14 ਅਕਤੂਬਰ, 2025 – ਫਰਿਜ਼ਨੋ (ਕੈਲੀਫੋਰਨੀਆ): ਫਰਿਜ਼ਨੋ ਦੇ ਮੰਝੇ ਹੋਏ ਐਥਲੀਟ ਸੁਖਨੈਨ ਸਿੰਘ ਨੇ ਦੁਬਾਰਾ ਕਾਮਯਾਬੀ ਦਾ ਝੰਡਾ ਗੱਡਦਿਆਂ ਅਮਰੀਕਾ ਦੇ ਸੈਂਟ ਜਾਰਜ (ਯੂਟਾਹ) ਵਿਖੇ ਹੋਈਆਂ 38ਵੀਂ ਵਰਲਡ ਹੰਟਸਮੈਨ ਸੀਨੀਅਰ ਗੇਮਜ਼ ਵਿੱਚ ਟ੍ਰਿਪਲ ਜੰਪ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਸੁਖਨੈਨ ਸਿੰਘ ਨੇ 6.47 ਮੀਟਰ ਦੀ ਸ਼ਾਨਦਾਰ ਛਾਲ ਮਾਰਦਿਆਂ ਇਹ ਸਫਲਤਾ ਹਾਸਲ ਕੀਤੀ।
ਇਹ ਤੀਜੀ ਵਾਰ ਹੈ ਜੋ ਸੁਖਨੈਨ ਸਿੰਘ ਨੇ ਇਹਨਾਂ ਪ੍ਰਸਿੱਧ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਹੈ। ਉਹਨਾਂ ਦੀ ਲਗਨ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਜ਼ਬੇ ਨੇ ਉਨ੍ਹਾਂ ਨੂੰ ਹਮੇਸ਼ਾਂ ਸੀਨੀਅਰ ਖੇਡਾਂ ਵਿੱਚ ਮਾਣ ਦਿਵਾਇਆ ।
ਵਰਲਡ ਹੰਟਸਮੈਨ ਸੀਨੀਅਰ ਗੇਮਜ਼ ਦੁਨੀਆ ਦੀਆਂ ਸਭ ਤੋਂ ਵੱਡੀਆਂ ਸੀਨੀਅਰ ਖੇਡਾਂ ਵਿੱਚੋਂ ਇੱਕ ਹਨ, ਜਿਨ੍ਹਾਂ ਵਿੱਚ 36 ਦੇਸ਼ਾਂ ਦੇ ਲਗਭਗ 12 ਹਜ਼ਾਰ ਖਿਡਾਰੀਆਂ ਨੇ 25 ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ।
ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ 460 ਮਰਦ ਅਤੇ ਔਰਤ ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਖੇਡ ਤੇ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਸਾਰੇ ਮੁਕਾਬਲੇ ਯੂਟਾਹ ਟੈਕਨੀਕਲ ਯੂਨੀਵਰਸਿਟੀ ਦੇ ਗ੍ਰੇਟਰ ਜ਼ਾਇਓਨ ਸਟੇਡੀਅਮ (St. George) ਵਿੱਚ ਕਰਵਾਏ ਗਏ, ਜਿੱਥੇ ਦੁਨੀਆ ਭਰ ਤੋਂ ਆਏ ਖਿਡਾਰੀਆਂ ਨੇ ਵੱਡੇ ਜਜ਼ਬੇ ਨਾਲ ਹਿੱਸਾ ਲਿਆ।
ਸੁਖਨੈਨ ਸਿੰਘ ਦੀ ਇਹ ਜਿੱਤ ਫਰਿਜ਼ਨੋ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ। ਉਹਨਾਂ ਦੀ ਲਗਾਤਾਰ ਕਾਮਯਾਬੀ ਇਹ ਸਾਬਤ ਕਰਦੀ ਹੈ ਕਿ ਜੇ ਜਜ਼ਬਾ ਮਜ਼ਬੂਤ ਹੋਵੇ ਤਾਂ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ।
ਬਾਬੁਸ਼ਹੀ ਬਿਊਰੋ