ਅਕਸ਼ੈ ਕੁਮਾਰ ਖਨੌਰੀ
ਦਸੰਬਰ 1914 ਵਿਚ ਸਰਾਭਾ ਤੇ ਉਸ ਦੇ ਸਾਥੀ ਵਿਸ਼ਨੂੰ ਗਣੇਸ਼ ਪਿੰਗਲੇ, ਸਚਿੰਦਰ ਨਾਥ ਸਨਿਆਲ ਤੇ ਰਾਸ ਬਿਹਾਰੀ ਬੋਸ ਪੰਜਾਬ ਆ ਪਹੁੰਚੇ। ਫਰਵਰੀ 1915 ਵਿਚ ਬਗ਼ਾਵਤ ਦੀ ਤਿਆਰੀ ਸੀ। ਪਹਿਲੇ ਹਫ਼ਤੇ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਆਪਣੇ ਹੋਰ ਸਾਥੀਆਂ ਨਾਲ ਆਗਰਾ, ਕਾਨਪੁਰ, ਅਲਾਹਾਬਾਦ, ਲਖਨਊ, ਮੇਰਠ, ਫਿਰੋਜ਼ਪੁਰ, ਮੁਲਤਾਨ ਤੇ ਹੋਰ ਅਨੇਕ ਥਾਵਾਂ ’ਤੇ ਗਏ ਅਤੇ ਬਗ਼ਾਵਤ ਲਈ ਉਨ੍ਹਾਂ ਨਾਲ ਸੰਪਰਕ ਕੀਤਾ।
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ ਸੀ। ਸਰਾਭਾ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਬਚਪਨ ਸਮੇਂ ਸੁਰਗਵਾਸ ਹੋ ਗਏ ਸਨ। ਉਨ੍ਹਾਂ ਦੇ ਬਿਰਧ ਦਾਦਾ ਜੀ ਨੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ। ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਕਾਲਜ ਵਿਚ ਦਾਖ਼ਲਾ ਲਿਆ। ਕਾਲਜ ਦੇ ਪਾਠਕ੍ਰਮ ਦੇ ਤੰਗ ਘੇਰੇ ਤੋਂ ਬਾਹਰ ਉਨ੍ਹਾਂ ਨੂੰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਪੜ੍ਹ ਕੇ ਉਨ੍ਹਾਂ ਅੰਦਰ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਹੋਇਆ। ਉਨ੍ਹਾਂ ਦੀ ਰਗ-ਰਗ ਵਿਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਅੰਦਰ ਅਮਰੀਕਾ ਜਾਣ ਦੀ ਖ਼ਾਹਿਸ਼ ਪੈਦਾ ਹੋਈ ਤੇ ਉਨ੍ਹਾਂ ਨੂੰ ਅਮਰੀਕਾ ਭੇਜ ਦਿੱਤਾ ਗਿਆ। ਸੰਨ 1912 ਵਿਚ ਉਹ ਸਾਨ ਫ੍ਰਾਂਸਿਸਕੋ ਦੀ ਬੰਦਰਗਾਹ ’ਤੇ ਪਹੁੰਚੇ ਅਤੇ ਅਮਰੀਕਾ ’ਚ ਰਹਿਣ ਲੱਗੇ।
ਉੱਥੇ ਕੰਮ ਕਰਦੇ ਸਮੇਂ ਉਨ੍ਹਾਂ ਨੇ ਦੇਖਿਆ ਕਿ ਹਿੰਦੁਸਤਾਨੀਆਂ ਨੂੰ ਹਰ ਥਾਂ ’ਤੇ ਬੇਇੱਜ਼ਤ ਕੀਤਾ ਜਾਂਦਾ ਸੀ। ਹੋਟਲਾਂ, ਪਾਰਕਾਂ ਤੇ ਸਿਨੇਮਿਆਂ ਦੇ ਬਾਹਰ ਹਰ ਥਾਂ ਲਿਖਿਆ ਹੁੰਦਾ ਸੀ, “ਹਿੰਦੁਸਤਾਨੀ ਤੇ ਕੁੱਤਿਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ।” ਉਨ੍ਹਾਂ ਨੂੰ ਕਦਮ-ਕਦਮ ’ਤੇ ਗੁਲਾਮੀ ਦਾ ਅਹਿਸਾਸ ਹੋਇਆ। ਸਰਾਭਾ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਭਾਰਤ ਦਿਖਾਈ ਦਿੰਦਾ ਤੇ ਉਨ੍ਹਾਂ ਦਾ ਦੇਸ਼ ਦੀ ਆਜ਼ਾਦੀ ਲਈ ਜ਼ਿੰਦਗੀ ਕੁਰਬਾਨ ਕਰਨ ਦਾ ਇਰਾਦਾ ਹੋਰ ਮਜ਼ਬੂਤ ਹੁੰਦਾ ਗਿਆ। ਇਕ ਨਵੰਬਰ 1913 ਨੂੰ ਸਾਨ ਫ੍ਰਾਂਸਿਸਕੋ ਵਿਚ ਹਿੰਦੁਸਤਾਨੀ ਐਸੋਸੀਏਸ਼ਨ ਆਫ ਅਮਰੀਕਾ ਦੀ ਨੀਂਹ ਰੱਖੀ ਗਈ। ਬਾਅਦ ਵਿਚ ਇਹ ਗ਼ਦਰ ਪਾਰਟੀ ਦੇ ਨਾਲ ਮਸ਼ਹੂਰ ਹੋਈ। ਸੋਹਨ ਸਿੰਘ ਭਕਨਾ ਇਸ ਦੇ ਪ੍ਰਧਾਨ ਤੇ ਲਾਲਾ ਹਰਦਿਆਲ ਸਕੱਤਰ ਸਨ। ਜਵਾਲਾ ਸਿੰਘ ਤੇ ਕੇਸਰ ਸਿੰਘ ਮੀਤ ਪ੍ਰਧਾਨ ਤੇ ਕਾਂਸ਼ੀ ਰਾਮ ਖ਼ਜ਼ਾਨਚੀ ਸਨ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਰਾਮ ਗ਼ਦਰ ਅਖ਼ਬਾਰ ਕੱਢਣ ਲਈ ਲਾਲਾ ਹਰਦਿਆਲ ਦੇ ਸਹਾਇਕ ਥਾਪੇ ਗਏ ਸਨ। ਇਕ ਨਵੰਬਰ 1913 ਨੂੰ ਗ਼ਦਰ ਅਖ਼ਬਾਰ ਦਾ ਪਹਿਲਾ ਪਰਚਾ ਛਪ ਕੇ ਨਿਕਲਿਆ। ਇਹ ਕਰਤਾਰ ਸਿੰਘ ਸਰਾਭਾ ਦੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਸੀ। ਇਹ ਅਖ਼ਬਾਰ ਹੱਥ ਨਾਲ ਚੱਲਣ ਵਾਲੀ ਮਸ਼ੀਨ ਉੱਪਰ ਛਾਪਿਆ ਜਾਂਦਾ ਸੀ। ਅਖ਼ਬਾਰ ਛਾਪਦੇ ਸਮੇਂ ਸਰਾਭਾ ਅਕਸਰ ਇਹ ਸ਼ਿਅਰ ਗਾਉਂਦਾ ਹੁੰਦਾ ਸੀ : ‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ।’ ਗ਼ਦਰ ਅਖ਼ਬਾਰ ਦਾ ਇਕ-ਇਕ ਅੱਖਰ ਸਾਮਰਾਜ ਵਿਰੁੱਧ ਕੌਮੀ ਬਗ਼ਾਵਤ ਦਾ ਸੁਨੇਹਾ ਦਿੰਦਾ ਸੀ। ਇਹ ਗੁਲਾਮੀ ਹੇਠ ਨਪੀੜੇ ਹਿੰਦੁਸਤਾਨੀਆਂ ਦੀਆਂ ਅਕਹਿ ਮੁਸੀਬਤਾਂ ਤੇ ਅਤਿਅੰਤ ਗਿਰਾਵਟ ਤੇ ਮੰਦਹਾਲੀ ਦੀ ਵਾਰਤਾ ਸੀ। ਗ਼ਦਰ ਅਖ਼ਬਾਰ ਦੂਰ ਦੇਸ਼ਾਂ ਕੈਨੇਡਾ, ਮਲਾਇਆ, ਜਾਪਾਨ, ਚੀਨ, ਫਿਜੀ ਤੇ ਅਰਜਨਟੀਨਾ ਤੱਕ ਜਾ ਪੁੱਜਾ। ਪਰਚੇ ਹਿੰਦੁਸਤਾਨ ਤੱਕ ਵੀ ਪੁੱਜਣੇ ਸ਼ੁਰੂ ਹੋ ਗਏ ਸਨ। ਗ਼ਦਰੀ ਇਨਕਲਾਬੀਆਂ ਨੇ ਜਲਦੀ ਹੀ ਦੂਜੇ ਦੇਸ਼ਾਂ ਰੂਸ, ਚੀਨ ਤੇ ਆਇਰਲੈਂਡ ਦੇ ਸਾਥੀ ਇਨਕਲਾਬੀਆਂ ਨਾਲ ਆਪਣੇ ਸਬੰਧ ਪੈਦਾ ਕਰ ਲਏ ਸਨ। ਪਾਰਟੀ ਨੇ ਹਵਾਈ ਜਹਾਜ਼ ਉਡਾਉਣ ਲਈ ਸਿਖਲਾਈ ਪ੍ਰਾਪਤ ਕਰਨ ਵਾਸਤੇ ਸਰਾਭਾ ਦੀ ਚੋਣ ਕੀਤੀ। ਉਹ ਇਕ ਬਹੁਤ ਹੀ ਫੁਰਤੀਲਾ ਤੇ ਜੋਸ਼ੀਲਾ ਨੌਜਵਾਨ ਸੀ। ਸਤੰਬਰ 1914 ਵਿਚ ਕਾਮਾਗਾਟਾਮਾਰੂ ਜਹਾਜ਼ ਨੂੰ ਜ਼ਾਲਮ ਗੋਰਾ ਸ਼ਾਹੀ ਦੇ ਹੱਥੋਂ ਨਾ ਵਰਣਨਯੋਗ ਤਸੀਹੇ ਝੱਲਣੇ ਪਏ ਤੇ ਵਾਪਸ ਪਰਤਣਾ ਪਿਆ।
ਦਸੰਬਰ 1914 ਵਿਚ ਸਰਾਭਾ ਤੇ ਉਸ ਦੇ ਸਾਥੀ ਵਿਸ਼ਨੂੰ ਗਣੇਸ਼ ਪਿੰਗਲੇ, ਸਚਿੰਦਰ ਨਾਥ ਸਨਿਆਲ ਤੇ ਰਾਸ ਬਿਹਾਰੀ ਬੋਸ ਪੰਜਾਬ ਆ ਪਹੁੰਚੇ। ਫਰਵਰੀ 1915 ਵਿਚ ਬਗ਼ਾਵਤ ਦੀ ਤਿਆਰੀ ਸੀ। ਪਹਿਲੇ ਹਫ਼ਤੇ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਆਪਣੇ ਹੋਰ ਸਾਥੀਆਂ ਨਾਲ ਆਗਰਾ, ਕਾਨਪੁਰ, ਅਲਾਹਾਬਾਦ, ਲਖਨਊ, ਮੇਰਠ, ਫਿਰੋਜ਼ਪੁਰ, ਮੁਲਤਾਨ ਤੇ ਹੋਰ ਅਨੇਕ ਥਾਵਾਂ ’ਤੇ ਗਏ ਅਤੇ ਬਗ਼ਾਵਤ ਲਈ ਉਨ੍ਹਾਂ ਨਾਲ ਸੰਪਰਕ ਕੀਤਾ।
ਇੱਕੀ ਫਰਵਰੀ 1915 ਨੂੰ ਬਗ਼ਾਵਤ ਦਾ ਦਿਨ ਮਿੱਥਿਆ ਗਿਆ ਪਰ ਆਖ਼ਰੀ ਸਮੇਂ ਇਕ ਸੂਹੀਏ ਕਿਰਪਾਲ ਸਿੰਘ ਨੇ ਆਪਣੇ ਮਾਲਕਾਂ ਨੂੰ ਹੋਣ ਵਾਲੀ ਬਗ਼ਾਵਤ ਦੀ ਖ਼ਬਰ ਦੇ ਦਿੱਤੀ। ਇਨਕਲਾਬੀਆਂ ਨੇ ਆਖ਼ਰੀ ਘੜੀ ਬਗ਼ਾਵਤ ਦੋ ਦਿਨ ਪਹਿਲਾਂ 19 ਫਰਵਰੀ 1915 ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕਾ ਖੁੰਝ ਗਿਆ ਸੀ ਕਿਉਂਕਿ ਭੇਤ ਖੁੱਲ੍ਹ ਗਿਆ ਸੀ। ਹੁਣ ਫੜੋ-ਫੜੀ ਦਾ ਦੌਰ ਸ਼ੁਰੂ ਹੋ ਗਿਆ ਸੀ। ਅਗਲੇ ਦੋ ਹਫ਼ਤੇ ਪੰਜਾਬ ਅੰਨ੍ਹੀ ਹਕੂਮਤੀ ਦਹਿਸ਼ਤ ਦੀ ਜਕੜ ਵਿਚ ਰਿਹਾ। ਇਕੱਲੇ ਲਾਹੌਰ ਵਿਚ ਦਰਜਨ ਥਾਵਾਂ ’ਤੇ ਛਾਪੇ ਮਾਰੇ ਗਏ ਤੇ 200 ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ। ਆਖ਼ਰ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਤਾਈ ਮਾਰਚ 1915 ਨੂੰ ਲਾਹੌਰ ਵਿਚ ਪਹਿਲਾ ਸਾਜ਼ਿਸ਼ ਕੇਸ ਸ਼ੁਰੂ ਹੋਇਆ। ਇਸ ਤਰ੍ਹਾਂ ਮਹੀਨੇ ਲੰਘਦੇ ਗਏ। ਇਹ ਕੇਸ ਲਗਪਗ ਡੇਢ ਸਾਲ ਚੱਲਿਆ। ਮੁਕੱਦਮੇ ਦਾ ਆਖ਼ਰੀ ਸਮਾਂ ਆਣ ਪੁੱਜਾ। ਸਰਾਭਾ ਅਤੇ ਉਸ ਦੇ ਸਾਥੀਆਂ ਨੂੰ ਜੱਜ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ। ਨੌਜਵਾਨ ਸਰਾਭਾ ਨੇ ਅਦਾਲਤ ਨੂੰ ਆਖਿਆ, “ਹਾਂ, ਅਸੀਂ ਕੋਈ ਸਾਜ਼ਿਸ਼ ਨਹੀਂ ਕੀਤੀ। ਅਸੀਂ ਡੰਕੇ ਦੀ ਚੋਟ ਨਾਲ ਇਸ ਦੇਸ਼ ਦੇ ਸਾਮਰਾਜੀ ਹੁਕਮਰਾਨਾਂ ਦੀ ਤਾਕਤ ਨੂੰ ਬਗ਼ਾਵਤ ਨਾਲ ਵੰਗਾਰਿਆ ਹੈ ਤੇ ਸਾਨੂੰ ਆਪਣੀ ਕੋਸ਼ਿਸ਼ ਉੱਤੇ ਮਾਣ ਹੈ।”
ਉਹਨੇ ਦੱਸਿਆ ਕਿਵੇਂ ਗੁਲਾਮੀ ਹੋਣ ਕਰਕੇ ਦੇਸ਼ ਅੰਦਰ ਗ਼ਰੀਬੀ ਤੇ ਗਿਰਾਵਟ ਅਤੇ ਪ੍ਰਦੇਸ਼ਾਂ ਵਿਚ ਨਫ਼ਰਤ, ਜ਼ਿੱਲਤ ਤੇ ਖੁਆਰੀ ਹਿੰਦੁਸਤਾਨੀਆਂ ਦੇ ਹਿੱਸੇ ਵਿਚ ਆਈ ਸੀ। ਉਸ ਨੇ ਕਾਮਾਗਾਟਾਮਾਰੂ ਦੇ ਸਾਕੇ, ਗ਼ਦਰ ਪਾਰਟੀ ਦੀ ਉਸਾਰੀ ਅਤੇ ਕੌਮੀ ਬਗ਼ਾਵਤ ਦੀ ਵਿਥਿਆ ਸੁਣਾਈ। ਬਗ਼ੈਰ ਕਿਸੇ ਪਛਤਾਵੇ ਤੇ ਡਰ ਦੇ ਉਹਨੇ ਆਪਣੇ ਇਨਕਲਾਬੀ ਸੰਗਰਾਮ ਦੀ ਵਾਰਤਾ ਦੱਸੀ। ਜੱਜ ਬੁੱਤ ਬਣੇ ਬੈਠੇ ਇਹ ਬਿਆਨ ਸੁਣ ਰਹੇ ਸਨ ਤੇ ਅਦਾਲਤ ਵਿਚ ਸੰਨਾਟਾ ਛਾਇਆ ਹੋਇਆ ਸੀ।
ਜੱਜ ਨੇ ਪੁੱਛਿਆ, “ਤੈਨੂੰ ਪਤਾ ਏ ਇਹਦਾ ਨਤੀਜਾ ਕੀ ਹੋਵੇਗਾ? ਸਰਾਭਾ ਨੇ ਝੱਟ ਜਵਾਬ ਦਿੱਤਾ, “ਹਾਂ, ਮੌਤ।’ ਪਰ ਉਹਨੇ ਜੱਜ ਦੇ ਵਾਰ-ਵਾਰ ਕਹਿਣ ’ਤੇ ਬਿਆਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਆਖ਼ਰ 13 ਸਤੰਬਰ ਨੂੰ ਟ੍ਰਿਬਿਊਨਲ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ। ਚੌਵੀ ਵਿਅਕਤੀਆਂ ਨੂੰ ਫਾਂਸੀ ਤੇ ਜਾਇਦਾਦਾਂ ਦੀ ਜ਼ਬਤੀ ਦੀ ਸਜ਼ਾ ਸੁਣਾਈ ਗਈ। ਛੱਬੀ ਨੂੰ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ।
ਸੌਲਾਂ ਨਵੰਬਰ 1915 ਨੂੰ ਸਰਕਾਰ ਨੇ ਇਕ ਫ਼ੈਸਲੇ ਰਾਹੀਂ 17 ਗ਼ਦਰੀ ਕ੍ਰਾਂਤੀਕਾਰੀਆਂ ਨੂੰ ਮੌਤ ਦੀ ਸਜ਼ਾ ਨੂੰ ਘਟਾ ਕੇ ਦੇਸ਼ ਨਿਕਾਲੇ ਵਿਚ ਬਦਲ ਦਿੱਤਾ ਪਰ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਛੇ ਸਾਥੀਆਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਨੇ ਜੋਸ਼ੋ-ਖਰੋਸ਼ ਨਾਲ ਫਾਂਸੀ ਦੇ ਰੱਸੇ ਚੁੰਮੇ ਤੇ ਆਪਣੀਆਂ ਜਾਨਾਂ ਦੇਸ਼ ਲਈ ਕੁਰਬਾਨ ਕਰ ਦਿੱਤੀਆਂ। ਗ਼ਦਰ ਪਾਰਟੀ ਦੇ ਇਨਕਲਾਬੀਆਂ ਨੇ ਪਹਿਲੀ ਵਾਰ ਆਜ਼ਾਦੀ ਅਤੇ ਸਾਮਰਾਜ ਵਿਰੋਧੀ ਹਥਿਆਰਬੰਦ ਬਗ਼ਾਵਤ ਦਾ ਝੰਡਾ ਬੁਲੰਦ ਕੀਤਾ ਸੀ। ਭਾਵੇਂ ਬਗ਼ਾਵਤ ਲਹੂ ਵਿਚ ਡੁਬੋ ਦਿੱਤੀ ਗਈ ਪਰ ਲੱਖਾਂ ਹਿੰਦੁਸਤਾਨੀਆਂ ਦੇ ਦਿਲਾਂ ਵਿਚ ਆਜ਼ਾਦੀ ਦੀ ਲੋਅ ਜਗ ਚੁੱਕੀ ਸੀ।
-(ਪ੍ਰਧਾਨ, ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਟਰੱਸਟ, ਪਟਿਆਲਾ)।
-ਮੋਬਾਈਲ : 84270-44052
Credit :
test