ਇਸ ਖੇਤਰ ਦੇ ਪਿੰਡ ਕੜਾਹੇ ਵਾਲਾ ਦੀ ਬਜ਼ੁਰਗ ਮ੍ਰਿਤਕ ਮਹਿਲਾ ਦੀ ਦੇਹ ਨੂੰ ਹਸਪਤਾਲ ਪ੍ਰਸ਼ਾਸਨ ਵਲੋਂ ਕਿਸੇ ਹੋਰ ਪਰਿਵਾਰ ਨੂੰ ਸੌਂਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਮ੍ਰਿਤਕਾ ਦਾ ਪਰਿਵਾਰ ਡੂੰਘੇ ਸਦਮੇ ਵਿਚ ਹੈ। ਜ਼ਿਕਰਯੋਗ ਹੈ ਕਿ ਬਜ਼ੁਰਗ ਮਹਿਲਾ ਜਸਬੀਰ…
22 ਦਸੰਬਰ, 2025 – ਫਤਿਹਗੜ੍ਹ ਪੰਜਤੁਰ : ਇਸ ਖੇਤਰ ਦੇ ਪਿੰਡ ਕੜਾਹੇ ਵਾਲਾ ਦੀ ਬਜ਼ੁਰਗ ਮ੍ਰਿਤਕ ਮਹਿਲਾ ਦੀ ਦੇਹ ਨੂੰ ਹਸਪਤਾਲ ਪ੍ਰਸ਼ਾਸਨ ਵਲੋਂ ਕਿਸੇ ਹੋਰ ਪਰਿਵਾਰ ਨੂੰ ਸੌਂਪਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਮ੍ਰਿਤਕਾ ਦਾ ਪਰਿਵਾਰ ਡੂੰਘੇ ਸਦਮੇ ਵਿਚ ਹੈ। ਜ਼ਿਕਰਯੋਗ ਹੈ ਕਿ ਬਜ਼ੁਰਗ ਮਹਿਲਾ ਜਸਬੀਰ ਕੌਰ ਕੁੱਝ ਦਿਨਾਂ ਤੋਂ ਔਰੀਸਨ ਹਸਪਤਾਲ ਲੁਧਿਆਣਾ ਵਿਖੇ ਜੇਰੇ ਇਲਾਜ ਸੀ।
ਇਲਾਜ ਦੌਰਾਨ ਹੀ 19 ਦਸੰਬਰ ਨੂੰ ਉਸਦੀ ਮੌਤ ਹੋ ਗਈ ਸੀ। ਔਰਤ ਦੇ ਬੱਚੇ ਵਿਦੇਸ਼ ਵਿੱਚ ਹੋਣ ਕਾਰਨ ਉਸ ਦੇ ਪਤੀ ਜਸਵੰਤ ਸਿੰਘ ਨੇ ਮ੍ਰਿਤਕ ਦੇਹ ਨੂੰ ਉੱਥੇ ਹਸਪਤਾਲ ਵਿੱਚ ਹੀ ਜਮਾਂ ਕਰਵਾ ਦਿੱਤਾ ਸੀ ਅਤੇ ਅੱਜ ਮ੍ਰਿਤਕਾ ਦੇ ਸਰੀਰ ਦੇ ਅੰਤਿਮ ਸੰਸਕਾਰ ਦਾ ਦਿਨ ਮਿੱਥਿਆ ਗਿਆ ਸੀ। ਜਦੋਂ ਅੱਜ ਤੜਕਸਾਰ ਜਸਵੰਤ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਸੁਖਮੰਦਰ ਸਿੰਘ ਦੇਹ ਲੈਣ ਲਈ ਹਸਪਤਾਲ ਪੁੱਜੇ ਤਾਂ ਐਂਬੂਲੈਂਸ ਵਿੱਚ ਰੱਖਣ ਤੋਂ ਪਹਿਲਾਂ ਜਦੋਂ ਸ਼ਨਾਖਤ ਲਈ ਮ੍ਰਿਤਕ ਮਹਿਲਾ ਦਾ ਮੂੰਹ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।
ਉਕਤ ਦੇਹ ਕਿਸੇ ਹੋਰ ਬਜ਼ੁਰਗ ਮਹਿਲਾ ਦੀ ਨਿਕਲੀ। ਇਸ ਤੇ ਉੱਥੇ ਪੁੱਜੇ ਰਿਸ਼ਤੇਦਾਰਾਂ ਨੇ ਜਦੋਂ ਹਸਪਤਾਲ ਪ੍ਰਸ਼ਾਸਨ ਤੋਂ ਪੁਛਗਿੱਛ ਕੀਤੀ ਤਾਂ ਉਨ੍ਹਾਂ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ। ਜਿਸ ਕਾਰਨ ਪਤੀ ਅਤੇ ਨਾਲ ਪੁੱਜੇ ਰਿਸ਼ਤੇਦਾਰਾਂ ਨੇ ਹਸਪਤਾਲ ਅੰਦਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕੈਨੇਡਾ ਤੋਂ ਆਪਣੀ ਮਾਂ ਦਾ ਮੂੰਹ ਦੇਖਣ ਲਈ ਪਿੰਡ ਪੁੱਜੇ ਸਨ ਅਤੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਸਨ। ਉਨ੍ਹਾਂ ਕਿਹਾ ਕਿ ਉਸ ਸਮੇਤ ਸਾਰਾ ਪਰਿਵਾਰ ਸਦਮੇ ਵਿਚ ਹੈ। ਉਨ੍ਹਾਂ ਹਸਪਤਾਲ ਪ੍ਰਸ਼ਾਸਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਪੰਜਾਬੀ ਟ੍ਰਿਬਯੂਨ