ਠੇਕੇ ਦੀ ਜ਼ਮੀਨ, ਕਰਜ਼ੇ ਨਾਲ ਕੀਤੀ ਝੋਨੇ ਦੀ ਲੁਆਈ; ਹੁਣ ਕਿਵੇਂ ਕਰਾਂਗੇ ਭਰਪਾਈ?
ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੇ ਪਿੰਡ ਟੁੱਟੋਮਾਜਰਾ ਦੇ ਜਸਪ੍ਰੀਤ ਸਿੰਘ ਤੇ ਅਮਰੀਕ ਛੋਟੇ ਕਿਸਾਨ ਹਨ। ਜੁਲਾਈ ’ਚ ਝੋਨੇ ਦੀ ਫਸਲ ਦੀ ਲੁਆਈ ਬੜੀਆਂ ਉਮੀਦਾਂ ਨਾਲ ਕੀਤੀ। ਫਸਲ ਦੀ ਰੰਗਤ ਦੇਖ ਕੇ ਦਿਲ ਬਾਗੋਬਾਗ ਸੀ ਪਰ ਹੜ੍ਹ ’ਚ ਸਭ ਕੁਝ ਬਰਬਾਦ ਹੋ ਗਿਆ।
02 ਸਤੰਬਰ, 2025 – ਮਾਹਿਲਪੁਰ (ਹੁਸ਼ਿਆਰਪੁਰ) : ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੇ ਪਿੰਡ ਟੁੱਟੋਮਾਜਰਾ ਦੇ ਜਸਪ੍ਰੀਤ ਸਿੰਘ ਤੇ ਅਮਰੀਕ ਛੋਟੇ ਕਿਸਾਨ ਹਨ। ਜੁਲਾਈ ’ਚ ਝੋਨੇ ਦੀ ਫਸਲ ਦੀ ਲੁਆਈ ਬੜੀਆਂ ਉਮੀਦਾਂ ਨਾਲ ਕੀਤੀ। ਫਸਲ ਦੀ ਰੰਗਤ ਦੇਖ ਕੇ ਦਿਲ ਬਾਗੋਬਾਗ ਸੀ ਪਰ ਹੜ੍ਹ ’ਚ ਸਭ ਕੁਝ ਬਰਬਾਦ ਹੋ ਗਿਆ। ਝੋਨੇ ਦੀ ਲਹਿਰਾਉਂਦੀ ਫਸਲ ਪਾਣੀ ਵਿਚ ਰੁੜ੍ਹਦੇ ਦੇਖ ਕੇ ਦੋਵਾਂ ਕਿਸਾਨਾਂ ਦਾ ਕਲੇਜਾ ਫਟਿਆ ਜਾ ਰਿਹਾ ਹੈ। ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਜ਼ਮੀਨ ਮਾਲਕ ਨੂੰ ਪੈਸੇ ਕਿਵੇਂ ਦੇਣਗੇ? ਕਰਜ਼ਾ ਕਿਵੇਂ ਲਾਵਾਂਗੇ? ਪਰਿਵਾਰ ਨੂੰ ਕੀ ਖੁਆਵਾਂਗੇ? ਝੋਨੇ ਦੀ ਫਸਲ ਨੂੰ ਦਿਖਾਉਂਦੇ ਹੋਏ ਜਸਪ੍ਰੀਤ ਤੇ ਅਮਰੀਕ ਦੀਆਂ ਅੱਖਾਂ ਭਰ ਗਈਆਂ। ਦਰਿਆ ਦਾ ਪਾਣੀ ਤਾਂ ਤਬਾਹੀ ਦਾ ਕਾਰਨ ਬਣਿਆ ਹੀ, ਹੁਣ ਕਿਸਾਨਾਂ ਦੀਆਂ ਅੱਖਾਂ ’ਚੋਂ ਬਰਬਾਦੀ ਦਾ ਦਰਿਆ ਵਹਿ ਰਿਹਾ ਹੈ।
ਹੁਸ਼ਿਆਰਪੁਰ ’ਚ ਹੜ੍ਹ ਨਾਲ ਲਗਪਗ 5,971 ਹੈਕਟੇਅਰ ਫਸਲ ਪ੍ਰਭਾਵਿਤ ਹੋਈ ਹੈ। ਹੜ੍ਹ ’ਚ ਕੁੱਲ 1,152 ਲੋਕ ਪ੍ਰਭਾਵਿਤ ਹਨ। 1,052 ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਜਸਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਕਿੱਲੇ ਜ਼ਮੀਨ ਠੇਕੇ ’ਤੇ ਲਈ ਹੈ। ਇਕ ਫਸਲ ਲਈ ਜ਼ਮੀਨ ਮਾਲਕ ਨੂੰ ਇਕ ਸਾਲ ਲਈ ਇਕ ਕਿੱਲੇ ਦਾ 40 ਹਜ਼ਾਰ ਰੁਪਏ ਦੇਣ ਦਾ ਸਮਝੌਤਾ ਹੈ। ਇਕ ਕਿੱਲੇ ’ਚ ਝੋਨੇ ਦੀ ਲੁਆਈ ਤੋਂ ਲੈ ਕੇ ਉਸ ਦੀ ਹੁਣ ਤੱਕ ਦੀ ਸੰਭਾਲ ’ਤੇ 50 ਹਜ਼ਾਰ ਰੁਪਏ ਖਰਚ ਹੋ ਚੁੱਕਾ ਹੈ। ਇਹ ਪੈਸਾ ਵੀ ਉਧਾਰ ਹੈ। ਚਾਰ ਦਿਨ ਪਹਿਲਾਂ ਤੱਕ ਖੇਤ ਵਿਚ ਲਹਿਲਹਾਉਂਦੀ ਫਸਲ ਦੇਖ ਕੇ ਮਨ ਖੁਸ਼ ਹੋ ਜਾਂਦਾ ਸੀ ਕਿ ਦੋ ਮਹੀਨਿਆਂ ’ਚ ਕਰਜ਼ੇ ਦਾ ਬੋਝ ਉੱਤਰ ਜਾਵੇਗਾ ਪਰ ਇਕ ਝਟਕੇ ’ਚ ਹੜ੍ਹ ਦੇ ਪਾਣੀ ਨੇ ਸਾਰੀਆਂ ਉਮੀਦਾਂ ਨੂੰ ਪਾਣੀ ਵਿਚ ਰੋੜ੍ਹ ਦਿੱਤਾ। ਖੇਤਾਂ ਵਿਚ ਲਹਿਲਹਾਉਂਦੀ ਫਸਲ ਪਾਣੀ ਵਿਚ ਡੁੱਬਦੀ ਜਾ ਰਹੀ ਹੈ। ਸਮਝ ’ਚ ਨਹੀਂ ਆ ਰਿਹਾ ਕਿ ਜ਼ਮੀਨ ਮਾਲਕ ਨੂੰ ਪੈਸੇ ਕਿਵੇਂ ਵਾਪਸ ਦੇਵਾਂਗੇ। ਬਾਕੀ ਦਾ ਕਰਜ਼ਾ ਕਿਵੇਂ ਉਤਾਰਾਂਗੇ।
ਇੰਨਾ ਕਹਿੰਦੇ-ਕਹਿੰਦੇ ਉਹ ਡੁੱਬਦੀ ਫਸਲ ਵੱਲ ਇਸ਼ਾਰਾ ਕਰਦੇ ਹਨ ਤੇ ਫਿਰ ਜ਼ੁਬਾਂ ਖਾਮੋਸ਼ ਹੋ ਜਾਂਦੀ ਹੈ। ਨਾਲ ਖੜ੍ਹੇ ਕਿਸਾਨ ਅਮਰੀਕ ਉਦਾਸੀ ਭਰੇ ਲਹਿਜ਼ੇ ’ਚ ਬੋਲੇ, ਹੜ੍ਹ ਨੇ ਸਭ ਕੁਝ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਦੋ ਕਿੱਲੇ ਜ਼ਮੀਨ ਠੇਕੇ ’ਤੇ ਲਈ ਹੈ। ਉਮੀਦ ਸੀ ਕਿ ਫਸਲ ਤਿਆਰ ਹੋਣ ’ਤੇ ਮੰਡੀ ’ਚ ਫਸਲ ਨੂੰ ਵੇਚਾਂਗੇ ਪਰ ਹੁਣ ਤਾਂ ਖੁਦ ਨੂੰ ਖਾਣ ਦੇ ਲਾਲੇ ਪੈ ਜਾਣਗੇ। ਇਹ ਦਰਦ ਜਸਪ੍ਰੀਤ ਤੇ ਅਮਰੀਕ ਦਾ ਹੀ ਨਹੀਂ, ਹੜ੍ਹ ਤੋਂ ਪ੍ਰਭਾਵਿਤ ਮੁਕੇਰੀਆਂ, ਟਾਂਡਾ ਉੜਮੜ ਤੇ ਮਾਹਿਲਪੁਰ ਦੇ ਸੈਂਕੜੇ ਉਨ੍ਹਾਂ ਕਿਸਾਨਾਂ ਦਾ ਹੈ, ਜਿਨ੍ਹਾਂ ਦੀ ਲਹਿਲਹਾਉਂਦੀ ਝੋਨੇ ਦੀ ਫਸਲ ਹੜ੍ਹ ਦੇ ਪਾਣੀ ’ਚ ਸਮਾ ਗਈ ਹੈ ਤੇ ਸਿਰ ’ਤੇ ਕਰਜ਼ਾ ਤੇ ਮੁਸੀਬਤਾਂ ਦੀ ਗੰਢ ਬੱਝ ਗਈ ਹੈ।
ਕਿਸਾਨਾਂ ਨੂੰ ਇਹੀ ਚਿੰਤਾ ਖਾ ਰਹੀ ਹੈ ਕਿ ਆਖਰ ਉਨ੍ਹਾਂ ਦੀ ਜ਼ਿੰਦਗੀ ਲੀਹ ’ਤੇ ਕਿਵੇਂ ਪਰਤੇਗੀ। ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਦੀਆਂ ਸਰਕਾਰਾਂ ਤੋਂ ਮੰਗ ਹੈ ਕਿ ਆਰਥਿਕ ਮਦਦ ਦੇ ਕੇ ਉਨ੍ਹਾਂ ਨੂੰ ਰਾਹਤ ਦਿਵਾਈ ਜਾਏ। ਉਧਰ, ਹੁਸ਼ਿਆਰਪੁਰ ਦੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਸੰਕਟ ਦੀ ਘੜੀ ’ਚ ਲੋਕਾਂ ਨਾਲ ਖੜ੍ਹੇ ਹੋਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ 24 ਘੰਟੇ ਫੋਨ ’ਤੇ ਉਪਲੱਬਧ ਹਨ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿੱਜੀ ਤੌਰ ’ਤੇ ਦੌਰਾ ਕਰ ਕੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
ਪੰਜਾਬੀ ਜਾਗਰਣ