ਰੇਤ ਭਰਨ ਕਾਰਨ ਕੲੀ ਪਿੰਡਾਂ ਵਿੱਚ ਜ਼ਮੀਨਾਂ ਦੀ ਨਿਸ਼ਾਨਦੇਹੀ ਖ਼ਤਮ ਹੋਈ
22 ਦਸੰਬਰ, 2025 – ਮੋਗਾ : ਸੂਬੇ ’ਚ ਇਸ ਵਰ੍ਹੇ ਅਗਸਤ-ਸਤੰਬਰ ਮਹੀਨੇ ਆਏ ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਸੀ। ਇਹ ਹੜ੍ਹ ਸਾਲ 1988 ਤੋਂ ਬਾਅਦ ਸਭ ਤੋਂ ਭਿਆਨਕ ਮੰਨੇ ਜਾਂਦੇ ਹਨ। ਇਸ ਕਾਰਨ ਖੜ੍ਹੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ, ਵੱਡੀ ਗਿਣਤੀ ਲੋਕ ਬੇਘਰ ਹੋਏ ਅਤੇ ਖੇਤਾਂ ’ਚ ਰੇਤਾ ਭਰ ਜਾਣ ਕਾਰਨ ਪੰਜ ਹਜ਼ਾਰ ਤੋਂ ਵੱਧ ਹੈਕਟੇਅਰ ਰਕਬੇ ’ਚ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਪ੍ਰਭਾਵਿਤ ਹੋਈ ਹੈ।
ਕਈ ਪਿੰਡਾਂ ਵਿੱਚ ਜ਼ਮੀਨਾਂ ਦੀ ਨਿਸ਼ਾਨਦੇਹੀ ਖ਼ਤਮ ਹੋ ਗਈ ਹੈ। ਸੂਬੇ ਵਿੱਚ ਖੇਤੀਬਾੜੀ ਵਿਭਾਗ ਦੀ ਸੰਯੁਕਤ ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਹੜ੍ਹਾਂ ਕਾਰਨ ਤਕਰੀਬਨ 1.50 ਲੱਖ ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਸੀ। ਇਸ ਵਿੱਚੋਂ ਕਰੀਬ ਪੰਜ ਹਜ਼ਾਰ ਹੈਕਟੇਅਰ ਰਕਬੇ ’ਚ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਨਹੀਂ ਹੋਈ। ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ ਤਕਰੀਬਨ 5750 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਸੀ। ਇਸ ਰਕਬੇ ਵਿੱਚ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ 2200 ਤੋਂ ਵੱਧ ਕਿਸਾਨਾਂ ਨੂੰ 2300 ਕੁਇੰਟਲ ਮੁਫ਼ਤ ਕਣਕ ਦਾ ਬੀਜ ਮੁਹੱਈਆ ਕਰਵਾਇਆ ਗਿਆ ਹੈ। ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਜ਼ਿਲ੍ਹੇ ਵਿੱਚ ਹੜ੍ਹਾਂ ਕਾਰਨ ਪ੍ਰਭਾਵਿਤ ਤਕਰੀਬਨ 39 ਹਜ਼ਾਰ ਹੈਕਟੇਅਰ ਰਕਬੇ ਵਿੱਚੋਂ 2 ਤੋਂ 5 ਫ਼ੀਸਦੀ ਰਕਬੇ ਨੂੰ ਛੱਡ ਕੇ ਬਾਕੀ ਰਕਬੇ ਵਿੱਚ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 44 ਹਜ਼ਾਰ ਹੈਕਟੇਅਰ ਰਕਬੇ ਵਿੱਚੋਂ ਕਰੀਬ 5 ਫ਼ੀਸਦੀ ਰਕਬੇ ਨੂੰ ਛੱਡ ਕੇ ਬਾਕੀ ਵਿੱਚ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਹੋਈ ਹੈ।
ਦਰਿਆਵਾਂ ਕੰਢੇ ਦੇ ਕਿਸਾਨ ਜ਼ਿਆਦਾ ਪ੍ਰਭਾਵਿਤ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ’ਚੋਂ ਸੇਵਾਮੁਕਤ ਡਿਪਟੀ ਡਾਇਰੈਕਟਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਹੜ੍ਹਾਂ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 1988 ਤੋਂ ਬਾਅਦ ਇਹ ਵੱਡੀ ਕੁਦਰਤੀ ਮਾਰ ਸੀ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਦਰਿਆਵਾਂ ਕੰਢੇ ਖੇਤੀ ਕਰਨ ਵਾਲੇ ਸੈਂਕੜੇ ਕਿਸਾਨਾਂ ਦੀਆਂ ਜ਼ਮੀਨ ਦਰਿਆ ਬੁਰਦ ਹੋ ਚੁੱਕੀਆਂ ਹਨ। ਦਰਿਆ ਨਾਲ ਲੱਗਦੇ ਕਈ ਪਿੰਡਾਂ ਵਿੱਚ ਜ਼ਮੀਨਾਂ ਦੀ ਨਿਸ਼ਾਨਦੇਹੀ ਖ਼ਤਮ ਹੋ ਗਈ। ਉਨ੍ਹਾਂ ਕਿਹਾ ਕਿ ਜਿਹੜੀ ਜ਼ਮੀਨ ਕਿਸਾਨ ਪਰਿਵਾਰਾਂ ਨੂੰ ਕਈ ਪੀੜ੍ਹੀਆਂ ਤੋਂ ਅਨਾਜ ਦਿੰਦੀ ਆ ਰਹੀ ਸੀ, ਹੁਣ ਬੰਜਰ ਹੋ ਗਈ ਹੈ।ਪੀੜਤ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਪਛਾਣ ਲਈ ਦੁਬਾਰਾ ਨਿਸ਼ਾਨਦੇਹੀ ਦੀ ਲੋੜ ਪਵੇਗੀ ਕਿਉਂਕਿ ਪੀੜ੍ਹੀਆਂ ਤੋਂ ਚੱਲੀ ਆ ਰਹੀ ਨਿਸ਼ਾਨਦੇਹੀ ਖ਼ਤਮ ਹੋ ਗਈ ਹੈ। ਇਲਾਕੇ ਦੇ ਜਿਹੜੇ ਖੇਤ ਕਦੇ ਖ਼ੁਸ਼ਹਾਲੀ ਦੇ ਪ੍ਰਤੀਕ ਸਨ, ਹੁਣ ਬਰਬਾਦੀ ਦੀ ਤਸਵੀਰ ਪੇਸ਼ ਕਰ ਰਹੇ ਹਨ।
ਪੰਜਾਬੀ ਟ੍ਰਿਬਯੂਨ