ ਦੋ ਦਿਨਾਂ ਵਿੱਚ ਵਿੱਤ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ ਪਰ ਹੁਣ ਵਿਭਾਗ ਆਪਣੇ ਵਾਅਦੇ ਤੋਂ ਮੁਕਰ ਰਿਹਾ ਹੈ। ਗੁਰਮੀਤ ਸਿੰਘ, ਜੈਵਲ ਜੈਨ, ਵਰਿੰਦਰ ਸਿੰਘ, ਜਨਕ ਸਿੰਘ, ਅਮਨ ਥਾਪਰ, ਪ੍ਰਵੀਨ ਸ਼ਰਮਾ ਅਤੇ ਅਸ਼ੀਸ਼ ਜੁਲਾਹਾ ਨੇ ਚਿਤਾਵਨੀ ਦਿੱਤੀ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪੰਜਾਬੀ ਟ੍ਰਿਬਯੂਨ