ਉੱਚ ਸਿੱਖਿਅਤ ਨਵੇਂ ਆਏ ਪ੍ਰਵਾਸੀਆਂ ਵਿੱਚ ਵਧੇਰੇ ਰੁਝਾਨ
21 ਨਵੰਬਰ, 2025 – ਨੇਡਾ ਵਿੱਚ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਵਾਲੀ ਵਿਵਸਥਾ ਭਾਵੇਂ ਹਾਲੇ ਵੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ, ਪਰ ਉਨ੍ਹਾਂ ਨੂੰ ਕੈਨੇਡਾ ਵਿੱਚ ਰੋਕੀ ਰੱਖਣ ਵਿੱਚ ਇਹ ਅਸਫਲ ਸਾਬਤ ਹੋ ਰਹੀ ਹੈ। ਇੱਕ ਨਵੀਂ ਰਿਪੋਰਟ ਅਨੁਸਾਰ, ਹਰ ਪੰਜਵੇਂ ਪ੍ਰਵਾਸੀ ਨੇ ਕੈਨੇਡਾ ਨੂੰ ਛੱਡ ਦਿੱਤਾ ਹੈ ਅਤੇ ਇਹ ਵਾਪਸੀ ਖ਼ਾਸ ਤੌਰ ਤੇ ਉੱਚ ਸਿੱਖਿਅਤ ਅਤੇ ਹੁਨਰਮੰਦ ਨਵੇਂ ਆਏ ਲੋਕਾਂ ਵਿੱਚ ਵਧ ਰਹੀ ਹੈ।
ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਕਾਨਫਰੰਸ ਬੋਰਡ ਆਫ਼ ਕੈਨੇਡਾ ਵੱਲੋਂ ਜਾਰੀ ਕੀਤੀ ਰਿਪੋਰਟ “ਦਿ ਲੀਕੀ ਬਕਿਟ 2025” ਵਿੱਚ 40 ਸਾਲਾਂ ਦੇ ਡਾਟੇ ਦੇ ਅਧਾਰ ਤੇ ਦੱਸਿਆ ਗਿਆ ਹੈ ਕਿ ਪ੍ਰਵਾਸੀਆਂ ਦੇ ਕੈਨੇਡਾ ਆਉਣ ਤੋਂ 25 ਸਾਲਾਂ ਦੇ ਅੰਦਰ ਹਰ ਪੰਜਵਾਂ ਪ੍ਰਵਾਸੀ ਦੇਸ਼ ਛੱਡ ਗਿਆ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਉੱਚ ਸਿੱਖਿਅਤ ਪ੍ਰਵਾਸੀ ਘੱਟ ਸਿੱਖਿਅਤ ਵਾਲਿਆਂ ਨਾਲੋਂ ਵੱਧ ਤੇਜ਼ੀ ਨਾਲ ਵਾਪਸ ਜਾ ਰਹੇ ਹਨ। ਡਾਕਟਰੇਟ ਧਾਰਕ ਪ੍ਰਵਾਸੀਆਂ ਦੀ ਵਾਪਸੀ ਦੀ ਸੰਭਾਵਨਾ ਸੈਕੰਡਰੀ ਜਾਂ ਘੱਟ ਸਿੱਖਿਆ ਵਾਲਿਆਂ ਨਾਲੋਂ ਦੁੱਗਣੀ ਤੋਂ ਵੱਧ ਹੈ। ਰਿਪੋਰਟ ਮੁਤਾਬਕ, ਜ਼ਿਆਦਾਤਰ ਪ੍ਰਵਾਸੀ ਪਹਿਲੇ ਪੰਜ ਸਾਲਾਂ ਵਿੱਚ ਹੀ ਕੈਨੇਡਾ ਛੱਡ ਦਿੰਦੇ ਹਨ। ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ 2026 ਵਿੱਚ ਆਉਣ ਵਾਲੇ 3,80,000 ਪੱਕੇ ਪ੍ਰਵਾਸੀਆਂ ਵਿੱਚੋਂ 20,000 ਤੋਂ ਵੱਧ ਲੋਕ 2031 ਤੱਕ ਦੇਸ਼ ਛੱਡ ਦੇਣਗੇ।
ਇੰਸਟੀਚਿਊਟ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਉੱਚ ਹੁਨਰ ਵਾਲੇ ਪ੍ਰਵਾਸੀਆਂ ਨੂੰ ਲੰਮੇ ਸਮੇਂ ਤੱਕ ਰੋਕਣ ਲਈ ਇੱਕ ਵਿਸ਼ੇਸ਼ ਟੈਲੈਂਟ ਰਿਟੈਨਸ਼ਨ ਰਣਨੀਤੀ ਬਣਾਈ ਜਾਵੇ। ਰਿਪੋਰਟ ਵਿੱਚ ਵਰਤੇ ਗਏ ਡਾਟੇ ਨੂੰ ਸਟੈਟਿਸਟਿਕਸ ਕੈਨੇਡਾ ਦੇ ਪ੍ਰਵਾਸੀ ਅੰਕੜਿਆਂ ਅਤੇ ਟੈਕਸ ਫਾਈਲਿੰਗ ਰਿਕਾਰਡਾਂ ਤੋਂ ਲਿਆ ਗਿਆ ਹੈ। ਜੇਕਰ ਕੋਈ ਵਿਅਕਤੀ ਲਗਾਤਾਰ ਦੋ ਸਾਲ ਟੈਕਸ ਨਹੀਂ ਭਰਦਾ ਅਤੇ 2022 ਦੇ ਰਿਕਾਰਡ ਵਿੱਚ ਨਹੀਂ ਦਿਖਦਾ ਤਾਂ ਉਸ ਨੂੰ ਦੇਸ਼ ਛੱਡਣ ਵਾਲਾ ਮੰਨਿਆ ਗਿਆ ਹੈ। ਇਹ ਰਿਪੋਰਟ ਕੈਨੇਡਾ ਦੀ ਪ੍ਰਵਾਸੀ ਨੀਤੀ ਲਈ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਦੇਸ਼ ਹੁਨਰ ਖਿੱਚਣ ਵਿੱਚ ਤਾਂ ਭਾਵੇਂ ਸਫਲ ਹੈ ਪਰ ਉਸ ਨੂੰ ਰੋਕੀ ਰੱਖਣ ਵਿੱਚ ਨਹੀਂ। ਖ਼ਾਸ ਕਰਕੇ ਉਹ ਲੋਕ ਜੋ ਕੈਨੇਡਾ ਨੂੰ ਆਪਣੀਆਂ ਉਮੀਦਾਂ ਨਾਲ ਆਉਂਦੇ ਹਨ, ਉਨ੍ਹਾਂ ਨੂੰ ਰੋਕਣ ਲਈ ਨਵੀਆਂ ਯੋਜਨਾਵਾਂ ਦੀ ਲੋੜ ਹੈ।
ਪੰਜਾਬ ਸਟਾਰ