ਭੋਲਾ ਸ਼ਰਮਾ, ਜੈਤੋ
ਜੈਤੋ ਦਾ ਮੋਰਚਾ ਸਿੱਖ ਇਤਿਹਾਸ ਦਾ ਉਹ ਸ਼ਾਂਤਮਈ ਮੋਰਚਾ ਸੀ ਜੋ ਸਾਰੇ ਸਿੱਖ ਮੋਰਚਿਆਂ ਤੋਂ ਲੰਬਾ ਸਮਾਂ (ਪੌਣੇ ਦੋ ਸਾਲ ਤੋਂ ਵੀ ਵੱਧ) ਜਾਰੀ ਰਿਹਾ। ਇਸ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ ਹਕੂਮਤ ਨੇ ਸ੍ਰੀ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਜਬਰੀ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ।
ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਫੈਲਣੀ ਸੁਭਾਵਕ ਸੀ ਕਿਉਂਕਿ ਮਹਾਰਾਜਾ ਨਾਭਾ ਸਿੱਖਾਂ ਵਿਚ ਬਹੁਤ ਹਰਮਨ ਪਿਆਰਾ ਹੋ ਚੁੱਕਾ ਸੀ। ਅੰਗਰੇਜ਼ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਹੀ 5 ਅਗਸਤ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ’ਚ ਹੋਈ ਬੈਠਕ ਵਿਚ ਮਹਾਰਾਜਾ ਰਿਪੁਦਮਨ ਸਿੰਘ ਪ੍ਰਤੀ ਹਮਦਰਦੀ ਦਾ ਮਤਾ ਪਾਸ ਕਰ ਕੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ਵਿਚ ਨਾਭਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ।
ਜੈਤੋ ਮੰਡੀ ਵਿਚ ਵੀ ਅਜਿਹਾ ਮੁਜ਼ਾਹਰਾ ਕਰਨ ਉਪਰੰਤ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਵਿਖੇ ਦੀਵਾਨ ਸਜਾਇਆ ਗਿਆ ਤੇ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ। ਜੈਤੋ ਵਿਖੇ ਅਖੰਡ ਪਾਠਾਂ ਦੀ ਲੜੀ ਨੂੰ ਹਕੂਮਤ ਨੇ ਵੱਡੀ ਬਗ਼ਾਵਤ ਦੇ ਤੌਰ ’ਤੇ ਲਿਆ ਤੇ 14 ਸਤੰਬਰ ਨੂੰ ਹਥਿਆਰਬੰਦ ਸਿਪਾਹੀਆਂ ਨੇ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਉੱਥੇ ਇਕੱਤਰ ਹੋਏ ਲੋਕਾਂ ਅਤੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਬਾਹਰ ਖਿੱਚ ਲਿਆਂਦਾ। ਅਖੰਡ ਪਾਠ ਨੂੰ ਖੰਡਿਤ ਕਰ ਦਿੱਤਾ ਗਿਆ।
ਇਹ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਸੀ ਅਤੇ ਇਸ ਘਟਨਾ ਨੇ ਮਹਾਰਾਜੇ ਦੇ ਰਾਜਸੀ ਮੁੱਦੇ ਨੂੰ ਧਾਰਮਿਕ ਸਵਾਲ ਬਣਾ ਦਿੱਤਾ। ਜੈਤੋ ਮੋਰਚੇ ਦਾ ਮੁੱਖ ਨਿਸ਼ਾਨਾ ਖੰਡਿਤ ਅਖੰਡ ਪਾਠ ਨੂੰ ਮੁੜ ਅਖੰਡਿਤ ਰੂਪ ਵਿਚ ਚਾਲੂ ਕਰਨਾ ਸੀ। ਸਿੱਖਾਂ ਦੀ ਧਾਰਮਿਕ ਜੱਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸੰਭਾਲਦਿਆਂ ਅੰਮ੍ਰਿਤਸਰ ਤੋਂ ਰੋਜ਼ਾਨਾ 25-25 ਸਿੰਘਾਂ ਦੇ ਜੱਥੇ ਜੈਤੋ ਵੱਲ ਭੇਜਣੇ ਸ਼ੁਰੂ ਕੀਤੇ। ਹਰ ਰੋਜ਼ ਇਕ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ਜਦੋਂ ਜੈਤੋ ਪਹੁੰਚਦਾ ਤਾਂ ਹਕੂਮਤ ਵੱਲੋਂ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਜੰਗਲਾਂ ਵਿਚ ਲਿਜਾ ਕੇ ਛੱਡ ਦਿੱਤਾ ਜਾਂਦਾ।
ਮੋਰਚੇ ਦੀ ਚਰਚਾ ਪੰਜਾਬ ਤੋਂ ਬਾਹਰ ਵੀ ਹੋਣ ਲੱਗੀ। ਕਾਂਗਰਸ ਵੱਲੋਂ ਪੰਡਿਤ ਜਵਾਹਰਲਾਲ ਨਹਿਰੂ, ਪ੍ਰਿੰਸੀਪਲ ਗਿਡਵਾਨੀ ਤੇ ਮਿਸਟਰ ਕੇ. ਸਨਾਤਮ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਜੈਤੋ ਮੰਡੀ ਭੇਜਿਆ ਗਿਆ। ਤਿੰਨਾਂ ਆਗੂਆਂ ਨੂੰ ਜੈਤੋ ਪੁੱਜਣ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਇਕ ਰਾਤ ਜੈਤੋ ਕਿਲ੍ਹੇ ਦੀ ਇਕ ਕੋਠੜੀ ਵਿਚ ਬੰਦ ਕਰਨ ਉਪਰੰਤ ਅਗਲੇ ਦਿਨ ਨਾਭਾ ਜੇਲ੍ਹ ਵਿਚ ਭੇਜ ਦਿੱਤਾ ਗਿਆ। ਉਣੱਤੀ ਸਤੰਬਰ 1923 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਹਕੂਮਤ ਦੀ ਦਖ਼ਲਅੰਦਾਜ਼ੀ ਨਾ ਸਹਿਣ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ 25 ਸਿੰਘਾਂ ਦੇ ਜੱਥੇ ਭੇਜਣ ਨਾਲ ਕੋਈ ਤਸੱਲੀਬਖ਼ਸ਼ ਸਿੱਟਾ ਨਿਕਲਦਾ ਨਾ ਵੇਖ ਕੇ ਮੋਰਚੇ ਨੂੰ ਹੋਰ ਤੇਜ਼ ਕਰਨ ਲਈ 500-500 ਸਿੰਘਾਂ ਦੇ ਜੱਥੇ ਭੇਜਣ ਦਾ ਫ਼ੈਸਲਾ ਕੀਤਾ ਗਿਆ।
ਪਹਿਲੇ ਜੱਥੇ ਨੂੰ 21 ਫਰਵਰੀ 1924 ਨੂੰ ਜੈਤੋ ਪੁੱਜ ਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਨੂੰ ਕਬਜ਼ੇ ਵਿਚ ਲੈਣ ਤੇ ਅਖੰਡ ਪਾਠ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ। ਇਹ ਵਿਸ਼ਾਲ ਜੱਥਾ 20 ਫਰਵਰੀ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਪੁੱਜਿਆ ਤੇ 21 ਫਰਵਰੀ ਨੂੰ ਸਵੇਰੇ ਕੀਰਤਨ ਕਰਨ ਉਪਰੰਤ ਇਹ ਜੱਥਾ ਜੈਤੋ ਵੱਲ ਕੂਚ ਕਰਨ ਲੱਗਿਆ। ਜੱਥੇ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਸੰਗਤ ਵੀ ਸ਼ਰਧਾਵੱਸ ਚੱਲ ਰਹੀ ਸੀ ਤੇ ਬੀਬੀਆਂ ਸਮੇਤ ਵੱਡੀ ਗਿਣਤੀ ’ਚ ਦਰਸ਼ਕ ਵੀ ਸਨ। ਕਾਂਗਰਸ ਦੇ ਨੇਤਾ ਡਾ. ਕਿਚਲੂ, ਪ੍ਰਿੰਸੀਪਲ ਗਿਡਵਾਨੀ ਤੇ ‘ਨਿਊਯਾਰਕ ਟਾਈਮਜ਼’ ਦੇ ਪ੍ਰਤੀਨਿਧ ਮਿਸਟਰ ਜ਼ਿੰਮਦ ਕਾਰ ਵਿਚ ਸਵਾਰ ਹੋ ਕੇ ਜੱਥੇ ਦੇ ਨਾਲ-ਨਾਲ ਚੱਲ ਰਹੇ ਸਨ ਪਰ ਇਨ੍ਹਾਂ ਨੇਤਾਵਾਂ ਨੂੰ ਨਾਭਾ ਰਿਆਸਤ ਦੀ ਹੱਦ ਤੋਂ ਅੱਗੇ ਨਹੀਂ ਜਾਣ ਦਿੱਤਾ ਗਿਆ।
ਜੱਥੇ ਦੇ ਅੱਗੇ ਪੰਜ ਸਿੰਘ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਸਨ ਤੇ ਵਿਚਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸੀ। ਹਕੂਮਤ ਵੱਲੋਂ ਜੱਥੇ ਨੂੰ ਗੁਰਦੁਆਰਾ ਟਿੱਬੀ ਸਾਹਿਬ ਤੋਂ ਵਿੱਥ ’ਤੇ ਰੋਕ ਕੇ ਗੋਲ਼ੀ ਚਲਾ ਦੇਣ ਦੀ ਧਮਕੀ ਦਿੱਤੀ ਗਈ ਪਰ ਜੱਥਾ ਸ਼ਾਂਤਮਈ ਅੱਗੇ ਵਧਦਾ ਰਿਹਾ ਜਿਸ ’ਤੇ ਵਿਲਸਨ ਜਾਨਸਟਨ ਨੇ ਪੁਲਿਸ ਨੂੰ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ ਤੇ ਸੈਂਕੜੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ (ਸ਼੍ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ਵਿਚ 300 ਸਿੰਘ ਗੋਲ਼ੀ ਦਾ ਸ਼ਿਕਾਰ ਹੋਏ ਜਿਨ੍ਹਾਂ ’ਚੋਂ 100 ਸਿੰਘ ਸ਼ਹਾਦਤ ਪ੍ਰਾਪਤ ਕਰ ਗਏ)।
ਇਸ ਘਟਨਾ ਨੇ ਸਿੱਖਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਤੇ ਉਨ੍ਹਾਂ ਵਿਚ ਇਸ ਮੋਰਚੇ ’ਚ ਸ਼ਹਾਦਤ ਪਾਉਣ ਦਾ ਚਾਅ ਠਾਠਾਂ ਮਾਰਨ ਲੱਗਾ। ਅੰਤ ਹਕੂਮਤ ਸਿੱਖ ਸੰਘਰਸ਼ ਅੱਗੇ ਝੁਕ ਗਈ ਤੇ ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲੀ। ਸੰਗਤ ਨੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ੍ਰੀ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਆਖੰਡ ਪਾਠ ਸ਼ੁਰੂ ਕਰ ਕੇ ਮੋਰਚੇ ਨੂੰ ਸਿਰੇ ਚੜ੍ਹਾਇਆ।
-ਮੋਬਾਈਲ : 98721-84024
ਆਭਾਰ : https://www.punjabijagran.com/editorial/general-the-longest-front-in-sikh-history-9458487.html
test