22 ਮਾਰਚ, 2025 – ਮੰਡੀ : ਬੀਤੀ ਰਾਤ ਕਥਿਤ ਤੌਰ ’ਤੇ ਚੋਰੀ ਦਾ ਵਿਰੋਧ ਕਰਨ ’ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਦੋ ਪੰਜਾਬੀ ਸੈਲਾਨੀਆਂ ਨੇ ਢਾਬਾ ਮਾਲਕ ’ਤੇ ਗੋਲੀ ਚਲਾ ਦਿੱਤੀ। ਘਟਨਾ ਸ਼ੁੱਕਰਵਾਰ ਰਾਤ ਲਗਭਗ 12 ਵਜੇ ਪੁਲਘਰਾਟ ਖੇਤਰ ਵਿਚ ਸਥਿਤ ਰੋਇਲ ਲੇਸ ਢਾਬੇ ’ਤੇ ਵਾਪਰੀ, ਜਦੋਂ ਢਾਬਾ ਮਾਲਕ ਪ੍ਰਦੀਪ ਗੁਲੇਰੀਆ (55) ਨੇ ਕਥਿਤ ਚੋਰੀ ਦਾ ਵਿਰੋਧ ਕੀਤਾ। ਜਾਣਕਾਰੀ ਅਨੁਸਾਰ ਗੋਲੀ ਪ੍ਰਦੀਪ ਦੇ ਹੱਥ ਅਤੇ ਮੂੰਹ ’ਤੇ ਲੱਗੀ, ਜਿਸ ਨੂੰ ਇਲਾਜ ਲਈ ਨੇਰਚੌਕ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ।
ਢਾਬਾ ਕਰਮੀਆਂ ਨੇ ਦੱਸਿਆ ਕਿ ਰਾਤ ਦੇ ਕਰੀਬ 11:30 ਵਜੇ ਦੋ ਸੈਲਾਨੀ ਮੋਟਰਸਾਈਕਲ ’ਤੇ ਆਏ ਅਤੇ ਖਾਣਾ ਪੈਕ ਕਰਨ ਦਾ ਆਰਡਰ ਦਿੱਤਾ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਰਸੋਈ ਵਿੱਚ ਚਲਾ ਗਿਆ, ਜਦਕਿ ਦੂਜਾ ਗੱਲੇ ਤੋਂ ਪੈਸੇ ਕੱਢ ਰਿਹਾ ਸੀ ਅਤੇ ਬਾਹਰ ਲੱਗੀ ਐਲਈਡੀ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਨ ਲੱਗਾ।
ਜਦੋਂ ਢਾਬਾ ਮਾਲਿਕ ਪ੍ਰਦੀਪ ਗੁਲੇਰੀਆ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਹਾਂ ਨੇ ਮਿਲ ਕੇ ਉਨ੍ਹਾਂ ਨੂੰ ਧਮਕੀ ਦਿੱਤੀ ਅਤੇ ਫਿਰ ਦੇਸੀ ਕੱਟਾ ਕੱਢ ਕੇ ਫਾਇਰ ਕਰ ਦਿੱਤਾ। ਇਸ ਦੌਰਾਨ ਗੋਲੀ ਪ੍ਰਦੀਪ ਦੇ ਸੱਜੇ ਹੱਥ ਨਾਲ ਖਹਿ ਕੇ ਉਸ ਦੇ ਮੂੰਹ ਦੇ ਸੱਜੇ ਪਾਸੇ ਜਾ ਲੱਗੀ। ਜ਼ਖਮੀ ਹਾਲਤ ਵਿਚ ਉਸ ਨੂੰ ਜ਼ੋਨਲ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਨੇਰਚੌਕ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਪੁਲੀਸ ਵੱਲੋਂ ਜਾਂਚ ਜਾਰੀ
ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਵਿਅਕਤੀ ਗੋਲੀ ਚਲਾਉਣ ਤੋਂ ਬਾਅਦ ਢਾਬੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਨਾਲ ਵੀ ਛੇੜਛਾੜ ਕਰ ਰਹੇ ਸਨ। ਪੁਲੀਸ ਸੀਸੀਟੀਵੀ ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ’ਤੇ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਇਸ ਘਟਨਾ ਨੇ ਸਥਾਨਕ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਪੰਜਾਬੀ ਟ੍ਰਿਬਯੂਨ
test