ਜੰਗਲਾਤ ਵਿਭਾਗ ਆਪਣੇ ਹੀ ਕੱਟੇ ਦਰੱਖਤਾਂ ਤੋਂ ਬੇਖ਼ਬਰ
23 ਜੁਲਾਈ, 2025 – ਸਾਹਨੇਵਾਲ/ਲੁਧਿਆਣਾ : ਵੱਖ-ਵੱਖ ਸਰਕਾਰੀ ਵਿਭਾਗਾਂ, ਸਮਾਜ-ਸੇਵੀ ਸੰਸਥਾਵਾਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਬੂਟੇ ਲਾਉਣ ਲਈ ਮਾਨਸੂਨ ਦੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਹੈ। ਇਸੇ ਦੌਰਾਨ ਬਰਸਾਤੀ ਮੌਸਮ ਦੌਰਾਨ ਲਾਏ ਜਾਣ ਵਾਲੇ ਬੂਟੇ ਜੰਗਲਾਤ ਵਿਭਾਗ ਵੱਲੋਂ ਤਿਆਰ ਕੀਤੇ ਜਾਂਦੇ ਹਨ ਪਰ ਸਾਡੇ ਸਮਾਜ ’ਚ ਅਜਿਹੇ ਲੋਕਾਂ ਦੀ ਵੀ ਕੋਈ ਕਮੀਂ ਨਹੀਂ ਹੈ, ਜਿਹੜੇ ਆਪਣੇ ਸਵਾਰਥ ਦੀ ਖਾਤਰ ਹਰੇ-ਭਰੇ ਕਈ ਦਰੱਖਤਾਂ ਨੂੰ ਵੱਢ ਦਿੰਦੇ ਹਨ। ਅਜਿਹੀ ਹੀ ਤਸਵੀਰ ਸਾਹਨੇਵਾਲ ਤੋਂ ਕੁਹਾੜਾ ਨੂੰ ਜਾਂਦੀ ਸੜਕ ’ਤੇ ਵੇਖਣ ਨੂੰ ਮਿਲੀ, ਜਦੋਂ ਕੁਹਾੜੇ ਤੋਂ ਸਾਹਨੇਵਾਲ ਵਾਲੀ ਸਾਈਡ ਸਾਹਮਣੇ ਪੈਟਰੋਲ ਪੰਪ ਸੜਕ ਦੇ ਕਿਨਾਰੇ ਖੜ੍ਹੇ ਕਈ ਹਰੇ ਭਰੇ ਦਰੱਖਤਾਂ ਨੂੰ ਕੱਟ ਦਿੱਤਾ ਗਿਆ।
ਇਹ ਹਰੇ-ਭਰੇ ਦਰੱਖਤ ਕੱਟੇ ਜਾਣ ਦੀ ਖਬਰ ਜਦ ਇਲਾਕੇ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਹਰ ਵਿਅਕਤੀ ਨੂੰ ਘੱਟੋ-ਘੱਟ ਇੱਕ ਰੁੱਖ ਲਾਉਣਾ ਚਾਹੀਦਾ ਹੈ ਤੇ ਉਸ ਦਾ ਰੱਖ-ਰਖਾਅ ਵੀ ਕਰਨਾ ਚਾਹੀਦਾ ਹੈ ਪਰ ਉਹ ਹੈਰਾਨ ਹਾਂ ਕਿ ਸੜਕ ਕਿਨਾਰੇ ਕਈ ਸਾਲਾਂ ਤੋਂ ਖੜ੍ਹੇ ਹਰੇ-ਭਰੇ ਰੁੱਖ ਜਿਹੜੇ ਆਮ ਲੋਕਾਂ ਨੂੰ ਸ਼ੁੱਧ ਹਵਾ ਤੇ ਰਾਹਗੀਰਾਂ ਨੂੰ ਛਾਂ ਦਿੰਦੇ ਸਨ, ਉਨ੍ਹਾਂ ਨੂੰ ਵੱਢ ਦਿੱਤਾ ਹੈ, ਜਦ ਕਿ ਜੰਗਲਾਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਹਾਂ ਮੁਲਾਜ਼ਮ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ।
ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਜਿਸ ਨੇ ਵੀ ਇਹ ਦਰੱਖਤ ਕੱਟੇ ਹਨ ਉਨ੍ਹਾਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਕਿਸੇ ਨੇ ਕਈ ਹਰੇ-ਭਰੇ ਦਰੱਖਤ ਕੱਟ ਦਿੱਤੇ ਹਨ ਤੇ ਵਿਭਾਗ ਵੱਲੋਂ ਤਫਤੀਸ਼ ਕੀਤੀ ਜਾ ਰਹੀ ਤੇ ਜਿਨ੍ਹਾਂ ਲੋਕਾਂ ਨੇ ਰੁੱਖਾਂ ਨੂੰ ਕੱਟਿਆ ਹੈ ਉਨ੍ਹਾਂ ਦਾ ਪਤਾ ਲਾਇਆ ਜਾ ਰਿਹਾ ਤੇ ਉਨ੍ਹਾਂ ਲੋਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਾਤਾਵਰਨ ਪ੍ਰੇਮੀ ਸਰਬਜੀਤ ਸਿੰਘ ਕਡਿਆਣਾ, ਰਛਪਾਲ ਸਿੰਘ ਸਾਹਨੇਵਾਲ, ਅਮਰਜੀਤ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ, ਨਰਿੰਦਰ ਕੁਮਾਰ, ਅਸ਼ੋਕ ਕੁਮਾਰ, ਅਜੈਵੀਰ ਸਿੰਘ, ਰਮਨ ਕੁਮਾਰ ਤੇ ਮਨੋਜ ਰਾਣਾ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ’ਚ ਜਿੱਥੇ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ ਉਸ ਨੂੰ ਸ਼ੁੱਧ ਕਰਨ ਲਈ ਉਨ੍ਹਾਂ ਕੋਲ ਬੂਟੇ ਲਾਉਣਾ ਇੱਕ ਖਾਸ ਕੁਦਰਤੀ ਉਪਾਅ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਦੌਰਾਨ ਵੱਧ ਤੋਂ ਵੱਧ ਦਰੱਖਤ ਲਾਉਣ ਨਾਲ ਹੀ ਪ੍ਰਦੂਸ਼ਣ ਤੋਂ ਬਚਇਆ ਜਾ ਸਕਦਾ।
ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ, ਉੱਥੇ ਹੀ ਸਮਾਜ-ਸੇਵੀ ਤੇ ਵਾਤਾਵਰਨ ਪ੍ਰੇਮੀ ਦਿਨ-ਰਾਤ ਮਿਹਨਤ ਕਰ ਕੇ ਜਗ੍ਹਾ-ਜਗ੍ਹਾ ’ਤੇ ਦਰੱਖਤ ਲਾ ਰਹੇ ਹਨ ਤਾਂ ਜੋ ਪੰਜਾਬ ਦੀ ਆਬੋ ਹਵਾ ਸਾਫ ਸੁਥਰੀ ਰਹੇ ਪਰ ਕੁਝ ਸ਼ਰਾਰਤੀ ਲੋਕ ਆਪਣੇ ਨਿੱਜੀ ਮੁਨਾਫ਼ੇ ਦੇ ਲਈ ਇਨ੍ਹਾਂ ਹਰੇ-ਭਰੇ ਦਰੱਖਤਾਂ ਨੂੰ ਕੱਟ ਰਹੇ ਹਨ। ਉਨ੍ਹਾਂ ਜੰਗਲਾਤ ਵਿਭਾਗ ਤੋਂ ਮੰਗ ਕਰਦੇ ਹਨ ਕਿ ਜੋ ਵੀ ਦਰੱਖਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹਨ ਉਨ੍ਹਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਜੰਗਲਾਤ ਵਿਭਾਗ ਨੇ ਦਰੱਖਤ ਕੱਟਣ ਵਾਲਿਆਂ ’ਤੇ ਕਾਰਵਾਈ ਨਾ ਕੀਤੀ ਤਾਂ ਜੰਗਲਾਤ ਵਿਭਾਗ ਤੇ ਦਰੱਖਤ ਕੱਟਣ ਵਾਲਿਆਂ ਖਿਲਾਫ਼ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।
ਪੰਜਾਬੀ ਜਾਗਰਣ