ਸਰਬਉੱਚ ਖੇਡ ਪੁਰਸਕਾਰ ਲਈ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਦੀ ਇਕਲੌਤੀ ਸਿਫ਼ਾਰਸ਼; ਅਰਜੁਨ ਐਵਾਰਡ ਲਈ 24 ਖਿਡਾਰੀਆਂ ਦੇ ਨਾਂ ਭੇਜੇ
26 ਦਸੰਬਰ, 2025 – ਨਵੀਂ ਦਿੱਲੀ : ਭਾਰਤੀ ਪੁਰਸ਼ ਹਾਕੀ ਟੀਮ ਦੇ ਉਪ ਕਪਤਾਨ ਹਾਰਦਿਕ ਸਿੰਘ ਦਾ ਨਾਂ ਇਸ ਸਾਲ ਦੇ ‘ਮੇਜਰ ਧਿਆਨ ਚੰਦ ਖੇਲ ਰਤਨ’ ਸਨਮਾਨ ਲਈ ਇਕਲੌਤੀ ਸਿਫ਼ਾਰਸ਼ ਵਜੋਂ ਭੇਜਿਆ ਗਿਆ ਹੈ। ਦੂਜੇ ਪਾਸੇ ਚੋਣ ਕਮੇਟੀ ਨੇ ਅਰਜੁਨ ਐਵਾਰਡ ਲਈ 24 ਖਿਡਾਰੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿੱਚ ਸ਼ਤਰੰਜ ਸਟਾਰ ਦਿਵਿਆ ਦੇਸ਼ਮੁਖ ਅਤੇ ਡੈਕਾਥਲੀਟ ਤੇਜਸਵਿਨ ਸ਼ੰਕਰ ਦੇ ਨਾਂ ਪ੍ਰਮੁੱਖ ਤੌਰ ’ਤੇ ਹਨ।
27 ਸਾਲਾ ਹਾਰਦਿਕ ਸਿੰਘ, ਜੋ ਭਾਰਤੀ ਹਾਕੀ ਟੀਮ ਵਿੱਚ ਮਿਡ-ਫੀਲਡ ਦੇ ਮੁੱਖ ਖਿਡਾਰੀ ਹਨ ਤੇ ਉਹ 2021 ਟੋਕੀਓ ਤੇ 2024 ਪੈਰਿਸ ਓਲੰਪਿਕ ਵਿੱਚ ਤਗ਼ਮੇ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਜ਼ਿਕਰਯੋਗ ਹੈ ਕਿ ਖੇਲ ਰਤਨ ਪੁਰਸਕਾਰ ਦੇਸ਼ ਦਾ ਸਰਬਉੱਚ ਖੇਡ ਪੁਰਸਕਾਰ ਹੈ, ਜਿਸ ਵਿੱਚ ਮੈਡਲ, ਪ੍ਰਸ਼ੰਸਾ ਪੱਤਰ ਤੇ 25 ਲੱਖ ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾਂਦੀ ਹੈ। ਅਰਜੁਨ ਐਵਾਰਡ ਜੇਤੂ ਨੂੰ 15 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਖੇਲ ਰਤਨ ਵਾਸਤੇ ਇਸ ਸਾਲ ਸੂਚੀ ਵਿੱਚ ਕਿਸੇ ਵੀ ਕ੍ਰਿਕਟਰ ਦਾ ਨਾਂ ਸ਼ਾਮਲ ਨਹੀਂ ਹੈ।
2023 ਵਿੱਚ ਮੁਹੰਮਦ ਸ਼ਮੀ ਅਰਜੁਨ ਐਵਾਰਡ ਪ੍ਰਾਪਤ ਕਰਨ ਵਾਲੇ ਆਖਰੀ ਕ੍ਰਿਕਟਰ ਸਨ। ਕੌਮੀ ਖੇਡ ਪੁਰਸਕਾਰਾਂ ਦੇ ਵੱਖ-ਵੱਖ ਵਰਗਾਂ ਲਈ ਖਿਡਾਰੀ ਚੁਣੇ ਗਏ ਹਨ। ਮੇਜਰ ਧਿਆਨ ਚੰਦ ਖੇਲ ਰਤਨ ਲਈ ਹਾਰਦਿਕ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਅਰਜੁਨ ਐਵਾਰਡ ਲਈ ਕੁੱਲ 24 ਨਾਂ ਭੇਜੇ ਗਏ ਹਨ, ਜਿਨ੍ਹਾਂ ’ਚ ਐਥਲੀਟ ਲਈ ਤੇਜਸਵਿਨ ਸ਼ੰਕਰ, ਪ੍ਰਿਯੰਕਾ ਤੇ ਮੁਹੰਮਦ ਅਫ਼ਜ਼ਲ ਸ਼ਾਮਲ ਹਨ। ਸ਼ਤਰੰਜ ਲਈ ਵਿਦਿਤ ਗੁਜਰਾਤੀ ਤੇ ਦਿਵਿਆ ਦੇਸ਼ਮੁਖ; ਹਾਕੀ ਲਈ ਰਾਜਕੁਮਾਰ ਪਾਲ, ਲਾਲਰੇਮਸਿਆਮੀ; ਬੈਡਮਿੰਟਨ ਲਈ ਤ੍ਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ; ਨਿਸ਼ਾਨੇਬਾਜ਼ੀ ਲਈ ਮਿਹੁਲੀ ਘੋਸ਼ ਤੇ ਅਖਿਲ ਸ਼ਿਓਰਾਨ ਸ਼ਾਮਲ ਹਨ।
ਪੰਜਾਬੀ ਟ੍ਰਿਬਯੂਨ