22 ਸਤੰਬਰ, 2025 – ਮੁੱਕੇਰੀਆਂ : ਬਿਆਸ ਦਰਿਆ ’ਚ ਆਏ ਹੜ੍ਹਾਂ ਕਾਰਨ ਰੁੜ੍ਹੀਆਂ ਜ਼ਮੀਨਾਂ ਵਾਲੇ ਕਿਸਾਨਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ। ਦਰਿਆ ਕੰਢੇ ਵਸੇ ਮਹਿਤਾਬਪੁਰ ਨੁਸ਼ਹਿਰਾ ਪੱਤਣ ਤੇ ਧਨੋਆ ਪਿੰਡ ਦੀ ਹੀ 75 ਏਕੜ ਤੋਂ ਵੱਧ ਜ਼ਮੀਨ ਦਰਿਆ ਬੁਰਦ ਹੋ ਗਈ ਹੈ। ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ ਛੱਡੇ ਜਾ ਰਹੇ ਲਗਾਤਾਰ ਪਾਣੀ ਕਾਰਨ ਖੋਰਾ ਹਾਲੇ ਵੀ ਜਾਰੀ ਹੈ। ਮੋਤਲਾ, ਸਨਿਆਲਾਂ, ਹਲੇੜ ਜਨਾਰਧਨ, ਕੋਲੀਆਂ, ਕੁੱਲੀਆਂ, ਮਿਆਣੀ ਮਲਾਹ, ਟੇਰਕਿਆਣਾ, ਛਾਂਟਾ, ਜਾਹਿਦਪੁਰ ਤੇ ਟੇਰਕਿਆਣਾ ਆਦਿ ਪਿੰਡਾਂ ਦੀ ਵੀ ਸੈਂਕੜੇ ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਨੁਕਸਾਨ ਦਾ ਜਾਇਜ਼ਾ ਲੈਣ ਆਉਂਦੇ ਪਟਵਾਰੀ ਤੇ ਸਿਆਸੀ ਆਗੂ ਜ਼ਮੀਨ ਰੁੜ੍ਹਨ ਕਾਰਨ ਹੋਏ ਨੁਕਸਾਨ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹਨ।
ਪਿੰਡ ਮਹਿਤਾਬਪੁਰ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਚਾਰ ਏਕੜ ਜ਼ਮੀਨ ਸਮੇਤ ਮੋਟਰ ਅਤੇ ਬਿਜਲੀ ਦੇ ਟਰਾਂਸਫਾਰਮਰ ਰੁੜ੍ਹ ਗਏ। ਕੁਲਦੀਪ ਸਿੰਘ ਦੀ ਦੋ ਏਕੜ ਜ਼ਮੀਨ, ਫ਼ਸਲ ਤੇ ਜ਼ਮੀਨ ਵਿੱਚ ਲੱਗੇ ਬੋਰ ਸਮੇਤ ਹੜ੍ਹ ਗਈ। ਸਿਕੰਦਰ ਸਿੰਘ, ਰਾਜਿੰਦਰ ਸਿੰਘ, ਕਮਲਜੀਤ ਸਿੰਘ ਅਤੇ ਅਜੀਤ ਸਿੰਘ ਦੀ ਦੋ-ਦੋ ਏਕੜ ਜ਼ਮੀਨ ਦਰਿਆ ਬੁਰਦ ਹੋਈ ਹੈ, ਜਦੋਂਕਿ ਭੁਪਿੰਦਰ ਸਿੰਘ, ਮੋਹਣ ਸਿੰਘ, ਸੁਖਦੇਵ ਸਿੰਘ, ਗੁਰਬਚਨ ਸਿੰਘ, ਅਰਜੁਨ ਸਿੰਘ, ਕਮਲਾ ਦੇਵੀ ਦੀ ਇੱਕ-ਇੱਕ ਏਕੜ ਜ਼ਮੀਨ ਦਰਿਆ ਦੀ ਭੇਟ ਚੜ੍ਹ ਗਈ।
ਨੁਸ਼ਹਿਰਾ ਪੱਤਣ ਦੇ ਨੰਬਰਦਾਰ ਬਲਜੀਤ ਸਿੰਘ ਅਨੁਸਾਰ, ਉਸ ਦੀ ਦੋ ਏਕੜ ਅਤੇ ਨਾਲ ਲਗਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਵੀ ਰੁੜ੍ਹ ਗਈ ਹੈ। ਮਲਕੀਤ ਸਿੰਘ ਹੁੰਦਲ ਦੀ ਕਰੀਬ ਸਾਢੇ ਤਿੰਨ ਏਕੜ, ਹਰਵਿੰਦਰ ਸਿੰਘ ਦੀ ਡੇਢ ਏਕੜ, ਗੁਰਮੀਤ ਸਿੰਘ ਤੇ ਸੰਤ ਸਿੰਘ ਦੀ ਇੱਕ-ਇੱਕ ਏਕੜ ਸਮੇਤ ਪਿੰਡ ਦੀ 25 ਏਕੜ ਤੋਂ ਵੱਧ ਜ਼ਮੀਨ ਦਰਿਆ ਬੁਰਦ ਹੋ ਗਈ।
ਪਿੰਡ ਧਨੋਆ ਦੀ 20 ਏਕੜ ਤੋਂ ਵੱਧ ਜ਼ਮੀਨ ਹੜ੍ਹਾਂ ਦੀ ਭੇਟ ਚੜ੍ਹ ਗਈ। ਧਨੋਆ ਦੇ ਕਿਸਾਨ ਧਰਮ ਸਿੰਘ ਤੇ ਨਰਿੰਦਰ ਸਿੰਘ ਦੀ ਤਿੰਨ ਏਕੜ, ਲਖਵਿੰਦਰ ਸਿੰਘ ਤੇ ਨਰਿੰਦਰ ਸਿੰਘ ਦੀ ਡੇਢ ਏਕੜ, ਮਨਦੀਪ ਸਿੰਘ ਦੀ ਸਵਾ ਏਕੜ, ਗੁਰਨਾਮ ਸਿੰਘ ਦੀ ਇੱਕ ਏਕੜ ਜ਼ਮੀਨ ਰੁੜ੍ਹ ਗਈ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਲਿਖਣ ਆਉਂਦੇ ਪਟਵਾਰੀ ਰੁੜ੍ਹੀ ਜ਼ਮੀਨ ਦੀ ਤਾਂ ਗੱਲ ਸੁਣਨ ਲਈ ਵੀ ਤਿਆਰ ਨਹੀਂ ਹਨ। ਜਦੋਂਕਿ ਆਫ਼ਤ ਪ੍ਰਬੰਧਨ ਵਿੱਚ ਬਾਕਾਇਦਾ ਰੁੜ੍ਹੀਆਂ ਜ਼ਮੀਨਾਂ ਤੇ ਨੁਕਸਾਨੇ ਮਕਾਨਾਂ ਦੇ ਮੁਆਵਜ਼ੇ ਦੀ ਤਜਵੀਜ਼ ਹੈ।
ਉਧਰ, ਤਹਿਸੀਲਦਾਰ ਮੁਕੇਰੀਆਂ ਲਖਵਿੰਦਰ ਸਿੰਘ ਨੇ ਕਿਹਾ ਕਿ ਪਟਵਾਰੀਆਂ ਨੂੰ ਰੁੜ੍ਹੀਆਂ ਜ਼ਮੀਨਾਂ ਦੀ ਰਿਪੋਰਟ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਜੇਕਰ ਕਿਧਰੇ ਕੁਤਾਹੀ ਹੋਈ ਹੈ ਤਾਂ ਭਲਕੇ ਸਾਰੇ ਪਟਵਾਰੀਆਂ ਦੀ ਮੀਟਿੰਗ ਸੱਦ ਕੇ ਮੁੜ ਤੋਂ ਸਖਤ ਹਦਾਇਤ ਕੀਤੀ ਜਾਵੇਗੀ।
ਡੀਸੀ ਵੱਲੋਂ ਹਰ ਨੁਕਸਾਨ ਦੇ ਮੁਆਵਜ਼ੇ ਦਾ ਭਰੋਸਾ
ਹੁਸ਼ਿਆਰਪੁਰ ਦੀ ਡੀ ਸੀ ਆਸ਼ਿਕਾ ਜੈਨ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੀਆਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਫ਼ਸਲਾਂ ਅਤੇ ਰੁੜ੍ਹੀਆਂ ਜ਼ਮੀਨਾਂ ਤੇ ਮਕਾਨਾਂ ਦੇ ਨੁਕਸਾਨ ਬਾਰੇ ਵੱਖ-ਵੱਖ ਟੀਮਾਂ ਵੱਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨੁਕਸਾਨੀਆਂ ਫ਼ਸਲਾਂ ਸਮੇਤ ਰੁੜ੍ਹੀਆਂ ਜ਼ਮੀਨਾਂ ਅਤੇ ਨੁਕਸਾਨੇ ਮਕਾਨਾਂ ਸਮੇਤ ਆਫ਼ਤ ਪ੍ਰਬੰਧਨ ਦੇ ਨਿਯਮਾਂ ਅਨੁਸਾਰ ਹਰ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਪੰਜਾਬੀ ਟ੍ਰਿਬਯੂਨ