24 ਜੁਲਾਈ, 2025 – ਸੰਗਰੂਰ ਦੇ ਪਿੰਡ ਘਾਬਦਾਂ ਨਸ਼ਾ ਮੁਕਤੀ ਕੇਂਦਰ ਵਿਚ ਦਾਖ਼ਲ ਅੱਠ ਨਸ਼ਾ ਪੀੜਤ ਬੀਤੀ ਰਾਤ ਉੱਥੋਂ ਫਰਾਰ ਹੋ ਗਏ। ਭੱਜਣ ਮੌਕੇ ਉਨ੍ਹਾਂ ਨੇ ਕੇਂਦਰ ਵਿਚ ਤਾਇਨਾਤ ਪੁਲੀਸ ਕਰਮਚਾਰੀ ਮਲਕੀਤ ਸਿੰਘ ਅਤੇ ਇੱਕ ਨਰਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬੇਹੋਸ਼ ਹੋਣ ਕਾਰਨ ਮਲਕੀਤ ਸਿੰਘ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਧਰ ਥਾਣਾ ਸਦਰ ਬਾਲੀਆ(ਸੰਗਰੂਰ) ਦੀ ਪੁਲੀਸ ਦੋਸ਼ੀਆਂ ਦਾ ਪਤਾ ਲਗਾਉਣ ਵਿੱਚ ਜੁੱਟੀ ਹੋਈ ਹੈ ਅਤੇ ਵੱਖ-ਵੱਖ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ਾ ਮੁਕਤੀ ਕੇਂਦਰ ਤੋਂ ਭੱਜਣ ਵਾਲੇ ਸਾਰੇ ਦੋਸ਼ੀ ਐੱਨਡੀਪੀਐਸ (ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ) ਮਾਮਲਿਆਂ ਵਿੱਚ ਫੜੇ ਗਏ ਸਨ। ਉਹ ਖੁਦ ਵੀ ਨਸ਼ੇ ਦੇ ਆਦੀ ਸਨ ਜਿਸ ਕਾਰਨ ਪੁਲੀਸ ਨੇ ਇਨ੍ਹਾਂ ਨੂੰ ਨਸ਼ਾ ਮੁਕਤੀ ਲਈ ਕੇਂਦਰ ਵਿੱਚ ਦਾਖ਼ਲ ਕਰਵਾਇਆ ਸੀ।
ਪਰ ਮੰਗਲਵਾਰ ਰਾਤ 8 ਦੋਸ਼ੀਆਂ ਹਮਲਾ ਕਰਦਿਆਂ ਫਰਾਰ ਹੋ ਗਏ। ਜ਼ਖਮੀ ਹੋਏ ਪੁਲੀਸ ਮੁਲਾਜ਼ਮ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਅਤੇ ਉੱਥੇ ਮੌਜੂਦ ਹੋਰ ਲੋਕਾਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੋਸ਼ੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਉਹ ਬੇਹੋਸ਼ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਕੇਂਦਰ ਵਿੱਚ ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਨਸ਼ਾ ਮੁਕਤੀ ਕੇਂਦਰ ਵਿੱਚ ਅਜਿਹੀ ਸਥਿਤੀ ਬਣੀ ਹੈ। ਸੱਤ ਜਨਵਰੀ ਨੂੰ ਸ਼ਾਮ ਦੇ ਸਮੇਂ ਕੇਂਦਰ ਵਿੱਚ ਭਰਤੀ ਵਿਅਕਤੀ ਸ਼ੀਸ਼ੇ ਤੋੜ ਕੇ ਫਰਾਰ ਹੋ ਗਏ ਸਨ। ਇਸ ਤੋਂ ਪਹਿਲਾਂ ਇੱਕ ਵਾਰ 11 ਮਰੀਜ਼ ਇਸ ਕੇਂਦਰ ਤੋਂ ਭੱਜੇ ਸਨ।
ਪੰਜਾਬੀ ਟ੍ਰਿਬਯੂਨ