ਅਮਰਪਾਲ ਸਿੰਘ ਵਰਮਾ
ਯੂਨੀਸੈਫ ਦੀ ਇਕ ਰਿਪੋਰਟ ਦਰਸਾਉਂਦੀ ਹੈ ਕਿ ਪਾਕਿਸਤਾਨੀ ਕੁੜੀਆਂ ਦਾ ਬਾਲ ਵਿਆਹ ਇਕ ਵੱਡੀ ਸਮੱਸਿਆ ਹੈ। ਬਾਲ ਦੁਲਹਨਾਂ ਦੀ ਗਿਣਤੀ ਦੇ ਮਾਮਲੇ ਵਿਚ ਪਾਕਿਸਤਾਨ ਦੁਨੀਆ ਵਿਚ ਛੇਵੇਂ ਸਥਾਨ ’ਤੇ ਹੈ.ਹਾਲ ਹੀ ਵਿਚ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰ ਕੇ ਹੁਮਾਰਾ ਨਾਂ ਦੀ ਇਕ 32 ਸਾਲਾ ਪਾਕਿਸਤਾਨੀ ਔਰਤ ਭਾਰਤ ਵਿਚ ਦਾਖ਼ਲ ਹੋਈ ਸੀ। ਇਸ ਔਰਤ ਵੱਲੋਂ ਭਾਰਤ ਵਿਚ ਘੁਸਪੈਠ ਕਰਨ ਦਾ ਕਾਰਨ ਪਾਕਿਸਤਾਨ ਵਿਚ ਔਰਤਾਂ ਦੀ ਦੁਰਦਸ਼ਾ ਨੂੰ ਦਰਸਾਉਂਦਾ ਹੈ। ਜਦੋਂ ਬੀਐੱਸਐੱਫ ਨੇ ਉਸ ਨੂੰ ਫੜਿਆ ਤਾਂ ਉਸ ਦਾ ਉਦਾਸ ਚਿਹਰਾ, ਥੱਕੀਆਂ ਅੱਖਾਂ ਅਤੇ ਦਰਦਨਾਕ ਕਹਾਣੀ ਨਾ ਸਿਰਫ਼ ਇਕ ਔਰਤ ਦੀ ਨਿੱਜੀ ਤ੍ਰਾਸਦੀ ਨੂੰ ਬਿਆਨ ਕਰਦੀ ਸੀ ਸਗੋਂ ਹੁਮਾਰਾ ਦੇ ਰੂਪ ਵਿਚ ਪਾਕਿਸਤਾਨ ਵਿਚ ਔਰਤਾਂ ਦੀ ਭੈੜੀ ਤਸਵੀਰ ਨੂੰ ਵੀ ਸਪਸ਼ਟ ਤੌਰ ’ਤੇ ਦਰਸਾਉਂਦੀ ਸੀ। ਹੁਮਾਰਾ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਲਗਾਤਾਰ ਘਰੇਲੂ ਹਿੰਸਾ ਦਾ ਸ਼ਿਕਾਰ ਰਹੀ ਹੈ।
ਜਦੋਂ ਉਸ ਦੀ ਦਲੀਲ ਨਹੀਂ ਸੁਣੀ ਗਈ ਤਾਂ ਉਹ ਪਰੇਸ਼ਾਨ ਹੋ ਗਈ ਅਤੇ ਭਾਰਤ ਆ ਗਈ ਕਿਉਂਕਿ ਭਾਰਤ ਵਿਚ ਔਰਤਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ। ਇਹ ਕਹਾਣੀ ਸਿਰਫ਼ ਇਕ ਔਰਤ ਹੁਮਾਰਾ ਦੀ ਹੀ ਨਹੀਂ ਸਗੋਂ ਪਾਕਿਸਤਾਨ ਦੀਆਂ ਲੱਖਾਂ ਔਰਤਾਂ ਦੀ ਹੈ ਜੋ ਅਣ-ਮਨੁੱਖੀ ਹਾਲਾਤ ਦਾ ਸਾਹਮਣਾ ਕਰ ਰਹੀਆਂ ਹਨ ਜਿਵੇਂ ਕਿ ਅਣਖ ਲਈ ਕਤਲ, ਜ਼ਬਰਦਸਤੀ ਵਿਆਹ, ਘਰੇਲੂ ਹਿੰਸਾ ਅਤੇ ਜਿਨਸੀ ਸ਼ੋਸ਼ਣ ਆਦਿ। ਪਾਕਿਸਤਾਨ ਵਿਚ ਔਰਤਾਂ ਨੂੰ ਸੱਭਿਆਚਾਰਕ ਤੌਰ ’ਤੇ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਸਮਝਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਅਤੇ ਕਈ ਮਨੁੱਖੀ ਅਧਿਕਾਰ ਸੰਗਠਨਾਂ ਦੀਆਂ ਰਿਪੋਰਟਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਪਾਕਿਸਤਾਨ ਵਿਚ ਔਰਤਾਂ ਦੀ ਹਾਲਤ ਚਿੰਤਾਜਨਕ ਹੈ।
ਅਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿਚ ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਆਮ ਹੁੰਦੀ ਜਾ ਰਹੀ ਹੈ। ਹਿਊਮਨ ਰਾਈਟਸ ਵਾਚ ਦੀ ਇਕ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਔਰਤਾਂ ਅਤੇ ਕੁੜੀਆਂ ਵਿਰੁੱਧ ਹਿੰਸਾ ਜਿਸ ਵਿਚ ਬਲਾਤਕਾਰ, ਆਨਰ ਕਿਲਿੰਗ, ਤੇਜ਼ਾਬੀ ਹਮਲੇ, ਘਰੇਲੂ ਹਿੰਸਾ ਅਤੇ ਜ਼ਬਰਦਸਤੀ ਵਿਆਹ ਸ਼ਾਮਲ ਹਨ, ਇਕ ਗੰਭੀਰ ਸਮੱਸਿਆ ਬਣੀ ਹੋਈ ਹੈ। ਪਾਕਿਸਤਾਨੀ ਸਮਾਜਿਕ ਕਾਰਕੁਨਾਂ ਦਾ ਅੰਦਾਜ਼ਾ ਹੈ ਕਿ ਹਰ ਸਾਲ ਲਗਪਗ 1,000 ਕਤਲ ਅਣਖ ਲਈ ਹੁੰਦੇ ਹਨ।ਯੂਨੀਸੈਫ ਦੀ ਇਕ ਰਿਪੋਰਟ ਦਰਸਾਉਂਦੀ ਹੈ ਕਿ ਪਾਕਿਸਤਾਨੀ ਕੁੜੀਆਂ ਦਾ ਬਾਲ ਵਿਆਹ ਇਕ ਵੱਡੀ ਸਮੱਸਿਆ ਹੈ। ਬਾਲ ਦੁਲਹਨਾਂ ਦੀ ਗਿਣਤੀ ਦੇ ਮਾਮਲੇ ਵਿਚ ਪਾਕਿਸਤਾਨ ਦੁਨੀਆ ਵਿਚ ਛੇਵੇਂ ਸਥਾਨ ’ਤੇ ਹੈ। ਉੱਥੋਂ ਦੇ ਮਨੁੱਖੀ ਅਧਿਕਾਰ ਕਮਿਸ਼ਨ ਅਨੁਸਾਰ ਪਾਕਿਸਤਾਨ ਵਿਚ ਘਰੇਲੂ ਹਿੰਸਾ ਚਿੰਤਾ ਦਾ ਵਿਸ਼ਾ ਹੈ। ਨੱਬੇ ਪ੍ਰਤੀਸ਼ਤ ਤੋਂ ਵੱਧ ਔਰਤਾਂ ਨੇ ਆਪਣੇ ਜੀਵਨ ਕਾਲ ਵਿਚ ਘਰੇਲੂ ਹਿੰਸਾ ਦਾ ਸਾਹਮਣਾ ਕੀਤਾ ਹੈ ਪਰ ਜ਼ਿਆਦਾਤਰ ਮਾਮਲਿਆਂ ਵਿਚ ਔਰਤਾਂ ਨੂੰ ਨਿਆਂ ਤੋਂ ਵਾਂਝਾ ਰੱਖਿਆ ਜਾਂਦਾ ਹੈ ਕਿਉਂਕਿ ਉੱਥੋਂ ਦੇ ਕਾਨੂੰਨੀ ਅਤੇ ਸਮਾਜਿਕ ਢਾਂਚੇ ਪਿਤਰਸੱਤਾ ਦੇ ਹੱਕ ਵਿਚ ਝੁਕੇ ਹੋਏ ਹਨ।
ਇਹ ਕਿੰਨੀ ਦੁਖਦਾਈ ਸਥਿਤੀ ਹੈ ਕਿ ਹਰ ਸਾਲ ਸੈਂਕੜੇ ਔਰਤਾਂ ਨੂੰ ਉਨ੍ਹਾਂ ਦੇ ਆਪਣੇ ਹੀ ਪਰਿਵਾਰਾਂ ਵੱਲੋਂ ਸਿਰਫ਼ ਇਸ ਲਈ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਨ ਦੀ ਹਿੰਮਤ ਕੀਤੀ ਜਾਂ ਘਰ ਦੀਆਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਵਿਆਹ ਕੀਤਾ। ਪਾਕਿਸਤਾਨ ਵਿਚ ਬਲਾਤਕਾਰ ਪੀੜਤਾਂ ਲਈ ਨਿਆਂ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਦੋਸ਼ੀਆਂ ਨੂੰ ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਸੁਰੱਖਿਆ ਮਿਲਦੀ ਹੈ।
ਉੱਥੇ ਔਰਤਾਂ ਦੀ ਸਾਖਰਤਾ ਦਰ ਮਰਦਾਂ ਨਾਲੋਂ ਬਹੁਤ ਘੱਟ ਹੈ। ਪਾਕਿਸਤਾਨ ਦੀ ਸਾਖਰਤਾ ਦਰ ਵਿਚ ਸਭ ਤੋਂ ਵੱਧ ਵਿਆਪਕ ਸਮੱਸਿਆਵਾਂ ਵਿੱਚੋਂ ਇਕ ਮਰਦਾਂ ਅਤੇ ਔਰਤਾਂ ਵਿਚ ਪਾੜਾ ਹੈ। ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ ਉੱਥੇ ਮਰਦਾਂ ਦੀ ਸਾਖਰਤਾ ਦਰ ਔਰਤਾਂ ਨਾਲੋਂ ਬਿਹਤਰ ਸੀ। ਪਾਕਿਸਤਾਨ ਵਿਚ ਲਗਪਗ 72 ਪ੍ਰਤੀਸ਼ਤ ਲੋਕ ਪੜ੍ਹੇ-ਲਿਖੇ ਹਨ ਜਦਕਿ 52 ਕੁ ਪ੍ਰਤੀਸ਼ਤ ਔਰਤਾਂ ਪੜ੍ਹ-ਲਿਖ ਸਕਦੀਆਂ ਹਨ।
ਉੱਥੇ ਕਈ ਥਾਵਾਂ ’ਤੇ ਕੁੜੀਆਂ ਨੂੰ ਸਕੂਲ ਜਾਣ ਤੋਂ ਰੋਕਿਆ ਜਾਂਦਾ ਹੈ। ਹੁਮਾਰਾ ਦਾ ਭਾਰਤ ਆਉਣਾ ਨਾ ਸਿਰਫ਼ ਇਕ ਔਰਤ ਦੇ ਤੌਰ ’ਤੇ ਉਸ ਦੀ ਤ੍ਰਾਸਦੀ ਹੈ ਸਗੋਂ ਪਾਕਿਸਤਾਨ ਦੇ ਸਮਾਜਿਕ ਅਤੇ ਰਾਜਨੀਤਕ ਸਿਸਟਮ ਦੀ ਅਸਫਲਤਾ ਦਾ ਪ੍ਰਤੀਕ ਵੀ ਹੈ। ਜਦੋਂ ਕਿਸੇ ਔਰਤ ਨੂੰ ਸੁਰੱਖਿਆ ਨਹੀਂ ਮਿਲਦੀ ਤਾਂ ਉਸ ਨੂੰ ਕਿਤੇ ਹੋਰ ਪਨਾਹ ਲੈਣ ਲਈ ਮਜਬੂਰ ਹੋਣਾ ਪੈਂਦਾ ਹੈ। ਭਾਰਤ ਵਿਚ ਵੀ ਔਰਤਾਂ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਆਦਰਸ਼ ਨਹੀਂ ਕਿਹਾ ਜਾ ਸਕਦਾ ਪਰ ਇੱਥੇ ਘੱਟੋ-ਘੱਟ ਉਨ੍ਹਾਂ ਨੂੰ ਸੰਵਿਧਾਨਕ ਅਧਿਕਾਰ ਅਤੇ ਕਾਨੂੰਨੀ ਸੁਰੱਖਿਆ ਮਿਲਦੀ ਹੈ। ਔਰਤਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਹਨ ਅਤੇ ਉਨ੍ਹਾਂ ਨੂੰ ਜ਼ਰੂਰ ਨਿਆਂ ਮਿਲਦਾ ਹੈ।
ਹੁਮਾਰਾ ਪਾਕਿਸਤਾਨ ਵਾਪਸ ਨਹੀਂ ਜਾਣਾ ਚਾਹੁੰਦੀ ਸੀ। ਉਸ ਨੇ ਪਾਕਿਸਤਾਨ ਵਾਪਸ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਅਤੇ ਭਾਰਤ ਵਿਚ ਸ਼ਰਨ ਮੰਗੀ ਸੀ। ਉਸ ਨੇ ਕਿਹਾ ਕਿ ਜੇਕਰ ਉਹ ਪਾਕਿਸਤਾਨ ਵਾਪਸ ਗਈ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ ਪਰ ਅਖ਼ੀਰ ਉਸ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ। ਰੋਂਦੀ ਹੋਈ ਹੁਮਾਰਾ ਪਾਕਿਸਤਾਨ ਤਾਂ ਚਲੀ ਗਈ ਹੈ ਪਰ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਈ ਹੈ ਜੋ ਪਾਕਿਸਤਾਨੀ ਔਰਤਾਂ ਨਾਲ ਸਬੰਧਤ ਹਨ।
ਹੁਮਾਰਾ ਸਿਰਫ਼ ਇਕ ਨਾਂ ਨਹੀਂ ਹੈ ਸਗੋਂ ਹਜ਼ਾਰਾਂ ਪਾਕਿਸਤਾਨੀ ਔਰਤਾਂ ਦੀ ਆਵਾਜ਼ ਹੈ ਜੋ ਹਰ ਰੋਜ਼ ਪਰੇਸ਼ਾਨੀ ਦਾ ਸਾਹਮਣਾ ਕਰਦੀਆਂ ਹਨ। ਹੁਮਾਰਾ ਨੇ ਗ਼ੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਸੀ। ਉਸ ਨੂੰ ਗੋਲ਼ੀ ਮਾਰੀ ਜਾ ਸਕਦੀ ਸੀ ਪਰ ਉਸ ਨੇ ਫਿਰ ਵੀ ਇਹ ਖ਼ਤਰਾ ਮੁੱਲ ਲਿਆ।
ਇਹ ਸਮਾਂ ਪਾਕਿਸਤਾਨ, ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀਆਂ ਸੰਸਥਾਵਾਂ ਅਤੇ ਔਰਤਾਂ ਦੇ ਅਧਿਕਾਰਾਂ ਲਈ ਲੜਨ ਦਾ ਦਾਅਵਾ ਕਰਨ ਵਾਲੀਆਂ ਸੰਸਥਾਵਾਂ ਲਈ ਆਤਮ-ਨਿਰੀਖਣ ਦਾ ਹੈ। ਪਾਕਿਸਤਾਨ ਵਿਚ ਕੁੜੀਆਂ ਤੇ ਮਹਿਲਾਵਾਂ ’ਤੇ ਹੁੰਦੇ ਜ਼ੁਲਮੋ-ਸਿਤਮ ਦੀ ਮਿਸਾਲ ਮੁਖਤਾਰਾਂ ਮਾਈ ਅਤੇ ਮਲਾਲਾ ਯੂਸਫਜ਼ਈ ਵੀ ਹਨ। ਉਨ੍ਹਾਂ ਦੇ ਮਾਮਲੇ ਉਜਾਗਰ ਹੋਣ ’ਤੇ ਪਾਕਿਸਤਾਨ ਦੀ ਕੌਮਾਂਤਰੀ ਪੱਧਰ ’ਤੇ ਬਹੁਤ ਜ਼ਿਆਦਾ ਫਜ਼ੀਹਤ ਹੋਈ ਸੀ। ਤਾਂ ਵੀ ਉਸ ਨੇ ਸਬਕ ਨਹੀਂ ਲਿਆ।
ਉੱਥੇ ਔਰਤਾਂ ਦੇ ਅਧਿਕਾਰਾਂ ਨੂੰ ਸਿਰਫ਼ ਕਾਗਜ਼ਾਂ ’ਤੇ ਨਹੀਂ ਸਗੋਂ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਲੋੜ ਹੈ। ਨਹੀਂ ਤਾਂ ਹੁਮਾਰਾ ਵਰਗੀਆਂ ਹੋਰ ਔਰਤਾਂ ਨੂੰ ਇੰਜ ਹੀ ਸਰਹੱਦਾਂ ਪਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਰਹੇਗਾ। ਜੇਕਰ ਕੋਈ ਔਰਤ ਆਪਣੇ ਹੀ ਦੇਸ਼ ਵਿਚ ਅਜਨਬੀ ਬਣ ਜਾਵੇ ਤਾਂ ਇਸ ਤੋਂ ਵੱਧ ਮੰਦਭਾਗੀ ਗੱਲ ਕੀ ਹੋ ਸਕਦੀ ਹੈ ?
-ਮੋਬਾਈਲ : 98290-19785
Credit : https://www.punjabijagran.com/editorial/general-humara-s-painful-story-humara-crossed-the-border-after-being-fed-up-with-constant-domestic-violence-in-pakistan-9473982.html
test