ਗੁੜਗਾਉਂ ਤੇ ਪਟੌਦੀ ’ਚ ਸਿੱਖ ਕਤਲੇਆਮ ਸਬੰਧੀ High Court ’ਚ ਅਗਲੀ ਸੁਣਵਾਈ 5 ਅਗਸਤ ਨੂੰ
12 ਮਈ, 2025 – ਨਿਹਾਲ ਸਿੰਘ ਵਾਲਾ : ਹਰਿਆਣੇ ਦੇ ਸ਼ਹਿਰ ਗੁੜਗਾਉਂ (ਗੁਰੂਗ੍ਰਾਮ) ਤੇ ਪਟੌਦੀ ਵਿਖੇ ਵਹਿਸ਼ੀਆਨਾ ਭੀੜ ਵੱਲੋਂ 297 ਘਰਾਂ ਨੂੰ ਅੱਗ ਲਗਾ ਕੇ ਸਾੜਨ ਤੇ 47 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਅਗਲੀ ਸੁਣਵਾਈ 5 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਖੇ ਹੋਵੇਗੀ।
ਗ਼ੌਰਤਲਬ ਹੈ ਕਿ ਹੋਂਦ ਚਿੱਲੜ ਵਿਚ 32 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ-ਨਾਲ ਹੁਣ ਗੁੜਗਾਉਂ ਅਤੇ ਪਟੌਦੀ ‘ਚ ਹੋਏ 47 ਸਿੱਖਾਂ ਦੇ ਕਤਲੇਆਮ ਤੇ ਹੋਰ ਪੀੜਤਾਂ ਦੇ ਮਾਮਲਿਆਂ ਵਿਚ ਨਿਆਂ ਤੇ ਇਨਸਾਫ਼ ਦਿਵਾਉਣ ਲਈ ਵੀ ਕਾਨੂੰਨੀ ਚਾਰਾਜੋਈ ਜਾਰੀ ਹੈ।
ਇਸ ਚਾਰਾਜੋਈ ਦੀ ਅਗਵਾਈ ਕਰ ਰਹੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਰਿੱਟ ਨੰਬਰ 10904 ਰਾਹੀਂ ਮੌਕੇ ਦੇ ਗਵਾਹ ਤੇ ਪੀੜਤ ਸੰਤੋਖ ਸਿੰਘ ਸਾਹਨੀ ਅਤੇ ਹਾਈ ਕੋਰਟ ਦੇ ਸੀਨੀਅਰ ਵਕੀਲ ਗਗਨਦੀਪ ਸਿੰਘ ਬੱਲ ਰਾਹੀਂ ਕੋਰਟ ਵਿਚ 133 ਪਟੀਸ਼ਨਾਂ ਲਾਈਆਂ ਗਈਆਂ ਸਨ।
ਹਾਈ ਕੋਰਟ ਦੇ ਹੁਕਮਾਂ ‘ਤੇ 9 ਸਰਕਾਰੀ ਧਿਰਾਂ ਨੂੰ ਇਸ ਕੇਸ ਸਬੰਧੀ ਕਾਰਨ ਦੱਸੇ ਨੋਟਿਸ ਜਾਰੀ ਕੀਤੇ ਗਏ ਸਨ। ਹਾਈ ਕੋਰਟ ਦੇ ਜਸਟਿਸ ਕੁਲਦੀਪ ਤਿਵਾੜੀ ਨੇ ਦੋ ਸਰਕਾਰੀ ਧਿਰਾਂ ਵੱਲੋਂ ਲੰਬੇ ਸਮੇਂ ਤੋਂ ਜਾਣਬੁੱਝ ਕਿ ਨੋਟਿਸ ਦਾ ਜਵਾਬ ਨਾ ਦੇਣ ’ਤੇ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਧਿਰਾਂ ਨੂੰ ਦਸ-ਦਸ ਹਜ਼ਾਰ ਰੁਪਏ ਜੁਰਮਾਨੇ ਕੀਤੇ ਅਤੇ ਅਗਲੀ 5 ਅਗਸਤ ਨੂੰ ਪੇਸ਼ੀ ’ਤੇ ਜਵਾਬ ਦੇਣ ਦਾ ਹੁਕਮ ਦਿੱਤਾ ਹੈ।
ਭਾਈ ਘੋਲੀਆ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਤੋਂ ਬਾਅਦ ਪੀੜਤ ਪਰਿਵਾਰਾਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਅਤੇ ਲੋਕਤੰਤਰ ਦੀ ਨਿਆਂ ਪ੍ਰਣਾਲੀ ’ਤੇ ਆਸ ਬੱਝੀ ਹੈ।
ਇਸ ਮੌਕੇ ਉਨ੍ਹਾਂ ਨਾਲ ਪੀੜਤ ਗੁਰਜੀਤ ਸਿੰਘ ਪਟੌਦੀ, ਕਰਨੈਲ ਸਿੰਘ ਕੁਰੂਕਸ਼ੇਤਰ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਗੁਰਦਿਆਲ ਸਿੰਘ ਅੰਮ੍ਰਿਤਸਰ ਆਦਿ ਵੀ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ
test