ਡਾ. ਜਸਵਿੰਦਰ ਸਿੰਘ ਭੁੱਲਰ
ਕਿਸੇ ਕੌਮ ਦੀ ਖ਼ੁਸ਼ਹਾਲੀ ਬਾਰੇ ਪਤਾ ਲਾਉਣਾ ਹੋਵੇ ਤਾਂ ਉਸ ਦੀਆਂ ਕਲਾਵਾਂ ਦੇ ਵਿਕਾਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ, ਕਿਉ ਜੋ ਵਿਕਸਿਤ ਕਲਾਵਾਂ ਉਸ ਕੌਮ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਹੁੰਦੀਆਂ ਹਨ। ਸਿੱਖਾਂ ਨੇ ਜਦੋਂ ਰਾਜ ਸੱਤਾ ਸੰਭਾਲੀ ਤਾਂ ਉਨ੍ਹਾਂ ਨੂੰ ਪਹਾੜੀ ਚਿੱਤਰਕਲਾ, ਰਾਜਪੂਤ ਚਿੱਤਰਕਲਾ ਪਰੰਪਰਾ ਵੀ ਨਾਲ ਹੀ ਪ੍ਰਾਪਤ ਹੋਈ, ਜੋ ਅੱਗੇ ਜਾ ਕੇ ਸਿੱਖ ਸਕੂਲ ਪੇਂਟਿੰਗ ਦੀ ਸਿੱਧੀ ਵਾਰਿਸ ਬਣੀ।
ਚਿੱਤਰਕਲਾ ਦੀ ਜਿਹੜੀ ਧਾਰਾ (ਸਕੂਲ) ਸਿੱਖ ਚਿੱਤਰਕਲਾ ਦੇ ਨਾਂਅ ਹੇਠ ਚਲਦੀ ਹੈ, ਇਹ ਅਸਲ ਵਿਚ ਉਹ ਚਿੱਤਰਕਲਾ ਸੀ, ਜਿਹੜੀ ਮੁਗ਼ਲ ਕਲਾ ਦੀ ਪਰੰਪਰਾ ਵਿੱਚੋਂ ਪਹਾੜੀ ਕਲਾ ਰਾਹੀਂ ਸਿੱਖ ਦਰਬਾਰ ਵਿੱਚ ਪ੍ਰਵੇਸ਼ ਕੀਤੀ। ਪ੍ਰੰਤੂ ਸਮੇਂ, ਸਥਾਨ ਅਤੇ ਸਰਪ੍ਰਸਤੀ ਦੇ ਬਦਲਣ ਨਾਲ ਇਸ ਦੇ ਵਿਸ਼ਿਆਂ ਵਿੱਚ ਵੀ ਅਨੇਕਾਂ ਤਬਦੀਲੀਆਂ ਆਉਦੀਆਂ ਰਹੀਆਂ, ਜੋ ਸੁਭਾਵਿਕ ਸਨ। ਮੁਗ਼ਲ ਦਰਬਾਰ ਵਿੱਚ ਪੋਰਟਰੇਟ ਅਤੇ ਰੁਮਾਂਟਿਕ ਦਿ੍ਰਸ਼ਾਂ ਵਰਗੇ ਵਿਸ਼ੇ ਪ੍ਰਚਲਿਤ ਸਨ। ਪਹਾੜੀ ਚਿੱਤਰਕਲਾ ਵਿੱਚ ਇਹ ਵਿਸ਼ੇ ਪੌਰਾਣਿਕ ਰੂਪ ਧਾਰਨ ਕਰ ਗਏ। ਸਿੱਖ ਕਾਲ ਸਮੇਂ ਦੀ ਚਿੱਤਰਕਲਾ ਵਿੱਚ ਪੌਰਾਣਿਕ ਵਿਸ਼ੇ ਲਗਪਗ ਖ਼ਤਮ ਹੋ ਚੁੱਕੇ ਸਨ। ਪੋਰਟਰੇਟ ਇਸ ਕਾਲ ਦੀਆਂ ਪ੍ਰਤੀਨਿੱਧ ਕਿਰਤਾਂ ਵਿੱਚੋਂ ਸਨ। ਦਰਬਾਰੀ ਚਿੱਤਰਾਂ ਵਿੱਚ ਪਹਾੜੀ ਦੌਰ ਦਾ ਲੱਛਣ ਪ੍ਰਮੁੱਖ ਸੀ। ਮੁੱਖ ਤੌਰ ’ਤੇ ਮਹੱਲਾਂ, ਖਾਣ-ਪੀਣ, ਵਿਆਹ-ਸ਼ਾਦੀਆਂ ਦੇ ਦਿ੍ਰਸ਼ ਚਿੱਤਰੇ ਜਾ ਰਹੇ ਸਨ।
ਪੰਜਾਬ ਵਿੱਚ ਸਿੱਖ ਚਿੱਤਰਕਲਾ ਦੇ ਵਿਕਾਸ ਦੀ ਗੱਲ ਕਰੀਏ ਤਾਂ ਇਹ ਉਨ੍ਹੀਵੀਂ ਸਦੀ ਵਿੱਚ ਵਧੀ ਫੱੁਲੀ। ਸੋਲ੍ਹਵੀਂ ਸਦੀ ਵਿੱਚ ਲਾਹੌਰ ਦਾ ਸੂਬਾ ਮੁਗ਼ਲਾਂ ਦੇ ਰਾਜ ਵਿੱਚ ਵਧਿਆ ਫੁੱਲਿਆ। ਉਨ੍ਹੀਵੀਂ ਸਦੀ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਦੇ ਅਖੀਰਲੇ ਰਾਜੇ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਤਾਂ ਕਾਫੀ ਚਿੱਤਰਕਾਰ ਮਹਾਰਾਜਾ ਦੀ ਸਰਪ੍ਰਸਤੀ ’ਚ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਆ ਗਏ। ਇੱਥੇ ਆ ਕੇ ਉਹਨਾਂ ਨੇ ਆਪਣੀ ਪਹਾੜੀ ਸ਼ੈਲੀ ਵਿੱਚ ਰਾਜਿਆਂ, ਮਹਾਰਾਜਿਆਂ ਅਤੇ ਜਾਗੀਰਦਾਰਾਂ ਦੇ ਚਿੱਤਰ ਬਣਾਏ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖ ਸੱਤਾ ਸੰਭਾਲਦਿਆਂ ਸਿੱਖਾਂ ਵਿੱਚ ਆਪਣੇ ਧਾਰਮਿਕ ਸਥਾਨਾਂ ਨੂੰ ਸਜਾਉਣ ਦੀ ਰੁਚੀ ਕਾਫੀ ਪ੍ਰਬਲ ਹੋ ਗਈ। ਇਸੇ ਰੁਚੀ ਅਧੀਨ ਸਿੱਖਾਂ ਨੇ ਗੁਰਦੁਆਰਿਆਂ ਨੂੰ ਪੱਕਾ ਕਰਦਿਆਂ ਉਨ੍ਹਾਂ ਦੀਆਂ ਕੰਧਾਂ ਨੂੰ ਆਪਣੇ ਇਸ਼ਟ ਦੇ ਚਿੱਤਰਾਂ ਨਾਲ ਸਜਾਉਣਾ ਸ਼ੁਰੂ ਕੀਤਾ। ਸਿੱਖ ਰਾਜ ਕਾਲ ਵਿੱਚ ਹਿੰਦੂ ਸ਼ਰਧਾਲੂ ਵੀ ਸਿੱਖ ਧਾਰਮਿਕ ਸਥਾਨਾਂ ਉੱਤੇ ਸ਼ਰਧਾਵੱਸ ਦਰਸ਼ਨਾਂ ਲਈ ਆਮ ਆਉਦੇ ਸਨ। ਉਦਾਸੀਆਂ ਦੇ ਅਖਾੜਿਆਂ ਵਿੱਚ ਹਿੰਦੂ-ਸਿੱਖ ਦੋਵੇਂ ਜਾਇਆ ਕਰਦੇ ਸਨ। ਤਰਨ ਤਾਰਨ ਦੇ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਬ੍ਰਾਹਮਣਾਂ ਵੱਲੋਂ ਤਾਮੀਰ ਕੀਤਾ ਬ੍ਰਾਹਮਣਾਂ ਵਾਲਾ ਬੁੰਗਾ ਹਿੰਦੂ-ਸਿੱਖ ਏਕਤਾ ਦੀ ਉਦਾਹਰਣ ਹੈ। ਇਸੇ ਸਾਂਝ ਸਦਕਾ ਸ਼ਿਵਾਲਿਆਂ ਵਿੱਚ ਵੀ ਹਿੰਦੂ ਮਹਾਂਕਾਵਿ ਦੇ ਕੰਧ ਚਿੱਤਰਾਂ ਤੋਂ ਇਲਾਵਾ ਸਿੱਖ ਗੁਰੂ ਸਾਹਿਬਾਨ ਦੇ ਚਿੱਤਰ ਵੀ ਚਿੱਤਰੇ ਮਿਲਦੇ ਹਨ। ਹਾਲਾਂਕਿ ਉਸ ਵੇਲੇ ਦੇ ਪੁਰਾਤਨ ਪੰਜਾਬ ਵਿੱਚ ਮੁਸਲਿਮ ਆਬਾਦੀ ਵੀ ਵੱਡੇ ਪੱਧਰ ’ਤੇ ਰਹਿੰਦੀ ਸੀ ਪਰ ਕਿਉਕਿ ਉਹਨਾਂ ਦੇ ਇਸ਼ਟ ਹਜ਼ਰਤ ਮੁਹੰਮਦ ਸਾਹਿਬ ਦੀ ਤਸਵੀਰ ਨਾ ਬਣਾਏ ਜਾਣ ਦੀ ਕਟੱੜਤਾ ਕਰਕੇ ਹਿੰਦੂ-ਸਿੱਖ ਧਾਰਮਿਕ ਸਥਾਨਾਂ ਉੱਤੇ ਮੁਸਲਿਮ ਧਰਮ ਨਾਲ ਸਬੰਧਿਤ ਚਿੰਨ੍ਹ/ਚਿੱਤਰ ਨਹੀਂ ਬਣਾਏ ਗਏ। ਅਗਰ ਇਸਲਾਮ ਵਿੱਚ ਉਹਨਾਂ ਦੇ ਇਸ਼ਟ, ਨਬੀ, ਪੈਗ਼ੰਬਰ ਦੀ ਮੂਰਤੀ ਪੂਜਾ ਦੀ ਆਗਿਆ ਜਾਂ ਖੁੱਲ੍ਹ ਹੁੰਦੀ ਤਾਂ ਉਹਨਾਂ ਦੇ ਧਾਰਮਿਕ ਮਹਾਂਪੁਰਸ਼ਾਂ ਨਾਲ ਸਬੰਧਿਤ ਚਿੱਤਰ ਵੀ ਚਿੱਤਰੇ ਨਜ਼ਰ ਆਉਦੇ।
ਸਿੱਖ ਨਿੱਕ ਚਿੱਤਰਕਲਾ ਪਰੰਪਰਾ ਭਾਰਤੀ ਮੱਧ ਕਾਲੀਨ ਚਿੱਤਰਕਲਾ ਦੇ ਵਿਕਾਸ ਵਿੱਚ ਅਖੀਰਲੀ ਕੜੀ ਸੀ। ਇਕ ਰੂਸੀ ਵਿਦਵਾਨ ਨੇ ਆਪਣੇ ਇੱਕ ਲੇਖ ‘ਭਾਰਤੀ ਚਿੱਤਰਕਾਰੀ ਵਿੱਚ ਗੁਰੂ ਨਾਨਕ ਦਾ ਬਿੰਬ’ ਵਿੱਚ ਲਿਖਿਆ ਹੈ ਕਿ ਆਰੰਭ ਵਿੱਚ ਚਿੱਤਰਕਲਾ ਦਾ ਵਿਕਾਸ ਪੰਜਾਬ ਦੀਆਂ ਕਲਾ ਪਰੰਪਰਾਵਾਂ, ਕਲਾਤਮਿਕ ਦਸਤਕਾਰੀ ਦੇ ਰੂਪਾਂ ਦੀ ਉੱਕਰਾਈ ਅਤੇ ਜੜਾਈ ਤੋਂ ਹੋਇਆ ਹੈ। ਇਹ ਦਸਤਕਾਰੀ ਹਥਿਆਰਾਂ ਨੂੰ ਸਜਾਉਣ ਨਾਲ ਸਬੰਧਿਤ ਸੀ। ਸਿੱਖ ਚਿੱਤਰਕਲਾ ਅਠਾਰਵੀਂ ਸਦੀ ਵਿੱਚ ਸਿੱਖ ਰਾਜ ਦੇ ਕਾਇਮ ਹੋਣ ਨਾਲ ਲਾਹੌਰ ਵਿੱਚ ਵੱਧਣ ਫੱੁਲਣ ਲੱਗੀ। ਕਲਾ ਦੇ ਮਾਹਿਰ, ਕਾਰੀਗਰਾਂ ਅਤੇ ਚਿੱਤਰਕਾਰਾਂ ਦੀ ਮੰਗ ਵਿੱਚ ਇਕ ਵੱਡਾ ਵਾਧਾ ਹੋਇਆ। ਕਾਂਗੜਾ, ਗੁਲੇਰ, ਨਦੌਣ, ਜੰਮੂ ਦੇ ਚਿੱਤਰਕਾਰਾਂ ਨੇ ਨਿੱਕ ਚਿੱਤਰਕਲਾ ਨੂੰ ਨਵੇਂ ਕਲਾਤਮਿਕ ਰੂਪ ਦਿੱਤੇ, ਜਿਸ ਨੂੰ ਸਿੱਖ ਨਿੱਕ ਚਿੱਤਰਕਲਾ ਦਾ ਨਾਂਅ ਦਿੱਤਾ ਗਿਆ। ਇਸ ਸਮੇਂ ਪੌਰਾਣਿਕ, ਮਹਾਂਕਾਵਿਕ ਵਿਸ਼ਿਆਂ ਦੀ ਥਾਂ ਮਿਥਿਹਾਸਕ ਕਥਾਵਾਂ ਅਤੇ ਪੋਰਟਰੇਟ ਨੇ ਲੈ ਲਈ। ਸਿੱਖ ਨਿੱਕ ਚਿੱਤਰਕਾਰ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਵਾਰਿਸ ਸਰਦਾਰਾਂ ਦੇ ਚਿੱਤਰ ਬਣਾਉਣ ਵਿਚ ਰੁਚੀ ਲੈਣ ਲੱਗੇ। ਰਾਜਪੂਤ ਘਰਾਣਿਆਂ ਦੀਆਂ ਇਸਤਰੀਆਂ, ਸਿੱਖ ਸਰਦਾਰਾਂ ਦੇ ਵਿਆਹ ਦੇ ਅਵਸਰ ਉੱਤੇ ਚਿੱਤਰ ਦਾਜ ਵਿੱਚ ਦੇਣ ਦੀਆਂ ਉਦਾਹਰਣਾਂ ਉਪਲੱਬਧ ਹਨ।
ਚਿੱਤਰਕਾਰੀ ਦੀ ਸਿੱਖ ਕਲਮ (ਸ਼ੈਲੀ) ਅਧੀਨ ਪ੍ਰਬੀਨ ਚਿੱਤਰਕਾਰੀ ਵੀ ਪ੍ਰਚਲਿਤ ਹੋਈ। ਪਹਾੜੀ ਚਿੱਤਰਕਾਰਾਂ ਨੇ ਆਪਣੇ ਸਰਪ੍ਰਸਤਾਂ ਦੇ ਸੁਹਜ ਸੁਆਦ ਨੂੰ ਹੀ ਮੁੱਖ ਰੱਖ ਕੇ ਚਿੱਤਰਣ ਕੀਤਾ। ਪਹਾੜੀ ਚਿੱਤਰਕਲਾ ਦੀਆਂ ਵਿਭਿੰਨ ਕਲਾ ਸ਼ੈਲੀਆਂ ਇੱਕ ਦੂਜੇ ਦੇ ਨੇੜੇ ਆ ਗਈਆਂ। ਸਿੱਖ ਰਾਜ ਵਿੱਚ ਛੋਟੇ-ਛੋਟੇ ਸੂਬੇਦਾਰਾਂ ਨੇ ਵੀ ਚਿੱਤਰ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਸਿੱਖ ਰਾਜ ਵਿੱਚ ਹੀ ਪ੍ਰਬੀਨ ਚਿੱਤਰਕਲਾ ਸਿਖਰ ਉੱਤੇ ਪਹੁੰਚ ਗਈ ਪਰ ਛੇਤੀ ਹੀ ਇਹ ਢਹਿੰਦੀਆਂ ਕਲਾਂ ਵੱਲ ਰੁਖ ਕਰ ਗਈ। ਇਸ ਦਾ ਮੁੱਖ ਕਾਰਣ ਇਹ ਸੀ ਕਿ ਪਹਾੜੀ ਚਿੱਤਰਕਲਾ ਆਪਣੀ ਅਧਿਆਤਮਕ ਪਰੰਪਰਾ ਨਾਲੋਂ ਪੂਰੀ ਤਰਾਂ ਟੁੱਟ ਚੁੱਕੀ ਸੀ। ਨਵੀਂ ਪਰੰਪਰਾ ਵਿੱਚ ਚਿੱਤਰਾਂ ਦੀ ਪੂਰੀ ਖੁੱਲ੍ਹ ਨਹੀਂ ਸੀ। ਇਸ ਤਰ੍ਹਾਂ ਇਸ ਵਿਚ ਰਸਮੀ ਡਿਜ਼ਾਇਨਾਂ ਦਾ ਵਾਧਾ ਹੋਣ ਲੱਗਾ। ਨਤੀਜੇ ਵਜੋਂ ਪਰੰਪਰਾਗਤ ਵਿਉਤ ਅਤੇ ਰੰਗ ਭਰਨ ਦੀ ਵਿਧੀ ਤਾਂ ਪ੍ਰਚਲਿਤ ਰਹੀਆਂ ਪਰ ਕਲਾ ਦਾ ਸਾਰ ਲੁਪਤ ਹੋ ਗਿਆ। ਇੰਜ ਇਹ ਕਲਾ ਆਪਣੇ ਪਤਨ ਵੱਲ ਗ਼ਾਮਜ਼ਨ ਹੋਣ ਲੱਗੀ।
ਸਿੱਖ ਧਾਰਾ ਦੇ ਚਿੱਤਰਕਾਰਾਂ ਦੀਆਂ ਪਹਿਲੀਆਂ ਕਿਰਤਾਂ ਵਿੱਚ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਦੇ ਪੋਰਟਰੇਟ ਬਣਾਏ ਗਏ। ਸਿੱਖ ਕਲਾ ਦੇ ਇਨ੍ਹਾਂ ਚਿੱਤਰਾਂ ਵਿੱਚ ਸਿੱਖਾਂ ਦੀ ਅਧਿਆਤਮਿਕ ਅਤੇ ਇਤਿਹਾਸਕ ਖੇਤਰ ਵਿਚ ਕੌਮੀ ਸ਼ਕਤੀ ਦੇ ਚਰਿੱਤਰ ਨੂੰ ਪੇਸ਼ ਕੀਤਾ ਗਿਆ। ਇਸ ਪ੍ਰਸੰਗ ਵਿੱਚ ਸਥਾਨਕ ਕਲਾਕਾਰਾਂ ਦੁਆਰਾ ਰਚਿਤ ਸਚਿੱਤਰਿਤ ਜਨਮ ਸਾਖੀਆਂ ਅਧਿਆਤਮਿਕ ਪੱਖ ਦੀ ਪ੍ਰਤੀਨਿੱਧਤਾ ਕਰਦੀਆਂ ਹਨ। ਸਿੱਖ ਚਿੱਤਰਕਲਾ ਦੇ ਸਬੰਧ ਵਿੱਚ ਕਲਾ ਆਲੋਚਕਾਂ ਦੇ ਕਥਨਾਂ ਵੱਲ ਧਿਆਨ ਦੇਈਏ ਤਾਂ ਆਨੰਦ ਕੁਮਾਰ ਸੁਆਮੀ ਦੇ ਮੱਤ ਅਨੁਸਾਰ ਅਠਾਰਵੀਂ ਸਦੀ ਦੇ ਅੱਧ ਤੋਂ ਉਨੀਵੀਂ ਸਦੀ ਤੱਕ ਦੀ ਪੰਜਾਬ ਚਿੱਤਰ ਪਰੰਪਰਾ ਵਿੱਚ ਸਿੱਖ ਗੁਰੂਆਂ ਦੇ ਪੋਰਟਰੇਟ, ਧਾਰਮਿਕ ਗ੍ਰੰਥਾਂ ਦੀ ਅੱਖਰਕਾਰੀ ਦੇ ਨਮੂਨੇ ਅਤੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਚਿੱਤਰ ਉਪਲਬਧ ਹੁੰਦੇ ਹਨ ਜਦਕਿ ਇਹਨਾਂ ਦਾ ਪ੍ਰਧਾਨ ਵਿਸ਼ਾ ਗੁਰੂਆਂ ਦੀਆਂ ਸਚਿੱਤਰ ਜਨਮ ਸਾਖੀਆਂ ਭਾਵ ਸ਼ੁੱਧ ਧਾਰਮਿਕ ਪ੍ਰਵਿਰਤੀ ਦਾ ਸੀ।
ਇਸ ਕਾਲ ਦੇ ਜਲ ਰੰਗ ਚਿੱਤਰ ਜੋ ਮਹਾਰਾਜੇ, ਰਾਣੀਆਂ, ਸ਼ਹਿਜ਼ਾਦਿਆਂ ਅਤੇ ਦਰਬਾਰੀ ਅਮੀਰਾਂ ਨਾਲ ਸਬੰਧਿਤ ਹਨ, ਇਸ ਕਾਲ ਦੀ ਕਲਾ ਦੀ ਰੂਹ ਮੰਨੇ ਜਾਂਦੇ ਹਨ। ਇਸ ਸ਼ੈਲੀ ਦੇ ਅੰਤਰਗਤ ਸਮੁੱਚੇ ਪੰਜਾਬੀ ਜੀਵਨ ਨੂੰ ਚਿੱਤਰਿਆ ਗਿਆ ਹੈ, ਜੋ ਪਟਿਆਲੇ ਦੇ ਅਜਾਇਬ ਘਰ ਵਿੱਚ ਸੁਰੱਖਿਅਤ ਹਨ। ਸਿੱਖ ਚਿੱਤਰਕਲਾ ਨਾਲ ਭਾਰਤੀ ਚਿੱਤਰਕਾਰਾਂ ਦੀ ਜਾਣ-ਪਛਾਣ ਸਿੱਖ ਰਾਜ ਦੀ ਸਥਾਪਤੀ ਦੇ ਦੌਰ ਵਿੱਚ ਹੋਈ। ਵੱਖ-ਵੱਖ ਪੱਛਮੀ ਯਾਤਰੀ, ਮਹਿਮਾਨ ਅਤੇ ਕਲਾਕਾਰ ਜੋ ਲਾਹੌਰ ਆਏ, ਉਨ੍ਹਾਂ ਵਿੱਚੋਂ ਮੁੱਖ ਔਸਬੋਰਨ, ਹੈਨੀਫ ਬਾਰਗਰ, ਮੈਗਰੇਗਰ, ਐਮਲੀ ਈਡਨ, ਜੀ.ਟੀ. ਵਿਗਨ, ਵਨ ਔਰਨਿਚ, ਸ਼ੌਫਟ ਚਾਰਲਸ ਕਹੇ ਜਾ ਸਕਦੇ ਹਨ। ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਬਾਕੀ ਪ੍ਰਮੁੱਖ ਸਰਦਾਰਾਂ ਦੇ ਪੋਰਟਰੇਟ ਬਣਾਏ। ਮੈਗਰੇਗਰ ਦੀ ਪੁਸਤਕ ‘ਹਿਸਟਰੀ ਆਫ਼ ਦ ਸਿਖਸ’ ਵਿਚ ਲਾਹੌਰ ਦੇ ਚਿੱਤਰਕਾਰਾਂ ਦੁਆਰਾ ਬਣਾਏ ਚਿੱਤਰਾਂ ਦੇ ਆਧਾਰ ’ਤੇ ਬਹੁਤ ਸਾਰੇ ਲਿਥੋਗ੍ਰਾਫ ਸ਼ਾਮਿਲ ਹਨ। ਮਹਾਰਾਜਾ ਸ਼ੇਰ ਸਿੰਘ ਦੀ ਜਲ ਰੰਗ ਚਿੱਤਰਾਂ ਵਿੱਚ ਕਾਫੀ ਰੁਚੀ ਸੀ, ਜਿਸ ਦਾ ਪਤਾ ਹੈਨੀਫ ਬਾਰਗਰ ਦੀ ਪੁਸਤਕ ੩੫ 5 ਤੋਂ ਲੱਗਦਾ ਹੈ। ਚਿੱਤਰਾਂ ਵਿੱਚ ਸੂਝ-ਦਿ੍ਰਸ਼ਟੀ ਅਤੇ ਵੱਖ-ਵੱਖ ਵਿਧੀਆਂ, ਜਿਵੇਂ ਜਲ ਰੰਗ, ਸ਼ੀਸ਼ੇ, ਹੱਡੀ ਅਤੇ ਅਬਰਕ ਉੱਪਰ ਚਿੱਤਰ ਬਣਾਉਣ ਦਾ ਯੂਰਪੀ ਚਿੱਤਰਕਾਰਾਂ ਦਾ ਪ੍ਰਭਾਵ ਪ੍ਰਤੱਖ ਸੀ। ਇਹ ਵੀ ਇੱਕ ਤੱਥ ਹੈ ਕਿ ਇਸ ਯੂਰਪੀ ਨਕਲ ਕਾਰਣ ਕੌਮੀ ਕਲਾ ਦਾ ਵਿਨਾਸ਼ ਹੋਇਆ। 1864 ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਬੇਡਨ ਪਾਵੇਲ ਨੇ ਵੀ ਇਹੋ ਮੱਤ ਪੇਸ਼ ਕੀਤਾ।
ਸੋ ਉਪਰੋਕਤ ਯੂਰਪੀਨ ਚਿੱਤਰਕਾਰਾਂ ਦੇ ਪ੍ਰਵੇਸ਼ ਨਾਲ ਨਵੀਆਂ ਤਕਨੀਕਾਂ ਉੱਭਰ ਕੇ ਸਾਹਮਣੇ ਆਉਣ ਲੱਗ ਪਈਆਂ। ਇੰਜ ਸਿੱਖ ਚਿੱਤਰਕਲਾ ਆਪਣੀ ਸਥਾਨਿਕਤਾ ਨਾਲੋਂ ਟੁੱਟ ਕੇ ਯੂਰਪੀ ਸ਼ੈਲੀਆਂ ਦੀ ਲਪੇਟ ਵਿੱਚ ਪੂਰੀ ਤਰ੍ਹਾਂ ਆ ਗਈ। ਯੂਰਪੀਨ ਚਿੱਤਰਕਾਰਾਂ ਦੇ ਆ ਜਾਣ ਨਾਲ ਸਿੱਖ ਚਿੱਤਰਕਲਾ ਜਾਂ ਕਹਿ ਲਓ ਪੰਜਾਬ ਦੀ ਚਿੱਤਰਕਲਾ ਉੱਤੇ ਪੱਛਮ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਇਸ ਸਭ ਦੇ ਬਾਵਜੂਦ ਫਿਰ ਵੀ ਕੁਝ ਚਿੱਤਰਕਾਰ ਗੁਰਦੁਆਰਿਆਂ, ਮੰਦਰਾਂ, ਮੱਠਾਂ, ਅਖਾੜਿਆਂ, ਸਮਾਧਾਂ ਦੀ ਸਜਾਵਟ ਲਈ ਕੰਧ ਚਿੱਤਰਾਂ ਦੀ ਸਿਰਜਣਾ ਕਰਦੇ ਰਹੇ।
ਸਿੱਖ ਰਾਜ ਦੇ ਪਤਨ ਨਾਲ ਲਾਹੌਰ ਦਰਬਾਰ ਦਾ ਵਾਤਾਵਰਨ ਬਿਲਕੱੁਲ ਬਦਲ ਗਿਆ। ਜੋ ਚਿੱਤਰਕਾਰ ਸਿੱਖ ਦਰਬਾਰ ਵਿੱਚ ਸਨ, ਉਨ੍ਹਾਂ ਨੇ ਨਵੇਂ ਸਰਪ੍ਰਸਤਾਂ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਪਹਾੜੀ ਰਿਆਸਤਾਂ ਵਿੱਚ ਆਪਣੇ ਪੁਰਾਣੇ ਸਰਪ੍ਰਸਤਾਂ ਕੋਲ ਵਾਪਸ ਚਲੇ ਗਏ। ਕਈ ਚਿੱਤਰਕਾਰ ਬਦਲੇ ਹੋਏ ਹਾਲਾਤਾਂ ਵਿੱਚ ਸ਼ਾਹੀ ਘਰਾਣਿਆਂ ਵੱਲ ਰੁਖ ਕਰ ਗਏ। ਇਨ੍ਹਾਂ ਬਿ੍ਰਟਿਸ਼ ਹੁਕਮਰਾਨਾਂ ਦਾ ਧਰਮ, ਬੋਲੀ, ਸੋਚ ਬਿਲਕੱੁਲ ਵੱਖਰੀ ਹੋਣ ਕਰਕੇ ਉਨ੍ਹਾਂ ਦੀ ਪੰਜਾਬੀ, ਭਾਰਤੀ ਕਲਾ ਪਰੰਪਰਾਵਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ। ਲਿਹਾਜ਼ਾ ਸਿੱਖ ਚਿੱਤਰਕਾਰੀ ਪੂਰੀ ਤਰ੍ਹਾਂ ਪਤਨ ਵੱਲ ਰੁਖ ਕਰ ਗਈ।
19ਵੀਂ ਸਦੀ ਵਿੱਚ ਨਿੱਕ ਚਿੱਤਰਾਂ ਦੀ ਮੰਗ ਥੋੜ੍ਹੀ-ਬਹੁਤ ਬਰਕਰਾਰ ਰਹੀ। ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿੱਚ ਬਣਿਆ ਸ਼ੈਲੀਬੱਧ ਨਿੱਕ ਚਿੱਤਰ ਇਸ ਸੀਰੀਜ਼ ਦਾ ਪਹਿਲੀ ਪਾਤਸ਼ਾਹੀ ਦਾ ਨਿੱਕ ਚਿੱਤਰ (ਮਿਨੀਏਚਰ) ਹੈ। ਉੱਪਰ ਪ੍ਰਕਾਸ਼ਿਤ ਚਿੱਤਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਵੱਡ-ਆਕਾਰੀ ਫੁੱਲਦਾਰ ਤੱਕੀਏ ਨਾਲ ਢੋਅ ਲਗਾਈ ਬੈਠੇ ਹਨ। ਉਹ ਤਲਾਬ ਨੇੜੇ ਇਕ ਫੁੱਲਦਾਰ ਕਾਲੀਨ ਉੱਪਰ ਬੈਠੇ ਹਨ। ਤਪੱਸਿਆ ਕਰਨ ਵਾਲੀ ਬੈਸਾਖੀ ਉਨ੍ਹਾਂ ਦੇ ਕੋਲ ਹੀ ਪਈ ਹੋਈ ਹੈ। ਸੱਜੇ ਹੱਥ ਵਿੱਚ ਸਿਮਰਨਾ ਫੜ੍ਹੀ ਨਾਮ ਸਿਮਰਨ ਕਰ ਰਹੇ ਹਨ। ਗੁਰੂ ਸਾਹਿਬ ਦੇ ਸਾਹਮਣੇ ਕਾਲੀਨ ਤੋਂ ਥੱਲੇ ਬੈਠੇ ਮਰਦਾਨੇ ਦੇ ਹੱਥ ਰਬਾਬ ਦੀਆਂ ਤਾਰਾਂ ’ਤੇ ਹਰਕਤ ਵਿੱਚ ਹਨ ਅਤੇ ਗੁਰੂ ਸਾਹਿਬ ਉਸ ਦੇ ਸੰਗੀਤ ਦਾ ਆਨੰਦ ਮਾਣ ਰਹੇ ਹਨ। ਪਿੱਛੇ ਇਕ ਸੇਵਕ ਬਾਲਾ ਗੁਰੂ ਸਾਹਿਬ ਨੂੰ ਰੁਮਾਲ ਨਾਲ ਹਵਾ ਕਰ ਰਿਹਾ ਹੈ। ਚਿੱਤਰ ਨੂੰ ਇਕ ਵੱਡੇ ਫੁੱਲਾਂ ਵਾਲੇ ਚਮਕਦਾਰ ਬਾਰਡਰ ਨਾਲ ਸਜਾਇਆ ਗਿਆ ਹੈ। ਚਿੱਤਰਾਂ ਦੇ ਸਭ ਤੋਂ ਉੱਪਰ ਗੁਰਮੁਖੀ ਵਿੱਚ ਗੁਰੂ ਸਾਹਿਬ ਦਾ ਨਾਂਅ ਲਿਖਿਆ ਗਿਆ ਹੈ। ਪਿੱਛੇ ਇਮਾਰਤ ’ਤੇ ਕੀਤੀ ਨੱਕਾਸ਼ੀ, ਅੰਬਰ ਅਤੇ ਦਰਖ਼ਤਾਂ ਦੀ ਹਰਿਆਵਲ ਮਨ ਮੋਹਕ ਹੈ। ਰੋਇਲ ਕੁਲੈਕਸ਼ਨ ਦੇ ਕਾਪੀਰਾਈਟ ਦੀ ਇਹ ਪੇਂਟਿੰਗ 1800-1840 ਦੀ ਦੱਸੀ ਜਾਂਦੀ ਹੈ। ਇਹ ਕਿਆਸ ਕੀਤਾ ਜਾਂਦਾ ਹੈ ਕਿ ਇਹ ਚਿੱਤਰ ਕੁਈਨ ਮੈਰੀ ਦੇ ਕੋਲ ਹੋ ਸਕਦਾ ਹੈ।
ਰੋਇਲ ਕੁਲੈਕਸ਼ਨ ਦੇ ਬਾਕੀ ਨੌ ਗੁਰੂ ਸਾਹਿਬਾਨ ਦੇ ਚਿੱਤਰ ਇਕੋ ਸ਼ੈਲੀ ਦੇ ਹਨ। ਹਰੇਕ ਗੁਰੂ ਸਾਹਿਬਾਨ ਦੇ ਅੱਗੇ ਮਰਦਾਨੇ ਦੀ ਤਰ੍ਹਾਂ ਇਕ ਸੰਗੀਤ ਵਾਦਕ ਰਬਾਬ ਵਜਾ ਰਿਹਾ ਹੈ ਅਤੇ ਬਾਲੇ ਦੀ ਤਰ੍ਹਾਂ ਇਕ ਸੇਵਕ ਗੁਰੂ ਸਾਹਿਬ ਦੇ ਪਿੱਛੇ ਚਉਰ ਕਰ ਰਿਹਾ ਹੈ। ਚਿੱਤਰਾਂ ਵਿੱਚ ਪ੍ਰਕਿਰਤਿਕ ਦਿ੍ਰਸ਼ ਅਤੇ ਇਮਾਰਤ ਦੇ ਕੁਝ ਹਿੱਸੇ ਵੀ ਦਿਖਾਈ ਦਿੰਦੇ ਹਨ। 20ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਜਦੋਂ ਹਿੰਦੂ-ਸਿੱਖ-ਮੁਸਲਿਮ ਅੰਗਰੇਜ਼ਾਂ ਦੀ ਮੁਖਾਲਫਤ ਕਰ ਰਹੇ ਸਨ ਤਾਂ ਉਸ ਵੇਲੇ ਆਰੀਆ ਸਮਾਜ, ਸਿੰਘ ਸਭਾ ਲਹਿਰ, ਮੁਸਲਿਮ ਲੀਗ ਪੈਦਾ ਹੋਈਆਂ। ਇਹਨਾਂ ਲਹਿਰਾਂ ਦੇ ਉਦਗਮ ਤੇ ਕੱਟੜਤਾਈ ਨੇ ਆਪਸੀ ਸਬੰਧਾਂ ਵਿੱਚ ਕੁੜੱਤਣ ਪੈਦਾ ਕੀਤੀ, ਜਿਸ ਦਾ ਅਸਰ ਕੰਧ ਚਿੱਤਰਕਲਾ ਉੱਤੇ ਵੀ ਪਿਆ।
ਇਸੇ ਅਸਰ ਹੇਠ ਕੁਝ ਕੁ ਗੁਰਦੁਆਰਿਆਂ ਵਿੱਚੋਂ ਹਿੰਦੂ ਮਹਾਂਕਾਵਿਕ ਥੀਮ, ਉਨ੍ਹਾਂ ਦੇ ਇਸ਼ਟ ਦੇ ਕੰਧ ਚਿੱਤਰ ਖ਼ਤਮ ਕਰ ਦਿੱਤੇ ਗਏ। ਇਸੇ ਤਰ੍ਹਾਂ ਕੁਝ ਕੁ ਠਾਕੁਰ ਦੁਆਰਿਆਂ ਅਤੇ ਮੰਦਰਾਂ ਵਿੱਚ ਵੀ ਅਜਿਹਾ ਹੋਇਆ ਪਰ ਇਸ ਸਭ ਦੇ ਬਾਵਜੂਦ ਹਿੰਦੂ-ਸਿੱਖ ਇਕੱਠੇ ਰਹੇ ਅਤੇ ਅੰਗਰੇਜ਼ਾਂ ਖ਼ਿਲਾਫ ਲੜਦੇ ਰਹੇ। ਲਿਹਾਜ਼ਾ ਕਾਫੀ ਹਿੰਦੂ ਧਾਰਮਿਕ ਸਥਾਨਾਂ, ਮੱਠਾਂ, ਅਖਾੜਿਆਂ ਵਿੱਚ ਗੁਰੂ ਸਾਹਿਬਾਨ ਦੇ ਕੰਧ ਚਿੱਤਰ ਅੱਜ ਵੀ ਸੁਰੱਖਿਅਤ ਦੇਖੇ ਜਾ ਸਕਦੇ ਹਨ।
ਆਭਾਰ : https://www.punjabijagran.com/lifestyle/sahit-and-sabhyachar-sikh-art-flourished-in-punjab-in-the-19th-century-9238495.html
test